– ਮੇਲਾ ਮਜਦੂਰ ਸੰਘਰਸ਼ ਕਮੇਟੀ ਦੀ ਮੀਟਿੰਗ ਹੋਈ
– ਮੇਲਿਆਂ ਵਿੱਚ ਠੇਕੇਦਾਰੀ ਸਿਸਟਮ ਬੰਦ ਜਾਂ ਸਰਕਾਰੀ ਤੌਰ ‘ਤੇ ਵਾਜਿਬ ਰੇਟ ਲਾਗੂ ਕਰਨ ਦੀ ਕੀਤੀ ਮੰਗ
ਸੰਗਰੂਰ (ਜਗਸੀਰ ਲੌਂਗੋਵਾਲ) : ਪੰਜਾਬ ਵਿੱਚ ਵੱਖ-ਵੱਖ ਧਾਰਮਿਕ ਸਥਾਨਾਂ ‘ਤੇ ਲੱਗਣ ਵਾਲੇ ਮੇਲਿਆਂ ਦੌਰਾਨ ਦੁਕਾਨਾਂ, ਰੇਹੜੀਆਂ, ਫੜੀਆਂ ਆਦੀ ਲਗਾ ਕੇ ਆਪਣੀ ਰੋਜੀ ਰੋਟੀ ਕਮਾਉਣ ਵਾਲਿਆਂ ਕਾਮਿਆਂ ਦੀ ਜਥੇਬੰਦੀ ਮੇਲਾ ਮਜਦੂਰ ਸੰਘਰਸ਼ ਕਮੇਟੀ ਦੀ ਇੱਕ ਅਹਿਮ ਮੀਟਿੰਗ ਬਾਬਾ ਬੈਰਸੀਆਣਾ ਗੁਰਦੁਆਰਾ ਸਾਹਿਬ ਜ਼ਿਲ੍ਹਾ ਸੰਗਰੂਰ ਵਿਖੇ ਪ੍ਰਧਾਨ ਬੱਗਾ ਸਿੰਘ ਕਾਕੜਾ ਅਤੇ ਖਜਾਨਚੀ ਭੋਲਾ ਸਿੰਘ ਨਾਗਰਾ ਦੀ ਅਗਵਾਈ ਹੇਠ ਹੋਈ | ਮੀਟਿੰਗ ਦੌਰਾਨ ਹਾਜਰ ਮੈਂਬਰਾਂ ਨੇ ਪੰਜਾਬ ਵਿੱਚ ਵੱਖ-ਵੱਖ ਧਾਰਮਿਕ ਸਥਾਨਾਂ ‘ਤੇ ਲੱਗਣ ਵਾਲੇ ਮੇਲਿਆਂ ਦੌਰਾਨ ਠੇਕੇਦਾਰਾਂ ਵੱਲੋਂ ਦੁਕਾਨਾਂ ਲਾਉਣ ਵਾਲਿਆਂ ਦੀ ਕੀਤੀ ਜਾਂਦੀ ਲੁੱਟ-ਖਸੁੱਟ ਦਾ ਗੰਭੀਰ ਨੋਟਿਸ ਲੈਂਦਿਆਂ ਆਪਣੇ ਹੱਕਾਂ ਲਈ ਸੰਘਰਸ਼ ਕਰਨ ਦਾ ਫੈਸਲਾ ਲਿਆ ਗਿਆ |
ਮੀਟਿੰਗ ਦੀ ਜਾਣਕਾਰੀ ਦਿੰਦਿਆਂ ਕਮੇਟੀ ਪ੍ਰਧਾਨ ਬੱਗਾ ਸਿੰਘ ਕਾਕੜਾ, ਖਜਾਨਚੀ ਭੋਲਾ ਸਿੰਘ ਨਾਗਰਾ ਅਤੇ ਮੈਂਬਰ ਹਰਪ੍ਰੀਤ ਸਿੰਘ ਚਮਕੀਲਾ ਨੇ ਕਿਹਾ ਕਿ ਉਹ ਸਾਰੇ ਮੇਲਿਆਂ ਵਿੱਚ ਆਪਣੀਆਂ ਦੁਕਾਨਾਂ ਲਗਾ ਕੇ ਆਪਣੇ ਪਰਿਵਾਰਾਂ ਲਈ ਰੋਜੀ ਰੋਟੀ ਵੀ ਕਮਾਉਂਦੇ ਹਨ | ਉਨ੍ਹਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਮੇਲਿਆਂ ਵਿੱਚ ਆਉਣ ਵਾਲੀ ਸੰਗਤ ਨੂੰ ਘੱਟ ਪੈਸਿਆਂ ਵਿੱਚ ਵਧੀਆ ਚੀਜਾਂ ਉਪਲੱਬਧ ਕਰਵਾ ਸਕਣ ਪਰ ਮੇਲਿਆਂ ਵਿੱਚ ਦੁਕਾਨਾਂ ਲਵਾਉਣ ਵਾਲਿਆਂ ਠੇਕੇਦਾਰਾਂ ਵੱਲੋਂ ਗਰੀਬ ਦੁਕਾਨਦਾਰਾਂ ਦੀ ਅੰਨ੍ਹੇਵਾਹ ਲੁੱਟ ਕੀਤੀ ਜਾਂਦੀ ਹੈ ਅਤੇ ਮੇਲੇ ਵਿੱਚ ਦੁਕਾਨ ਲਵਾਉਣ ਦੇ ਬਦਲੇ ਮੋਟੇ ਪੈਸੇ ਵਸੂਲੇ ਜਾਂਦੇ ਹਨ | ਕਈ ਥਾੲੀਂ ਤਾਂ ਮੇਲੇ ਦੇ ਠੇਕੇਦਾਰਾਂ ਵੱਲੋਂ ਹਜਾਰਾਂ ਰੁਪਏ ਫੁੱਟ ਦੇ ਹਿਸਾਬ ਨਾਲ ਵੀ ਲਏ ਜਾਂਦੇ ਹਨ, ਜੋ ਕਿ ਗਰੀਬ ਦੁਕਾਨਦਾਰਾਂ ਨਾਲ ਸਰਾਸਰ ਧੱਕਾ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਦੁਕਾਨਦਾਰਾਂ ਵਿੱਚ ਕਈ ਤਾਂ ਅਜਿਹੇ ਦੁਕਾਨਦਾਰ ਵੀ ਹੁੰਦੇ ਹਨ, ਜੋ ਮੁਸ਼ਕਿਲ ਨਾਲ ਮੇਲੇ ਵਿੱਚ 500-700 ਦਿਹਾੜੀ ਕਮਾਉਂਦੇ ਹਨ ਅਤੇ ਓਨੀ ਹੀ ਉਨ੍ਹਾਂ ਦੀ ਦੁਕਾਨ ਲਾਉਣ ਬਦਲੇ ਪਰਚੀ ਕੱਟ ਦਿੱਤੀ ਜਾਂਦੀ ਹੈ | ਮੇਲੇ ਵਿੱਚ ਦੁਕਾਨਾਂ ਲਾਉਣ ਬਦਲੇ ਜੇ ਦੁਕਾਨਦਾਰਾਂ ਤੋਂ ਹਜਾਰਾਂ ਰੁਪਏ ਵਸੂਲੇ ਜਾਣਗੇ ਤਾਂ ਦੁਕਾਨਦਾਰ ਆਪਣਾ ਘਾਟਾ ਕਿੱਥੋਂ ਪੂਰਾ ਕਰਨਗੇ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੂਰੇ ਪੰਜਾਬ ਵਿੱਚ ਲੱਗਣ ਵਾਲਿਆਂ ਮੇਲੇ ਵਿੱਚ ਦੁਕਾਨਾਂ ਕਿਰਾਏ ‘ਤੇ ਦੇਣ ਲਈ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ ਜਾਂ ਫਿਰ ਸਰਕਾਰੀ ਤੌਰ ‘ਤੇ ਮੇਲੇ ਵਿੱਚ ਦੁਕਾਨਾਂ ਲਾਉਣ ਦੇ ਵਾਜਿਬ ਰੇਟ ਲਾਗੂ ਕੀਤੇ ਜਾਣ, ਮੇਲਾ ਠੇਕੇਦਾਰਾਂ ਵੱਲੋਂ ਕੀਤੀ ਜਾਂਦੀ ਲੁੱਟ ਤੋਂ ਦੁਕਾਨਦਾਰ ਬਚ ਸਕਣ | ਆਗੂਆਂ ਨੇ ਦੱਸਿਆ ਕਿ ਆਪਣੀ ਮੰਗ ਨੂੰ ਸਰਕਾਰ ਤੱਕ ਪਹੁੰਚਾਉਣ ਲਈ ਜਲਦੀ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਰਕਾਰ ਦੇ ਨੁੰਮਾਇੰਦਿਆਂ ਨੂੰ ਮਿਲ ਕੇ ਮੰਗ ਪੱਤਰ ਸੌਂਪੇ ਜਾਣਗੇ | ਇਸ ਮੌਕੇ ਤਰਸੇਮ ਸਿੰਘ ਰੋਗਲਾ, ਸਿਕੰਦਰ ਸਿੰਘ ਰੋਗਲਾ, ਰਾਜ ਢੰਡੋਲੀ ਸਮੇਤ ਵੱਡੀ ਗਿਣਤੀ ਵਿੱਚ ਜਥੇਬੰਦੀ ਦੇ ਮੈਂਬਰ ਸਹਿਬਾਨ ਹਾਜਰ ਸਨ |