
– ਦਿੱਗਜ ਸਿਆਸੀ ਆਗੂਆਂ ਦਾ ਗੜ ਰਿਹਾ ਸੰਗਰੂਰ : ਬਰਨਾਲਾ
(ਸਤਪਾਲ ਖਡਿਆਲ) ਦਿੜਬਾ ਮੰਡੀ। ਲੋਕ ਸਭਾ ਸੰਗਰੂਰ ਦੀ ਜਿਮਨੀ ਚੋਣ ਨੇ ਮਾਲਵਾ ਦੀ ਰਾਜਨੀਤੀ ਵਿੱਚ ਕਈ ਨਵੇਂ ਦਿਸਹੱਦੇ ਰਚੇ ਹਨ। ਸੰਗਰੂਰ ਲੋਕ ਸਭਾ ਸੀਟ ਤੇ ਹਰ ਦਹਾਕੇ ਬਾਅਦ ਬਦਲਾਅ ਦੇਖਣ ਨੂੰ ਮਿਲਿਆ ਹੈ। ਆਜਾਦੀ ਘੁਲਾਟੀਏ ਕਾਮਰੇਡ ਤੇਜਾ ਸਿੰਘ ਸੁਤੰਤਰ ਤੋਂ ਲੈ ਸ੍ਰ ਭਗਵੰਤ ਸਿੰਘ ਮਾਨ ਤੱਕ ਦੇ ਦੌਰ ਦੌਰਾਨ ਸੰਗਰੂਰ ਨੇ ਦਰਜਨਾਂ ਚੋਟੀ ਦੇ ਦਿੱਗਜ ਰਾਜਨੀਤਿਕ ਆਗੂ ਦੇਸ਼ ਦੀ ਰਾਜਨੀਤੀ ਨੂੰ ਦਿੱਤੇ ਹਨ। ਪਿਛਲੇ ਪੰਜ ਦਹਾਕਿਆਂ ਦੌਰਾਨ ਇੱਥੇ ਮੁੱਖ ਮੁਕਾਬਲਾ ਦਿੱਲੀ ਬਨਾਮ ਪੰਜਾਬ ਦਾ ਰਿਹਾ ਹੈ। ਅਕਾਲੀ ਦਲ ਪੰਜਾਬੀ ਖਿੱਤੇ ਦੀ ਰਾਜਨੀਤਿਕ ਜਮਾਤ ਹੈ ਜਦਕਿ ਕਾਂਗਰਸ, ਆਪ ਨੂੰ ਦਿੱਲੀ ਦੀ ਸਰਪ੍ਰਸਤੀ ਹੈ। ਸੰਗਰੂਰ ਦੇ ਲੋਕ ਬਾਕੀ ਪੰਜਾਬ ਨਾਲੋਂ ਰਾਜਨੀਤਿਕ ਤੌਰ ਤੇ ਕਾਫੀ ਅਗਾਂਹਵਧੂ ਹਨ । ਉਨਾਂ ਦੇ ਫੈਸਲੇ ਸਭ ਤੋਂ ਅਲੱਗ ਹਨ । 2014 ਵਿੱਚ ਸੰਗਰੂਰ ਦੇ ਵੋਟਰਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰ ਭਗਵੰਤ ਸਿੰਘ ਮਾਨ ਨੂੰ ਲੋਕ ਸਭਾ ਭੇਜ ਕੇ ਸੂਬੇ ਦੀ ਸਿਆਸਤ ਵਿੱਚ ਨਵੀਂ ਚਰਚਾ ਛੇੜੀ ।ਜਿਸ ਨਾਲ ਸੰਗਰੂਰ ਆਪ ਦੀ ਰਾਜਧਾਨੀ ਬਣ ਗਿਆ ਹੈ ।ਆਜਾਦੀ ਘੁਲਾਟੀਏ ਬਾਬਾ ਹੀਰਾ ਸਿੰਘ ਭੱਠਲ, ਸ੍ਰੋਮਣੀ ਅਕਾਲੀ ਦਲ ਦੇ ਤਤਕਾਲੀ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਦੀਆਂ ਗਤੀਵਿਧੀਆਂ ਦਾ ਮੁੱਖ ਕੇਂਦਰ ਸੰਗਰੂਰ ਰਿਹਾ ਹੈ ।ਜਿੰਨਾਂ ਦੀ ਅਗਵਾਈ ਵਿੱਚ ਸਵ. ਸ੍ਰ ਸੁਰਜੀਤ ਸਿੰਘ ਬਰਨਾਲਾ ਪੰਜਾਬ ਦੇ ਮੁੱਖ ਮੰਤਰੀ ਬਣੇ ਜੋ ਬਾਅਦ ਵਿੱਚ ਪਾਰਲੀਮੈਂਟ ਮੈਂਬਰ ਤੇ ਕੇਂਦਰੀ ਮੰਤਰੀ ਵੀ ਰਹੇ ।ਸ੍ਰੋਮਣੀ ਅਕਾਲੀ ਦਲ ( ਬਾਦਲ) ਦੇ ਪ੍ਰਧਾਨ ਸ੍ਰ ਪ੍ਰਕਾਸ਼ ਸਿੰਘ ਬਾਦਲ ਦੇ ਨਜਦੀਕੀ ਸਾਥੀ ਸ੍ਰ ਸੁਖਦੇਵ ਸਿੰਘ ਢੀਂਡਸਾ ਵੀ ਸੰਗਰੂਰ ਦੀ ਰਾਜਨੀਤੀ ਤੇ ਪ੍ਰਭਾਵੀ ਆਗੂ ਹਨ। ਜੋ 2004 ਵਿੱਚ ਮੈਂਬਰ ਪਾਰਲੀਮੈਂਟ ਰਹੇ ਹਨ।ਕਾਂਗਰਸੀ ਨੇਤਾ ਬੀਬੀ ਰਾਜਿੰਦਰ ਕੌਰ ਭੱਠਲ ਸਾਬਕਾ ਮੁੱਖ ਮੰਤਰੀ ਪੰਜਾਬ ਦੀ ਸਿਆਸਤ ਦਾ ਧੁਰਾ ਵੀ ਲਹਿਰਾਗਾਗਾ (ਸੰਗਰੂਰ ) ਹੀ ਰਿਹਾ ਹੈ। ਕਾਂਗਰਸੀ ਨੇਤਾ ਵਿਜੈਇੰਦਰ ਸਿੰਗਲਾ ਵੀ 2009 ਵਿੱਚ ਸੰਗਰੂਰ ਤੋਂ ਹੀ ਮੈਂਬਰ ਪਾਰਲੀਮੈਂਟ ਬਣੇ ਹਨ। ਅੱਜ ਸਿਆਸਤ ਦੇ ਇਸ ਕਿਲੇ ਚਿਤੌੜ ਤੇ ਸਿੱਖ ਕੌਮ ਦੇ ਆਗੂ ਸਿਮਰਨਜੀਤ ਸਿੰਘ ਮਾਨ ਨੇ ਆਪਣਾ ਝੰਡਾ ਲਹਿਰਾਅ ਦਿੱਤਾ ਹੈ। ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੂੰ 1999 ਚ ਚੋਣ ਹਰਾਉਣ ਵਾਲੇ ਸ੍ਰ ਮਾਨ ਨੇ ਹੁਣ ਮੌਜੂਦਾ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਸੀਟ ਤੇ ਕਬਜਾ ਕੀਤਾ ਹੈ ।ਸੰਗਰੂਰ ਨੇ ਹਮੇਸ਼ਾ ਸੂਬੇ ਦੀ ਰਾਜਨੀਤੀ ਦੇ ਸਮੀਕਰਣ ਬਦਲੇ ਹਨ। 2014 ਵਿੱਚ ਭਗਵੰਤ ਸਿੰਘ ਮਾਨ ਨੂੰ ਸੰਗਰੂਰ ਦੇ ਲੋਕਾਂ ਨੇ ਆਪਣੀ ਸਿਆਸੀ ਕਮਾਂਡ ਸੌਂਪੀ ।ਅੱਜ ਪੰਜਾਬ ਦੀ ਸਿਆਸਤ ਦਾ ਮੁੱਖ ਧੁਰਾ ਸੰਗਰੂਰ ਹੈ ।ਪਰ ਆਹ ਕਿਹੜੀ ਨਰਾਜਗੀ ਹੈ ਕਿ ਸੰਗਰੂਰ-ਬਰਨਾਲਾ ਵਾਸੀਆ ਨੇ 9 ਵਿਧਾਇਕਾ ਵਾਲੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਨੂੰ ਥੋੜੇ ਫਰਕ ਨਾਲ ਹਰਾ ਦਿੱਤਾ ਹੈ ।ਜਿਸ ਤੋਂ ਲੱਗਦਾ ਹੈ ਕਿ ਸੰਗਰੂਰ-ਬਰਨਾਲਾ ਨੂੰ ਹੁਣ ਆਪ ਸਰਕਾਰ ਵੀ ਫਿੱਟ ਬੈਠਦੀ ਨਜਰ ਨਹੀਂ ਆ ਰਹੀ।
ਸ੍ਰੋਮਣੀ ਅਕਾਲੀ ਦਲ ( ਬਾਦਲ) ਨਾਲੋਂ ਗਠਜੋੜ ਟੁੱਟਣ ਤੋਂ ਬਾਅਦ ਪਹਿਲੀ ਵਾਰ ਮਾਲਵਾ ਵਿੱਚ ਆਪਣਾ ਕਮਲ ਖਿੜਾਉਣ ਦੇ ਇਰਾਦੇ ਨਾਲ ਉਤਰੀ ਭਾਜਪਾ ਨੂੰ ਵੀ ਕਿਸਾਨੀ ਸੰਘਰਸ਼ ਦੇ ਸਤਾਏ ਲੋਕਾਂ ਨੇ ਨਕਾਰ ਦਿੱਤਾ ਹੈ। ਭਾਜਪਾ ਨੇ ਅੱਧੀ ਦਰਜਨ ਕਾਂਗਰਸੀ ਦੀ ਸਮੂਲੀਅਤ ਦੌਰਾਨ ਬਰਨਾਲਾ ਵਾਸੀ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੂੰ ਉਮੀਦਵਾਰ ਬਣਾਇਆ ਸੀ। ਪਰ ਬਾਗੀ ਤਬੀਅਤ ਵਾਲੇ ਸੰਗਰੂਰ ਵਾਸੀਆਂ ਨੂੰ ਕੇਂਦਰ ਦਾ ਉਮੀਦਵਾਰ ਤੇ ਨੀਤੀਆਂ ਹਾਲੇ ਭਾਉਂਦੀਆ ਹਨ। ਬਾਦਲ ਨਾਲੋਂ ਅਲੱਗ ਹੋਏ ਸ੍ਰ ਸੁਖਦੇਵ ਸਿੰਘ ਢੀਂਡਸਾ ,ਦਲ ਬਦਲੂ ਕਾਂਗਰਸੀਆਂ,ਮਾਲਵੇ ਚ ਵੱਡੇ ਵੋਟ ਬੈਂਕ ਦਾ ਦਾਅਵਾ ਕਰਨ ਵਾਲੇ ਡੇਰਾਦਾਰਾਂ ਦੀ ਵੋਟ ਵੀ ਭਾਜਪਾ ਦੀ ਜਮਾਨ ਨਹੀਂ ਬਚਾ ਸਕੀ ।
ਲੰਮਾ ਸਮਾਂ ਸੰਗਰੂਰ ਬਰਨਾਲਾ ਦੀ ਰਾਜਨੀਤੀ ਤੇ ਪ੍ਰਭਾਵੀ ਰਹੇ ਸ੍ਰੋਮਣੀ ਅਕਾਲੀ ਦਲ ( ਬਾਦਲ ) ਨੇ ਆਪਣਾ ਵੱਕਾਰ ਬਚਾਉਣ ਲਈ ਬੰਦੀ ਸਿੱਖ ਪਰਿਵਾਰ ਦੀ ਧੀ ਬੀਬੀ ਕਮਲਦੀਪ ਕੌਰ ਰਾਜੋਆਣਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ ।ਪਿਛਲੀ ਵਿਧਾਨ ਸਭਾ ਚੋਣ ਸਮੇਂ ਦਲਿਤ ਵੋਟ ਨੂੰ ਕੈਚ ਕਰਨ ਲਈ ਬਸਪਾ ਨਾਲ ਗਠਜੋੜ ਵੀ ਕੀਤਾ ।ਅਕਾਲੀ ਦਲ ਨੂੰ ਢੀਂਡਸਾ ਦੀ ਗੈਰ ਮੌਜੂਦਗੀ ਅਤੇ ਜਿਲੇ ਵਿੱਚ ਕਮਜੋਰ ਲੀਡਰਸ਼ਿਪ ਕਾਰਨ ਕੋਈ ਫਾਇਦਾ ਨਹੀਂ ਹੋਇਆ ।ਕਿਸੇ ਸਮੇਂ ਇਸ ਖਿੱਤੇ ਦੀ ਮਜਬੂਤ ਧਿਰ ਅੱਜ 40 ਹਜਾਰ ਦੇ ਕਰੀਬ ਵੋਟਾਂ ਤੇ ਸਿਮਟ ਗਈ ।
ਕਿਸੇ ਸਮੇਂ ਕਮਿਊਨਿਸਟ ਰਾਜਨੀਤੀ ਦਾ ਗੜ ਰਿਹਾ ਸੰਗਰੂਰ ਪਿਛਲੇ ਤਿੰਨ ਦਹਾਕਿਆਂ ਤੋਂ ਅਕਾਲੀ, ਕਾਂਗਰਸ, ਆਪ ਦੇ ਰੰਗ ਚ ਰੰਗਿਆਂ ਹੋਇਆ ਹੈ । ਜਿਸ ਨਾਲ ਹੁਣ ਇੱਥੇ ਖੱਬੇਪੱਖੀਆਂ ਦਾ ਕੋਈ ਬਹੁਤ ਪ੍ਰਭਾਵ ਨਹੀਂ ਹੈ। ਕਾਂਗਰਸ ਨੇ ਸੰਗਰੂਰ ਬਰਨਾਲਾ ਦੀ ਰਾਜਨੀਤੀ ਵਿੱਚ ਚੰਗੀ ਚੌਧਰ ਖੱਟੀ ਹੈ ।ਪਿਛਲੀ ਕੈਪਟਨ ਸਰਕਾਰ ਦੀ ਨੀਰਸ ਕਾਰਗੁਜਾਰੀ ਕਾਰਨ ਲੋਕ ਮਨਾਂ ਤੋਂ ਉੱਤਰੀ ਕਾਂਗਰਸ ਲਈ ਫਿਲਹਾਲ ਵਾਪਸੀ ਔਖੀ ਜਾਪਦੀ ਹੈ।ਦਲਵੀਰ ਸਿੰਘ ਗੋਲਡੀ ਨੇ ਮੁਕਾਬਲੇ ਚ ਬਣੇ ਰਹਿਣ ਲਈ ਖੂਬ ਜੋਰ ਲਾਇਆ ਜੋ ਤੀਜੇ ਸਥਾਨ ਤੇ ਪਹੁੰਚ ਕੇ ਵੀ ਆਪਣੀ ਜਮਾਨਤ ਨਹੀਂ ਬਚਾ ਸਕਿਆ । ਅੱਧੀ ਕਾਂਗਰਸ ਬੀਜੇਪੀ ਵਿੱਚ ਜਾਣ ਕਾਰਨ ਪਾਰਟੀ ਦਾ ਸਥਾਨਕ ਕੇਡਰ ਕਮਜੋਰ ਜਰੂਰ ਹੋਇਆ।ਜਿਸ ਦੀ ਭਰਪਾਈ ਨੂੰ ਸਮਾਂ ਲੱਗਣਾ ਹੈ।
ਸਿਮਰਨਜੀਤ ਸਿੰਘ ਮਾਨ ਦੀ ਜਿੱਤ ਪੰਜਾਬੀਆਂ ਦੀ ਪੰਜਾਬ ਪ੍ਰਤੀ ਨਿੱਗਰ ਸੋਚ ਦਾ ਨਤੀਜਾ ਹੈ ।ਬੇਸਿੱੱਕ ਸ੍ਰ ਮਾਨ ਆਪਣੀ ਸੋਚ ਮੁਤਾਬਿਕ ਦਿ੍ਰੜਤਾ ਨਾਲ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਦੀ ਸੋਚ ਤੇ ਪਹਿਰਾ ਦਿੰਦੇ ਰਹੇ ਹਨ।ਜਿਸ ਨੂੰ ਨਰਮ ਦਲੀ ਪਸ਼ੰਦ ਨਹੀਂ ਕਰਦੇ।ਪਰ ਨਾਲ ਹੀ ਉਹ ਦੇਸ਼ ਅੰਦਰ ਘੱਟ ਗਿਣਤੀਆਂ ਨੂੰ ਕੁਚਲਣ ਵਾਲੀਆਂ ਤਾਕਤਾਂ ਨੂੰ ਵੀ ਵੰਗਾਰਦੇ ਰਹਿੰਦੇ ਹਨ।ਸਿੱਖ ਵੋਟਰ ਦੇ ਨਾਲ ਨਾਲ ਉਹਨਾਂ ਮੁਸਲਿਮ ਵੋਟ ਤੇ ਵੀ ਪਕੜ ਰੱਖੀ ਹੈ ।ਉਹ ਦੂਜੀ ਵਾਰ ਸੰਗਰੂਰ ਲੋਕ ਸਭਾ ਤੋਂ ਮੈਂਬਰ ਚੁਣੇ ਗਏ ਹਨ ।ਅੱਜ ਪੰਜਾਬ ਦੀ ਖੇਡ,ਸਭਿਆਚਾਰ,ਬੋਲੀ ਤੇ ਹੋ ਰਹੇ ਹਮਲਿਆਂ ਦੇ ਵਿਰੋਧ ਵਿੱਚ ਸੰਗਰੂਰ ਨੇ ਉਹਨਾਂ ਨੂੰ ਚੁਣਿਆ ਹੈ ।ਨੌਜਵਾਨਾ ਦੀ ਸੋਚ ਤੇ ਸਵ ਦੀਪ ਸਿੱਧੂ,ਗਾਇਕ ਸਿੱਧੂ ਮੂਸੇਵਾਲਾ ਦਾ ਬਹੁਤ ਪ੍ਰਭਾਵ ਹੈ । ਜਿਸ ਕਾਰਨ ਲੋਕ ਸ੍ਰ ਮਾਨ ਵੱਲ ਖਿੱਚੇ ਜਾ ਰਹੇ ਹਨ । ਮੌਜੂਦਾ ਸਰਕਾਰ ਦੇ ਉਮੀਦਵਾਰ ਦੀ ਕਸਮਕਸ ਮੁਕਾਬਲੇ ਚ ਹਾਰ ਨੇ ਅਗਲੀਆਂ ਚੋਣਾ ਲਈ ਵੱਡੀਆਂ ਰਾਜਨੀਤਿਕ ਚਣੌਤੀਆਂ ਪੇਸ਼ ਕੀਤੀਆਂ ਹਨ ।
43
*****************