
– ਹਾਈਬ੍ਰਿਡ ਝੋਨਾ ਨਾ ਚੁੱਕਣ, ਫੋਟੋ ਦੀ ਸ਼ਰਤ ਅਤੇ ਸਤਲੁਜ ਪੁਲ ’ਤੇ ਰੋਕ ਦਾ ਮੁੱਦਾ ਉੱਠਿਆ
(ਹਰਪ੍ਰੀਤ ਸਿੰਘ ਕੈਲੇ) ਮਾਛੀਵਾੜਾ ਸਾਹਿਬ। ਸਥਾਨਕ ਅਨਾਜ ਮੰਡੀ ’ਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ ਹੈ। ਪਹਿਲੀ ਖਰੀਦ ਕਿਸਾਨ ਗਗਨਦੀਪ ਸਿੰਘ ਸ਼ੇਰੀਆਂ ਦੀ ਝੋਨੇ ਦੀ ਢੇਰੀ ਦੀ ਹੋਈ। ਖਰੀਦ ਦਾ ਉਦਘਾਟਨ ਐੱਸ.ਡੀ.ਐੱਮ. ਸਮਰਾਲਾ ਗੁਰਸਿਮਰਨਜੀਤ ਕੌਰ ਅਤੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਸਾਂਝੇ ਤੌਰ ’ਤੇ ਕੀਤਾ। ਇਸ ਮੌਕੇ ਚੇਅਰਮੈਨ ਸੁਖਵਿੰਦਰ ਸਿੰਘ ਗਿੱਲ ਸਮੇਤ ਆੜ੍ਹਤੀ ਐਸੋਸੀਏਸ਼ਨ ਦੇ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ। ਖਰੀਦ ਸ਼ੁਰੂ ਹੁੰਦੇ ਹੀ ਆੜ੍ਹਤੀਆਂ ਨੇ ਪ੍ਰਸ਼ਾਸਨ ਸਾਹਮਣੇ ਤਿੰਨ ਵੱਡੀਆਂ ਸਮੱਸਿਆਵਾਂ ਰੱਖਦਿਆਂ ਇਨ੍ਹਾਂ ਦੇ ਤੁਰੰਤ ਹੱਲ ਦੀ ਮੰਗ ਕੀਤੀ। ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮੋਹਿਤ ਕੁੰਦਰਾ ਅਤੇ ਸਾਬਕਾ ਪ੍ਰਧਾਨ ਹਰਜਿੰਦਰ ਸਿੰਘ ਖੇੜਾ ਨੇ ਕਿਹਾ ਕਿ ਜੇਕਰ ਹਾਈਬ੍ਰਿਡ ਝੋਨੇ ਦੀ ਚੁਕਾਈ ਦਾ ਮਸਲਾ ਹੱਲ ਨਾ ਹੋਇਆ ਤਾਂ ਮੰਡੀਆਂ ’ਚ ਫਸਲ ਦੇ ਅੰਬਾਰ ਲੱਗ ਸਕਦੇ ਹਨ। ਆੜ੍ਹਤੀਆਂ ਨੇ ਦੱਸਿਆ ਕਿ ਸ਼ੈਲਰ ਮਾਲਕ ਹਾਈਬ੍ਰਿਡ ਝੋਨਾ ਪਿੜਾਈ ਲਈ ਚੁੱਕਣ ਤੋਂ ਇਨਕਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਖਰੀਦ ਤੋਂ ਬਾਅਦ ਜੇਕਰ ਫਸਲ ਦੀ ਚੁਕਾਈ ਨਾ ਹੋਈ ਤਾਂ ਆਉਣ ਵਾਲੇ ਦਿਨਾਂ ’ਚ ਮੰਡੀ ਵਿੱਚ ਝੋਨੇ ਦੀ ਆਮਦ ਸੰਭਾਲਣਾ ਮੁਸ਼ਕਿਲ ਹੋ ਸਕਦਾ ਹੈ। ਦੂਜੇ ਪਾਸੇ, ਨਵੇਂ ਖਰੀਦ ਨਿਯਮਾਂ ਤਹਿਤ ਕਿਸਾਨ ਦੀ ਮੌਜੂਦਗੀ ਵਿੱਚ ਖਰੀਦ ਏਜੰਸੀ ਦੇ ਇੰਸਪੈਕਟਰ ਅਤੇ ਆੜ੍ਹਤੀ ਦੀ ਫੋਟੋ ਲੈਣ ਦੀ ਸ਼ਰਤ ’ਤੇ ਵੀ ਆੜ੍ਹਤੀਆਂ ਨੇ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਇਸ ਸ਼ਰਤ ਨਾਲ ਮੰਡੀ ਵਿੱਚ ਖਰੀਦ ਪ੍ਰਕਿਰਿਆ ਹੋਰ ਗੁੰਝਲਦਾਰ ਹੋਵੇਗੀ ਅਤੇ ਇਸ ਨੂੰ ਹਟਾਇਆ ਜਾਣਾ ਚਾਹੀਦਾ ਹੈ। ਤੀਜਾ ਮੁੱਦਾ ਸਤਲੁਜ ਪੁਲ ’ਤੇ ਭਾਰੀ ਵਾਹਨਾਂ ਦੀ ਆਵਾਜਾਈ ਦਾ ਰਿਹਾ। ਆੜ੍ਹਤੀਆਂ ਨੇ ਕਿਹਾ ਕਿ ਰਾਹੋਂ ਵੱਲੋਂ ਵੱਡੀ ਗਿਣਤੀ ਵਿੱਚ ਕਿਸਾਨ ਮਾਛੀਵਾੜਾ ਮੰਡੀ ਵਿੱਚ ਫਸਲ ਲੈ ਕੇ ਆਉਂਦੇ ਹਨ, ਪਰ ਪੁਲ ’ਤੇ ਲਗਾਏ ਗਾਰਡਰਾਂ ਕਾਰਨ ਝੋਨੇ ਨਾਲ ਭਰੀਆਂ ਟਰਾਲੀਆਂ ਦੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਗਾਰਡਰਾਂ ਨੂੰ ਕੁਝ ਉੱਚਾ ਕੀਤਾ ਜਾਵੇ ਤਾਂ ਜੋ ਕਿਸਾਨਾਂ ਦੀਆਂ ਟਰਾਲੀਆਂ ਬਿਨਾਂ ਰੁਕਾਵਟ ਮੰਡੀ ਤੱਕ ਪਹੁੰਚ ਸਕਣ। ਐੱਸ.ਡੀ.ਐੱਮ. ਗੁਰਸਿਮਰਨਜੀਤ ਕੌਰ ਨੇ ਆੜ੍ਹਤੀਆਂ ਨੂੰ ਭਰੋਸਾ ਦਿੱਤਾ ਕਿ ਖਰੀਦ ਦੌਰਾਨ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਖਰੀਦ ਦੇ ਪੁਖਤਾ ਪ੍ਰਬੰਧ ਹਨ ਅਤੇ ਸੁੱਕਾ ਝੋਨਾ ਤੁਰੰਤ ਖਰੀਦਿਆ ਜਾਵੇਗਾ।