
(ਸਰਬਜੀਤ ਸਿੰਘ ਸੋਨੀ) ਲੁਧਿਆਣਾ : ਥਾਣਾ ਡੇਹਲੋਂ ਦੇ ਅਧੀਨ ਆਉਂਦੇ ਇਲਾਕੇ ਵਿਚ ਘਰੇਲੂ ਕਲੇਸ਼ ਤੇ ਸਹੁਰਿਆਂ ਤੋਂ ਤੰਗ ਆ ਕੇ ਇਕ ਨਵ-ਵਿਆਹੇ ਨੌਜਵਾਨ ਵੱਲੋਂ ਖ਼ੁਦਕੁਸ਼ੀ ਕਰਨ ਦਾ ਬੇਹੱਦ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਜ਼ਹਿਰ ਨਿਗਲਣ ਤੋਂ ਬਾਅਦ ਗੰਭੀਰ ਹਾਲਤ ਵਿਚ ਪਰਿਵਾਰ ਵਾਲਿਆਂ ਨੇ ਉਸ ਨੂੰ ਤੁਰੰਤ ਹਸਪਤਾਲ ਵਿਚ ਭਰਤੀ ਕਰਵਾਇਆ, ਪਰ ਉੱਥੇ ਜ਼ਿੰਦਗੀ ਅਤੇ ਮੌਤ ਦੀ ਜੰਗ ਲੜਦੇ ਹੋਏ ਉਸ ਨੇ ਦਮ ਤੋੜ ਦਿੱਤਾ। ਮ੍ਰਿਤਕ ਦੀ ਪਛਾਣ ਮਨਦੀਪ ਵਜੋਂ ਹੋਈ ਹੈ। ਮਰਨ ਤੋਂ ਪਹਿਲਾਂ ਨੌਜਵਾਨ ਨੇ ਆਪਣੇ ਮੋਬਾਈਲ ‘ਤੇ ਇਕ ਭਾਵੁਕ ਵੀਡੀਓ ਵੀ ਰਿਕਾਰਡ ਕੀਤੀ, ਜਿਸ ਵਿਚ ਉਸ ਨੇ ਆਪਣੀ ਮੌਤ ਲਈ ਸਿੱਧੇ ਤੌਰ ‘ਤੇ ਸਹੁਰਾ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਨੌਜਵਾਨ ਦੀ ਮੌਤ ਤੋਂ ਬਾਅਦ ਪਰਿਵਾਰ ਵਿਚ ਮਾਤਮ ਪਸਰਿਆ ਹੋਇਆ ਹੈ ਅਤੇ ਪਰਿਵਾਰਕ ਮੈਂਬਰਾਂ ਨੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਗੁਹਾਰ ਲਗਾਈ ਹੈ। ਮ੍ਰਿਤਕ ਮਨਦੀਪ ਦੇ ਪਰਿਵਾਰਕ ਮੈਂਬਰਾਂ ਦੱਸਿਆ ਕਿ ਮਨਦੀਪ ਦਾ ਵਿਆਹ ਕਰੀਬ 7-8 ਮਹੀਨੇ ਪਹਿਲਾਂ ਹੀ ਹੋਇਆ ਸੀ। ਵਿਆਹ ਦੇ ਕੁਝ ਸਮੇਂ ਬਾਅਦ ਹੀ ਪਰਿਵਾਰਕ ਕਲੇਸ਼ ਸ਼ੁਰੂ ਹੋ ਗਿਆ। ਪਿਛਲੇ ਕਰੀਬ 10 ਦਿਨਾਂ ਤੋਂ ਮਨਦੀਪ ਦੀ ਪਤਨੀ ਆਪਣੇ ਪੇਕੇ ਗਈ ਹੋਈ ਸੀ ਅਤੇ ਵਾਪਸ ਨਹੀਂ ਆ ਰਹੀ ਸੀ। ਮਨਦੀਪ ਉਸ ਨੂੰ ਵਾਪਸ ਲਿਆਉਣ ਲਈ ਸਹੁਰੇ ਘਰ ਗਿਆ ਸੀ, ਪਰ ਉੱਥੇ ਉਸ ਦੀਆਂ ਉਮੀਦਾਂ ‘ਤੇ ਪਾਣੀ ਫਿਰ ਗਿਆ। ਪਰਿਵਾਰ ਅਨੁਸਾਰ, ਜਦੋਂ ਮਨਦੀਪ ਸਹੁਰੇ ਪਹੁੰਚਿਆ ਤਾਂ ਉਸ ਦੀ ਪਤਨੀ ਨੇ ਉਸ ਨੂੰ ਸਾਫ਼ ਕਹਿ ਦਿੱਤਾ ਕਿ ਉਸ ਦੀ ਮਾਂ ਨੇ ਉਸ ਨੂੰ ਸਹੁਰੇ ਵਾਪਸ ਜਾਣ ਤੋਂ ਸਖ਼ਤ ਮਨ੍ਹਾ ਕੀਤਾ ਹੈ। ਸਹੁਰੇ ਪਰਿਵਾਰ ਨੇ ਮਨਦੀਪ ਨਾਲ ਕਥਿਤ ਤੌਰ ‘ਤੇ ਦੁਰਵਿਵਹਾਰ ਕੀਤਾ ਅਤੇ ਪਤਨੀ ਨੂੰ ਉਸ ਦੇ ਨਾਲ ਭੇਜਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਖ਼ਾਲੀ ਹੱਥ ਪਰਤਣ ਤੋਂ ਬਾਅਦ ਮਨਦੀਪ ਇਸ ਬੇਇੱਜ਼ਤੀ ਅਤੇ ਕਲੇਸ਼ ਨੂੰ ਬਰਦਾਸ਼ਤ ਨਹੀਂ ਕਰ ਸਕਿਆ ਅਤੇ ਡੂੰਘੇ ਮਾਨਸਿਕ ਤਣਾਅ ਤੇ ਡਿਪ੍ਰੈਸ਼ਨ ਵਿਚ ਚਲਾ ਗਿਆ। ਇਸੇ ਮਾਨਸਿਕ ਪ੍ਰਸ਼ਾਨੀ ਦੇ ਚਲਦਿਆਂ ਉਸ ਨੇ ਘਰ ਆ ਕੇ ਕੋਈ ਜ਼ਹਿਰੀਲਾ ਪਦਾਰਥ ਨਿਗਲ ਲਿਆ। ਜ਼ਹਿਰੀਲਾ ਪਦਾਰਥ ਨਿਗਲਦੇ ਹੀ ਮਨਦੀਪ ਦੀ ਤਬੀਅਤ ਤੇਜ਼ੀ ਨਾਲ ਵਿਗੜਨ ਲੱਗੀ ਅਤੇ ਉਹ ਉਲਟੀਆਂ ਕਰਨ ਲੱਗਾ। ਹਾਲਤ ਨਾਜ਼ੁਕ ਦੇਖ ਕੇ ਪਰਿਵਾਰ ਵਾਲੇ ਉਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲੈ ਕੇ ਪਹੁੰਚੇ। ਹਸਪਤਾਲ ਵਿਚ ਡਾਕਟਰਾਂ ਦੀ ਵਿਸ਼ੇਸ਼ ਟੀਮ ਨੇ ਉਸ ਨੂੰ ਬਚਾਉਣ ਦੇ ਯਤਨ ਕੀਤੇ, ਪਰ ਜ਼ਹਿਰ ਪੂਰੇ ਸਰੀਰ ਵਿਚ ਫੈਲ ਜਾਣ ਕਾਰਨ ਮਨਦੀਪ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਜਵਾਨ ਪੁੱਤ ਦੀ ਅਚਾਨਕ ਮੌਤ ਦੀ ਖ਼ਬਰ ਸੁਣਦਿਆਂ ਹੀ ਘਰ ਵਿਚ ਚੀਕ-ਚਿਹਾੜਾ ਮੱਚ ਗਿਆ।
ਮਨਦੀਪ ਵੱਲੋਂ ਜ਼ਹਿਰ ਨਿਗਲਣ ਤੋਂ ਠੀਕ ਪਹਿਲਾਂ ਰਿਕਾਰਡ ਕੀਤਾ ਗਿਆ ਇਕ ਵੀਡੀਓ ਸਾਹਮਣੇ ਆਇਆ। ਵੀਡੀਓ ਵਿਚ ਮਨਦੀਪ ਬੇਹੱਦ ਦੁਖੀ ਅਤੇ ਆਹਤ ਨਜ਼ਰ ਆ ਰਿਹਾ ਹੈ। ਉਸ ਨੇ ਸਾਫ਼ ਤੌਰ ‘ਤੇ ਕਿਹਾ ਕਿ ਉਸ ਦੀ ਮੌਤ ਦੇ ਜ਼ਿੰਮੇਵਾਰ ਉਸ ਦੇ ਸਹੁਰੇ ਪਰਿਵਾਰ ਦੇ ਲੋਕ ਹਨ, ਜਿਨ੍ਹਾਂ ਨੇ ਉਸ ਦੀ ਵਿਵਾਹਿਕ ਜ਼ਿੰਦਗੀ ਬਰਬਾਦ ਕਰ ਦਿੱਤੀ ਅਤੇ ਉਸ ਨੂੰ ਇਸ ਹੱਦ ਤੱਕ ਦੁਖੀ ਕੀਤਾ ਕਿ ਉਸ ਕੋਲ ਜਾਨ ਦੇਣ ਤੋਂ ਇਲਾਵਾ ਕੋਈ ਰਸਤਾ ਨਹੀਂ ਬਚਿਆ। ਪਰਿਵਾਰ ਵਾਲਿਆਂ ਨੇ ਇਹ ਵੀਡੀਓ ਪੁਲਿਸ ਹਵਾਲੇ ਕਰਦਿਆਂ ਸਹੁਰੇ ਪਰਿਵਾਰ ‘ਤੇ ਖ਼ੁਦਕੁਸ਼ੀ ਲਈ ਮਜ਼ਬੂਰ ਕਰਨ ਦਾ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ਹੈ।