ਜਿਸ ਦੇ ਹੱਥ ਵਿੱਚ ਮੇਰੀਆਂ ਵਾਗਾਂ ਚਲੋ ਉਸ ਦੀ ਮੈਂ ਸਿਫ਼ਤ ਸੁਣਾਵਾਂ।
ਆਪਣੀ ਔਕਾਤ ਅੱਜ ਸਮਝਿਆ ਪਰ ਬੀਤੇ ਸਾਹ ਕਿਵੇਂ ਮੋੜ ਲਿਆਵਾਂ॥
ਜਦ ਵੀ ਦਾਤੇ ਵਾਗ ਮੇਰੀ ਖੋਲੀ ਟਪੂਸੀਆਂ ਲਾ ਲਾ ਭੱਜ ਵਿਖਾਇਆ।
ਜਾਪੇ ਹਰ ਸ਼ੈਅ ਮੈਥੋਂ ਡਰਦੀ ਸਭਨਾਂ ਤੋਂ ਪਾਣੀ ਭਰਵਾਇਆ॥
ਜਿਸ ਤੇ ਚਾਹਿਆ ਭੌਂਕਿਆ ਰੱਜ ਕੇ ਮਗਰੂਰੀ ਵਿੱਚ ਮਜ਼ਾਕ ਉਡਾਇਆ।
ਹਰ ਇੱਕ ਤੇ ਕੀਤੀ ਜ਼ੋਰ ਅਜ਼ਮਾਇਸ਼ ਦੂਜੇ ਨੂੰ ਲੱਤਾਂ ਹੇਠ ਲੰਘਾਇਆ॥
ਚਾਹਿਆ ਹਰ ਕੋਈ ਆਖਾ ਮੰਨੇ ਹਰ ਇੱਕ ਤੇ ਮੈਂ ਹੁਕਮ ਚਲਾਇਆ।
ਆਪਣੀ ਹਉਮੈੰ ਅੰਦਰ ਹਰ ਅੱਗੇ ਬਾਹਵਾਂ ਚੁੱਕ-ਚੁੱਕ ਬਣ ਵਿਖਾਇਆ॥
ਪਰ ਇੱਕ ਦਿਨ ਵੱਡੇ ਜ਼ੋਰਾਵਰ ਨੇ ਆ ਕੇ ਮੈਨੂੰ ਘੇਰਾ ਪਾਇਆ।
ਹੱਥਾਂ ਪੈਰਾਂ ਦੀ ਪੈ ਗਈ ਮੈਨੂੰ ਅੱਖਾਂ ਅੱਗੇ ਨੇੵਰਾ ਛਾਇਆ॥
ਆਪਣੀ ਜਾਨ ਬਚਾਉਣ ਦੀ ਖਾਤਰ ਜ਼ੋਰ ਅਪਣਾ ਮੈਂ ਸਾਰਾ ਲਾਇਆ।
ਜਦ ਕੋਈ ਮੇਰੀ ਪੇਸ਼ ਨਾ ਚੱਲੀ ਫਿਰ ਮੈਂ ਉਥੋਂ ਨੱਸ ਵਿਖਾਇਆ॥
ਦੱਬ ਕੇ ਪੂੰਛ ਮੈਂ ਲੱਤਾਂ ਦੇ ਵਿੱਚ ਦੌੜ ਕੇ ਮਾਲਿਕ ਦੇ ਚਰਨੀ ਆਇਆ।
ਜਦ ਚੂੰ ਚੂੰ ਮੇਰੀ ਬੰਦ ਨਾ ਹੋਈ ਮੁੜ ਦਾਤੇ ਨੇ ਤਰਸ ਵਿਖਾਇਆ॥
ਰੱਖ ਕੇ ਆਪਣਾ ਹੱਥ ਸਿਰ ਉੱਤੇ ਉਸ ਲਾਜ ਮੇਰੀ ਨੂੰ ਫਿਰ ਬਚਾਇਆ।
ਹੁਣ ਸਮਝਿਆ ਕਿਸ ਦੇ ਕਾਰਨ ਮੈਂ ਬਾਹੁਬਲੀ ਦਾ ਚੋਲਾ ਪਾਇਆ॥
ਕਾਹਤੋਂ ਦੁਨੀਆ ਮੇਰੀ ਮੰਨਦੀ ਕਿਸਦੇ ਹੱਥ ਮੇਰਾ ਸਰਮਾਇਆ।
ਪਰ ਸਮਝਣ ਵਿੱਚ ਦੇਰ ਹੋ ਗਈ ਫਿਰਦਾ ਰਿਹਾ ਮੈਂ ਭਰਮ ਭੁਲਾਇਆ॥
‘ਸੰਜੀਵ‘ ਹੁਣ ਤਾਂ ਬਸ ਕਰ ਕਿਉਂ ਭੂਤਰਿਆ ਫਿਰਦੈਂ ਉਸ ਨੇ ਹੀ ਕੌਡੀਓਂ ਲੱਖ ਬਣਾਇਆ।
ਸੰਭਲ ਕੇ ਪੱਬ ਨੂੰ ਧਰ ਲੈ ਮਿੱਤਰਾ ਕਿਤੇ ਲੁੱਟ ਨਾ ਜਾਏ ਰਹਿੰਦਾ ਸਰਮਾਇਆ॥

– ਸੰਜੀਵ ਅਰੋਡਾ (ਲੈਕਚਰਾਰ)
ਸ.ਕ.ਸ.ਸ.ਸ. ਰੇਲਵੇ ਮੰਡੀ ਹੁਸ਼ਿਆਰਪੁਰ
ਫੋਨ ਨੰਬਰ 9417877033