
ਫਗਵਾੜਾ (ਸ਼ਿਵ ਕੋੜਾ) : ਜੈ ਭੀਮ ਕਾਰਪੋਰੇਸ਼ਨ ਇੰਪਲਾਈਜ ਯੂਨੀਅਨ ਪੰਜਾਬ ਦਾ ਇਕ ਵਫਦ ਅੱਜ ਆਮ ਆਦਮੀ ਪਾਰਟੀ ਹਲਕਾ ਵਿਧਾਨਸਭਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਨੂੰ ਮਿਲਿਆ ਅਤੇ ਇਕ ਮੰਗ ਪੱਤਰ ਦਿੱਤਾ। ਜਿਸ ਵਿਚ ਪੰਜਾਬ ਸਰਕਾਰ ਦੇ ਡਾਇਰੈਕਟਰ ਸਥਾਨਕ ਸਰਕਾਰ ਵਿਭਾਗ ਪੰਜਾਬ, ਚੰਡੀਗੜ੍ਹ ਵਲੋਂ ਜਾਰੀ ਪੱਤਰ ਨੰ. ਸ2-ਮਸਸ-ਡਸਸ-2021/ਮਿਤੀ 17.08.21 ਰਾਹੀਂ ਓ ਐਂਡ ਐਮ ਦਾ ਕੰਮ ਨਗਰ ਨਿਗਮ ਵਿਚ ਵਾਪਸ ਲੈਣ ਦੇ ਹੁਕਮਾ ਨੂੰ ਸੂਬੇ ਦੀ ਭਗਵੰਤ ਮਾਨ ਸਰਕਾਰ ਵਲੋਂ ਲਾਗੂ ਕਰਵਾਉਣ ਦੀ ਮੰਗ ਕੀਤੀ ਗਈ। ਯੂਨੀਅਨ ਦੇ ਚੇਅਰਮੈਨ ਤੁਲਸੀ ਰਾਮ ਖੋਸਲਾ, ਪ੍ਰਧਾਨ ਰੋਕੀ ਘਈ ਤੋਂ ਇਲਾਵਾ ਉਪ ਪ੍ਰਧਾਨ ਰਮੇਸ਼ ਲਾਲ, ਸੰਦੀਪ ਕੁਮਾਰ ਤੇ ਜਨਰਲ ਸਕੱਤਰ ਵਰਿੰਦਰ ਕੁਮਾਰ ਤੇ ਪਵਨ ਕੁਮਾਰ ਨੇ ਦੱਸਿਆ ਕਿ ਕਾਰਪੋਰੇਸ਼ਨ ਦੇ ਸਮੂਹ ਮੁਲਾਜਮਾ ਸਮੇਤ ਸੀਵਰਮੈਨ, ਪੰਪ ਓਪਰੇਟਰ, ਪਲੰਬਰ ਤੇ ਮੀਟਰ ਰੀਡਰ ਪਿਛਲੇ ਲੰਬੇ ਸਮੇਂ ਤੋਂ ਨਗਰ ਨਿਗਮ ਵਿਚ ਵਾਪਸ ਜਾਣ ਦੀ ਮੰਗ ਕਰ ਰਹੇ ਹਨ। ਲੰਬੇ ਸੰਘਰਸ਼ ਅਤੇ ਕਈ ਹੜਤਾਲਾਂ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਮਿਤੀ 17.08.21 ਨੂੰ ਉਪਰੋਕਤ ਪੱਤਰ ਜਾਰੀ ਕਰਕੇ ਓ ਐਂਡ ਐਮ ਦਾ ਸਾਰਾ ਕੰਮ ਮੁੜ ਨਗਰ ਨਿਗਮ ਨੂੰ ਦਿੱਤੇ ਜਾਣ ਦਾ ਹੁਕਮ ਜਾਰੀ ਕੀਤਾ ਸੀ। ਜਿਸ ਤੋਂ ਬਾਅਦ ਨਗਰ ਨਿਗਮ ਵਲੋਂ ਰੈਗੁਲਰ ਸੀਵਰਮੈਨਾਂ ਨੂੰ ਤਾਂ ਵਾਪਸ ਨਗਰ ਨਿਗਮ ਵਿਚ ਲੈ ਲਿਆ ਗਿਆ ਪਰ ਕੁੱਝ ਅਫਸਰਾਂ ਵਲੋਂ ਕਥਿਤ ਤੌਰ ਤੇ ਆਪਣੇ ਨਿਜੀ ਫਾਇਦੇ ਲਈ ਬਾਕੀ ਦੇ ਆਉਟਸੋਰਸ ਮੁਲਾਜਮਾ ਨੂੰ ਹੁਣ ਤੱਕ ਵਾਪਸ ਨਹੀਂ ਲਿਆ ਹੈ। ਜਿਸ ਕਰਕੇ ਉਹਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯੂਨੀਅਨ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਜੇਕਰ ਉਹਨਾਂ ਦੀ ਮੰਗ ਨੂੰ ਜਲਦੀ ਪੂਰਾ ਨਾ ਕੀਤਾ ਗਿਆ ਤਾਂ ਦੁਬਾਰਾ ਸੰਘਰਸ਼ ਦਾ ਰਾਹ ਅਖ਼ਤਿਆਰ ਕੀਤਾ ਜਾਵੇਗਾ। ਇਸ ਮੌਕੇ ਜੋਗਿੰਦਰ ਸਿੰਘ ਮਾਨ ਨੇ ਸਬੰਧਤ ਵਿਭਾਗ ਅਤੇ ਪੰਜਾਬ ਸਰਕਾਰ ਨਾਲ ਰਾਬਤਾ ਕਰਕੇ ਉਹਨਾਂ ਦੀ ਮੰਗ ਨੂੰ ਪੂਰਾ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਮੋਹਨ ਲਾਲ, ਸੱਤਪਾਲ ਮੱਟੂ, ਵਰੁਣ ਨਾਹਰ ਆਦਿ ਯੂਨੀਅਨ ਦੇ ਅਹੁਦੇਦਾਰ ਵੀ ਹਾਜਰ ਸਨ।