ਫਗਵਾੜਾ (ਸ਼ਿਵ ਕੋੜਾ) ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਅੱਜ ਪਿੰਡ ਬੋਹਾਨੀ ਵਿਖੇ ਮਸਜਿਦ ਫਾਤਿਮਾ ਅਤੇ ਮੁਸਲਮਾਨ ਗੁੱਜਰ ਭਾਈਚਾਰੇ ਦੀ ਧਰਮਸ਼ਾਲਾ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਹਨਾਂ ਸਮੂਹ ਮੁਸਲਿਮ ਭਾਈਚਾਰੇ ਨੂੰ ਰਮਜਾਨ ਦੇ ਪਵਿੱਤਰ ਮਹੀਨੇ ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਸਾਰਿਆਂ ਨੂੰ ਭਾਈਚਾਰਕ ਸਾਂਝ ਮਜਬੂਤ ਬਣਾਈ ਰੱਖਣ ਦਾ ਸੁਨੇਹਾ ਦਿੱਤਾ। ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਅੱਜ ਦੇਸ਼ ਦੀ ਸੱਤਾ ਤੇ ਕਾਬਿਜ ਤਾਕਤਾਂ ਭਾਰਤ ਦੀ ਸਦੀਆਂ ਤੋਂ ਚੱਲੀ ਆ ਰਹੀ ਆਪਸੀ ਸਾਂਝ ਨੂੰ ਤੋੜਨ ਦੀ ਸਾਜਿਸ਼ ਕਰ ਰਹੀਆਂ ਹਨ ਪਰ ਸਾਨੂੰ ਇਹਨਾਂ ਤਾਕਤਾਂ ਦਾ ਮੂੰਹ ਤੋੜ ਜਵਾਬ ਦੇਣ ਲਈ ਆਪਸ ਵਿਚ ਰਲਮਿਲ ਕੇ ਰਹਿਣਾ ਅਤੇ ਇਸ ਦੂਸਰੇ ਦੇ ਤਿਓਹਾਰਾਂ ਉਤਸਵਾਂ ਵਿਚ ਵੱਧ ਚੜ੍ਹ ਕੇ ਸਹਿਯੋਗ ਕਰਨਾ ਹੋਵੇਗਾ। ਉਹਨਾਂ ਮੁਸਲਮਾਨ ਗੁੱਜਰ ਭਾਈਚਾਰੇ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਮੁਹੰਮਦ ਸਦੀਕ ਪ੍ਰਧਾਨ, ਯਕੂਬ ਅਲੀ ਸਕੱਤਰ, ਸ਼ੇਰ ਮੁਹੰਮਦ ਕੈਸ਼ੀਅਰ, ਮੁਹੰਮਦ ਸ਼ਫੀ ਮੀਤ ਪ੍ਰਧਾਨ ਤੋਂ ਇਲਾਵਾ ਕਮੇਟੀ ਮੈਂਬਰ ਮੁਹੰਮਦ ਮੱਖਣ, ਮੁਹੰਮਦ ਨਜ਼ੀਰ, ਰਹਿਮਤ ਅਲੀ ਪ੍ਰਧਾਨ ਪੰਜਾਬ ਮੁਸਲਿਮ (ਗੁੱਜਰ) ਸੰਗਠਨ, ਕਮਾਲ ਦੀਨ ਤੇ ਹਾਜੀ ਅਲੀ ਆਦਿ ਵੀ ਹਾਜਰ ਸਨ।