
ਰਵਾਇਤੀ ਪਾਰਟੀਆਂ ਨੇ ਪੰਜਾਬ ਨੂੰ ਕੱਖੋਂ ਹੌਲਾ ਕੀਤਾ – ਸ. ਸਤਵੰਤ ਸਿੰਘ ਪੂਨੀਆ
ਸੰਗਰੂਰ, (ਜਗਸੀਰ ਲੌਂਗੋਵਾਲ ) : ਲੋਕ ਸਭਾ ਸੰਗਰੂਰ ਦੀ ਜ਼ਿਮਨੀ ਚੋਣ ਲਈ ਭਾਜਪਾ ਦੇ ਉਮੀਦਵਾਰ ਸ੍ਰ ਕੇਵਲ ਸਿੰਘ ਢਿੱਲੋਂ ਦੇ ਸਮਰਥਨ ਵਿੱਚ ਪਿੰਡ ਅਕੋਈ ਸਾਹਿਬ ਵਿਖੇ ਚੋਣ ਪ੍ਰਚਾਰ ਕੀਤਾ ਗਿਆ। ਸੀਨੀਅਰ ਭਾਜਪਾ ਆਗੂ ਸ. ਸਤਵੰਤ ਸਿੰਘ ਪੂਨੀਆ ਦੀ ਅਗਵਾਈ ਵਿੱਚ ਭਾਜਪਾ ਆਗੂਆਂ ਨੇ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ ਅਤੇ ਪਿੰਡ ਵਾਸੀਆਂ ਨੂੰ ਸ. ਢਿੱਲੋਂ ਦੇ ਹੱਕ ਵਿੱਚ ਮਤਦਾਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸੁਰੇਸ਼ ਬੇਦੀ, ਸੁਰਿੰਦਰ ਸ਼ਰਮਾ, ਨਰਿੰਦਰ ਗੁਪਤਾ, ਸਤਪਾਲ ਸਿੰਘ ਅਕੋਈ, ਮੈਡਮ ਸਰਲਾ ਆਦਿ ਵੀ ਚੋਣ ਪ੍ਰਚਾਰ ਦੌਰਾਨ ਮੌਜੂਦ ਸਨ। ਸੀਨੀਅਰ ਭਾਜਪਾ ਆਗੂ ਸਤਵੰਤ ਸਿੰਘ ਪੂਨੀਆ ਨੇ ਭਾਜਪਾ ਉਮੀਦਵਾਰ ਢਿੱਲੋਂ ਦੇ ਹੱਕ ਵਿੱਚ ਮਤਦਾਨ ਕਰਨ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਹੋਰਨਾਂ ਪਾਰਟੀਆਂ ਦੇ ਉਮੀਦਵਾਰ ਨੂੰ ਵੋਟ ਪਾਉਣ ਦਾ ਮਤਲਬ ਹੋਵੇਗਾ ਕਿ ਹਲਕਾ ਨਿਵਾਸੀ ਖ਼ੁਦ ਆਪਣੇ ਅਤੇ ਆਪਣੇ ਬੱਚਿਆਂ ਦੇ ਭਵਿੱਖ ਲਈ ਜਾਗਰੂਕ ਨਹੀਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਇਨ੍ਹਾਂ ਰਵਾਇਤੀ ਪਾਰਟੀਆਂ ਨੇ ਪੰਜਾਬ ਨੂੰ ਕੱਖੋਂ ਹੌਲਾ ਕਰਕੇ ਰੱਖ ਦਿੱਤਾ ਹੈ। ਬਾਕੀ ਰਹਿੰਦੀ- ਕਸਰ ਆਮ ਆਦਮੀ ਪਾਰਟੀ ਨੇ ਪੂਰੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹੋਰਨਾਂ ਪਾਰਟੀਆਂ ਦਾ ਟੀਚਾ ਸਿਰਫ਼ ਤੇ ਸਿਰਫ਼ ਸੱਤਾ ਤੇ ਕਾਬਜ਼ ਹੋਣਾ ਹੈ। ਨਾ ਉਨ੍ਹਾਂ ਕੋਲ ਕੋਈ ਵਿਜ਼ਨ ਹੈ ਅਤੇ ਨਾ ਹੀ ਦੇਸ਼ ਤੇ ਸੂਬੇ ਦੀ ਭਲਾਈ ਦੀ ਇੱਛਾ ਹੈ। ਇਨ੍ਹਾਂ ਪਾਰਟੀਆਂ ਦਾ ਮਕਸਦ ਸਿਰਫ਼ ਆਪਣੀਆਂ ਅਤੇ ਆਪਣੇ ਚਹੇਤਿਆਂ ਦੀਆਂ ਤਿਜੌਰੀਆਂ ਭਰਨਾ ਹੀ ਹੈ। ਦੂਜੇ ਪਾਸੇ ਭਾਜਪਾ ਇੱਕ ਅਜਿਹੀ ਪਾਰਟੀ ਹੈ ਜੋ ‘ਸਭ ਦਾ ਸਾਥ, ਸਭ ਦਾ ਵਿਕਾਸ’ ਵਿੱਚ ਭਰੋਸਾ ਰੱਖਦੀ ਹੈ। ਭਾਜਪਾ ਚਾਹੁੰਦੀ ਹੈ ਕਿ ਸਾਰੇ ਸੂਬਿਆਂ ਸਮੇਤ ਸਾਰੇ ਦੇਸ਼ ਅਤੇ ਦੇਸ਼ਵਾਸੀਆਂ ਦਾ ਵਿਕਾਸ ਹੋਵੇ। ਸਾਡਾ ਦੇਸ਼ ਖੁਸ਼ਹਾਲ ਹੋਵੇ। ਭਾਜਪਾ ਅਤੇ ਪ੍ਰਧਾਨਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਦੇਸ਼ ਵਾਸੀਆਂ ਦੇ ਹਿੱਤ ਵਿਚ ਬਣਾਈਆਂ ਗਈਆਂ ਨੀਤੀਆਂ ਦਾ ਲਾਭ ਕਰੋੜਾਂ ਲੋਕਾਂ ਨੂੰ ਮਿਲ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਹੈ ਕਿ ਦੇਸ਼ ਨੂੰ ਵਿਸ਼ਵ ਗੁਰੂ ਬਣਾਉਣਾ ਹੈ। ਸ਼੍ਰੀ ਮੋਦੀ ਆਪਣੇ ਇਸ ਟੀਚੇ ਨੂੰ ਪੂਰਾ ਕਰਨ ਲਈ ਲੱਗੇ ਹੋਏ ਹਨ। ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਦੇਸ਼ ਦੀ ਤਰੱਕੀ ਵਿੱਚ ਆਪਣਾ ਬਣਦਾ ਸਹਿਯੋਗ ਜਰੂਰ ਦੇਈਏ। ਸ. ਪੂਨੀਆ ਨੇ ਕਿਹਾ ਕਿ ਇਹ ਹਲਕੇ ਦੇ ਵੋਟਰਾਂ ਤੇ ਨਿਰਭਰ ਕਰਦਾ ਹੈ ਕਿ ਜੇਕਰ ਉਹ ਹਲਕੇ ਨੂੰ ਤਰੱਕੀ ਤੇ ਖੁਸ਼ਹਾਲੀ ਵੱਲ ਲੈ ਜਾਣਾ ਚਾਹੁੰਦੇ ਹਨ ਤਾਂ ਭਾਜਪਾ ਉਮੀਦਵਾਰ ਸ. ਕੇਵਲ ਸਿੰਘ ਢਿੱਲੋਂ ਨੂੰ ਸ਼ਾਨਦਾਰ ਜਿੱਤ ਦਿਵਾਉਣ। ਤਾਂ ਕਿ ਸ਼੍ਰੀ ਮੋਦੀ ਦਾ ਸਾਡੇ ਦੇਸ਼ ਨੂੰ ਵਿਸ਼ਵ ਗੁਰੂ ਬਣਾਉਣ ਦਾ ਸੁਪਨਾ ਪੂਰਾ ਹੋ ਸਕੇ ਅਤੇ ਦੁਨੀਆਂ ਦੇ ਸਾਰੇ ਦੇਸ਼ਾਂ ਵਿੱਚ ਭਾਰਤ ਵਾਸੀਆਂ ਨੂੰ ਸਨਮਾਨ ਦੀ ਨਜ਼ਰ ਨਾਲ ਦੇਖਿਆ ਜਾਵੇ। ਉਨ੍ਹਾਂ ਕਿਹਾ ਕਿ ਭਾਵੇਂ ਇਸ ਇੱਕ ਸੀਟ ਨਾਲ ਦੇਸ਼ ਦੀ ਰਾਜਨੀਤੀ ਤੇ ਕੋਈ ਫ਼ਰਕ ਨਹੀਂ ਪੈਣਾ, ਪਰ ਦੇਸ਼ ਅਤੇ ਦੇਸ਼ਵਾਸੀਆਂ ਦੀ ਤਰੱਕੀ ਲਈ ਦਿਨ-ਰਾਤ ਕੰਮ ਕਰ ਰਹੀ ਭਾਜਪਾ ਅਤੇ ਪ੍ਰਧਾਨਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਹੌਂਸਲਾ ਅਫ਼ਜ਼ਾਈ ਜ਼ਰੂਰ ਹੋਵੇਗੀ ਅਤੇ ਉਹ ਕਈ ਗੁਣਾਂ ਵੱਧ ਉਤਸ਼ਾਹ ਨਾਲ ਕੰਮ ਕਰ ਸਕਣਗੇ।