
– ਸਾਡੇ ਜੁਝਾਰੂ ਹੱਸ ਫਾਂਸੀਆਂ ਤੇ ਚੜ੍ਹ ਕੇ ਦੇਸ ਬਚਾਉਂਦੇ ਰਹੇ ਇਹ ਕੋਈ ਬਾਪੂ ਗਾਂਧੀ,ਚਾਚਾ ਨਹਿਰੂ ਬਣ ਕੇ ਲੁੱਟਦੇ ਰਹੇ :
ਦੇਵ ਸਰਾਭਾ
ਹੁਸ਼ਿਆਰਪੁਰ /ਸਰਾਭਾ, (ਤਰਸੇਮ ਦੀਵਾਨਾ ) : ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 112ਵਾਂ ਦਿਨ ਪੂਰਾ ਹੋਇਆ। ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ ‘ਚ ਅੱਜ ਸਹਿਯੋਗੀ ਢਾਡੀ ਬੀਬੀ ਮਨਜੀਤ ਕੌਰ ਦਾਖਾ,ਚਰਨਜੀਤ ਸਿੰਘ ਚੰਨਾ ਸਰਾਭਾ, ਅਮਰਜੀਤ ਸਿੰਘ ਕਾਲੀ ਸਰਾਭਾ, ਉੱਘੇ ਸਮਾਜ ਸੇਵਕ ਅਮਰਜੀਤ ਸਿੰਘ ਬਿੱਟੂ ਸਰਾਭਾ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਬਲਦੇਵ ਸਿੰਘ ਦੇਵ ਸਰਾਭਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਅੰਗਰੇਜ਼ਾਂ ਨੂੰ ਭਾਰਤ ਚੋਂ ਬਾਹਰ ਕੱਢਣ ਲਈ ਸਾਡੇ ਜੁਝਾਰੂ ਹੱਸ ਫਾਂਸੀਆਂ ਤੇ ਚੜ੍ਹ ਕੇ ਗੋਰਿਆਂ ਨੂੰ ਭਜਾ ਕੇ ਦੇਸ ਬਚਾਉਂਦੇ ਪਰ ਕੋਈ ਬਾਪੂ ਗਾਂਧੀ, ਚਾਚਾ ਨਹਿਰੂ ਬਣ ਕੇ ਲੁੱਟਦੇ ਰਹੇ । ਜਦ ਕੇ ਆਜ਼ਾਦੀ ਤੋਂ ਪਹਿਲਾਂ ਭਾਰਤ ਦੇ ਲੀਡਰ ਸਿੱਖ ਕੌਮ ਨੂੰ ਆਖਦੇ ਸੀ ਕੋਹੇਨੂਰ ਹੀਰੇ ,ਪਰ ਆਜ਼ਾਦੀ ਮਿਲਣ ਤੋਂ ਬਾਅਦ ਅਸੀਂ ਕਿਉਂ ਚੁੱਲ੍ਹੇ ਦੇ ਗੁੱਲ ਬਣ ਗਏ। ਉਨ੍ਹਾਂ ਨੇ ਅੱਗੇ ਆਖਿਆ ਕਿ ਸਾਨੂੰ ਅੱਜ 12 ਜੂਨ ਯਾਦ ਕਰਵਾਉਂਦਾ ਹੈ ਕਿ ਕਿੱਦਾਂ ਆਜ਼ਾਦੀ ਮਿਲਣ ਤੋਂ ਬਾਅਦ ਪਹਿਲੇ ਪ੍ਰਧਾਨ ਮੰਤਰੀ ਬਣੇ ਜਵਾਹਰ ਲਾਲ ਨਹਿਰੂ ਜੋ ਵਾਅਦਾ ਗੁਰਦੁਆਰਾ ਸੀਸ ਗੰਜ ਸਾਹਿਬ ਦਿੱਲੀ ਵਿਖੇ ਕੀਤਾ ਸੀ ਉਸ ਨੂੰ ਮੁੱਕਰ ਗਏ ।ਜਦ ਕਿ ਇਹ ਵੀ ਆਖਿਆ ਕਿ ਜੇਕਰ ਅਸੀਂ ਕੀਤੇ ਵਾਅਦੇ ਤੋਂ ਮੁੱਕਰੇ ਤਾਂ ਤੁਸੀਂ ਕਿਰਪਾਨ ਦੇ ਜ਼ੋਰ ਤੇ ਹੱਕ ਲੈ ਸਕਦੇ ਹੋ। ਪਰ ਹਿੰਦੂਤਵੀ ਸਰਕਾਰਾਂ ਨੇ ਸਿੱਖਾਂ ਨੂੰ ਅੱਜ ਤਕ ਇਕ ਮੰਚ ਤੇ ਇਕੱਠੇ ਹੀ ਨਹੀਂ ਹੋਣ ਦਿੱਤਾ।ਸਰਕਾਰਾਂ ਨੂੰ ਪਤਾ ਹੈ ਕਿ ਜੇਕਰ ਸਿੱਖ ਕੌਮ ਇੱਕ ਮੰਚ ਇਕ ਝੰਡੇ ਥੱਲੇ ਇਕੱਠੇ ਹੋ ਗਏ ਤਾਂ ਇਨ੍ਹਾਂ ਨੂੰ ਹੱਕ ਲੈਣ ਤੋਂ ਕੋਈ ਵੀ ਨਹੀਂ ਰੋਕ ਸਕਦਾ। ਉਨ੍ਹਾਂ ਆਖ਼ਰ ਵਿੱਚ ਆਖਿਆ ਕਿ ਲੋਕ ਸਭਾ ਸੰਗਰੂਰ ਜ਼ਿਮਨੀ ਚੋਣ ਲੜ ਰਹੇ ਸਿੱਖ ਕੌਮ ਦੇ ਦੋ ਉਮੀਦਵਾਰ ਵੱਖ ਵੱਖ ਲੜਦੇ ਨੇ ਜਦ ਕਿ ਇਹੀ ਤਾਂ ਚਾਹੁੰਦੀਆਂ ਨੇ ਹਿੰਦੂਤਵੀ ਸਰਕਾਰਾਂ । ਜੇ ਕਰ ਇਹ ਉਮੀਦਵਾਰ ਇੱਕ ਮੰਚ ਇਕੱਠੇ ਚੋਣ ਲੜਦੇ ਤਾਂ ਜਿੱਤ ਸਮੁੱਚੀ ਸਿੱਖ ਕੌਮ ਦੀ ਹੋਣੀ ਸੀ ਹੁਣ ਰੱਬ ਰਾਖਾ। ਸੋ ਅਸੀਂ ਸੰਗਰੂਰ ਤੋਂ ਚੋਣ ਲੜ ਰਹੇ ਸਿੱਖ ਆਗੂਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਇੱਕ ਹੋ ਕੇ ਚੋਣ ਲੜਨ ਤਾਂ ਜੋ ਜਿੱਤ ਪ੍ਰਾਪਤ ਹੋ ਸਕੇ । ਤਦ ਹੀ ਅਸੀਂ ਚੋਣਾਂ ਤੋਂ ਬਾਅਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਅਤੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਜਲਦ ਰਿਹਾਅ ਕਰਵਾਉਣ ਲਈ ਇਕ ਮੰਚ ਤੇ ਇਕੱਠੇ ਹੋ ਕੇ ਸਿੱਖ ਕੌਮ ਦੀਆਂ ਹੱਕੀ ਮੰਗਾਂ ਜਲਦ ਫ਼ਤਹਿ ਕਰਵਾ ਸਕੀਏ । ਇਸ ਮੌਕੇ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ,ਉੱਘੇ ਖੇਡ ਪ੍ਰੇਮੀ ਜਗਰੂਪ ਸਿੰਘ ਜਰਖੜ, ਕੁਲਦੀਪ ਸਿੰਘ ਘਵੱਦੀ,ਬਲਦੇਵ ਸਿੰਘ ਈਸਨਪਰ,ਕੁਲਦੀਪ ਸਿੰਘ ਬਿੱਲੂ ਕਿਲਾ ਰਾਇਪੁਰ,ਰਾਜਦੀਪ ਸਿੰਘ ਜੰਡ,ਅੱਛਰਾ ਸਿੰਘ ਸਰਾਭਾ ਮੋਟਰਜ਼ ਵਾਲੇ ਸੁਖਦੇਵ ਸਿੰਘ ਸਰਾਭਾ ਆਦਿ ਹਾਜ਼ਰੀ ਭਰੀ।