ਅੱਜ ਦਾ ਵਿਸ਼ੇਸ਼ ਮੇਰੀ ਮਾਂ ਨੂੰ ਸਮਰਪਿਤ ਹੈ ਜੋ ਕਿ ਇਸ ਦੁਨੀਆਂ ਨੂੰ 2018 ਵਿੱਚ ਅਲਵਿਦਾ ਕਹਿ ਗਏ ਸਨ।ਅੱਜ ਦਾ ਦਿਨ ਦੁਨੀਆਂ ਭਰ ‘ਚ ਮਈ ਮਹੀਨੇ ਦੇ ਦੂਸਰੇ ਐਤਵਾਰ ਨੂੰ ਮਦਰ ਡੇਅ ਮਤਲਬ ਮਾਂ ਦਾ ਦਿਨ ਵਜੋਂ ਮਨਾਇਆ ਜਾਂਦਾ ਹੈ ਪਰ ਮਾਂ ਦਾ ਕਦੇ ਵੀ ਇੱਕ ਦਿਨ ਨਹੀਂ ਹੁੰਦਾ ਮਾਂ ਦੇ ਤਾਂ ਸਾਰੇ ਹੀ ਦਿਨ ਹੁੰਦੇ ਨੇ ਪਰ ਫੇਰ ਵੀ ਬੱਚੇ ਇਸ ਦਿਨ ਨੂੰ ਆਪਣੀ ਮਾਂ ਨੂੰ ਤੋਹਫ਼ਾ ਦੇ ਕੇ ਕੇਕ ਕੱਟ ਕੇ ਆਪਣੀਆਂ ਮਾਵਾਂ ਨਾਲ ਇਹ ਦਿਨ ਮਨਾਕੇ ਆਪਣੀ ਖੁਸ਼ੀ ਮਾਂ ਨਾਲ ਸਾਂਝੀ ਕਰਦੇ ਨੇ,ਜੇ ਗੱਲ ਕਰੀਏ ਮਾਂ ਦੇ ਰਿਸ਼ਤੇ ਦੀ ਤਾਂ ਜਦੋਂ ਬੱਚਾ ਜਨਮ ਲੈਂਦਾ ਹੈ ਤਾਂ ਬੱਚੇ ਦੇ ਜਨਮ ਲੈਣ ਦੇ ਸਮੇਂ ਤੋਂ ਹੀ ਉਹ ਬੱਚਾ ਅਨੇਕਾਂ ਰਿਸ਼ਤਿਆਂ ਵਿੱਚ ਬੱਝ ਜਾਂਦਾ ਹੈ ਪਰ ਉਸ ਦਾ ਸਭ ਤੋਂ ਪਹਿਲਾ ਰਿਸ਼ਤਾ ਉਸ ਦੀ ਮਾਂ ਨਾਲ ਹੁੰਦਾ ਹੈ ਜੋ ਜਨਮ ਲੈਣ ਤੋਂ ਪਹਿਲਾਂ ਹੀ ਬਣ ਜਾਂਦਾ ਹੈ।ਬੱਚਾ ਜਨਮ ਲੈਣ ਤੋਂ ਬਾਅਦ ਜਦੋਂ ਬੋਲਣਾ ਸਿੱਖਦਾ ਹੈ ਤਾਂ ਸਭ ਤੋਂ ਪਹਿਲਾਂ ਮਾਂ ਸ਼ਬਦ ਕਹਿੰਦਾ ਹੈ।ਮਾਂ ਸ਼ਬਦ ਵਿੱਚ ਗੁੜ ਅਤੇ ਸ਼ਹਿਦ ਨਾਲੋਂ ਵੱਧ ਮਿਠਾਸ ਹੁੰਦੀ ਹੈ।ਜਦੋਂ ਅਸੀਂ ਕਿਸੇ ਵੀ ਔਖੇ ਦੌਰ ਵਿੱਚੋਂ ਲੰਘਦੇ ਹਾਂ ਤਾਂ ਆਪ ਮੁਹਾਰੇ ਹੀ ਸਾਡੀ ਜ਼ੁਬਾਨ ਤੇ ਹਾਏ ਮਾਂ ਸ਼ਬਦ ਆ ਜਾਂਦਾ ਹੈ।ਹਰ ਇਕ ਮਹਾਨ ਵਿਅਕਤੀ ਦੀ ਸਫ਼ਲਤਾ ਦੇ ਪਿੱਛੇ ਉਸ ਦੀ ਮਾਂ ਦੀ ਹੀ ਪ੍ਰੇਰਨਾ ਹੁੰਦੀ ਹੈ।ਹਰ ਇੱਕ ਵਿਅਕਤੀ ਲਈ ਸਭ ਤੋਂ ਨਿੱਘਾ ਪਿਆਰਾ ਤੇ ਉੱਚਾ ਸੁੱਚਾ ਰਿਸ਼ਤਾ ਮਾਂ ਨਾਲ ਹੀ ਹੁੰਦਾ ਹੈ।ਦੁਨੀਆਂ ਦੇ ਹਰ ਰਿਸ਼ਤਿਆਂ ਵਿੱਚੋਂ ਇੱਕ ਮਾਂ ਦਾ ਹੀ ਇਕ ਇਹੋ ਜਿਹਾ ਰਿਸ਼ਤਾ ਹੁੰਦਾ ਹੈ ਜਿਸ ਦੇ ਪਿਆਰ ਵਿਚ ਕੋਈ ਵੀ ਲਾਲਚ ਨਹੀਂ ਹੁੰਦੀ।ਮਾਂ ਹੀ ਹੈ ਜਿਹੜੀ ਆਪਣੇ ਬੱਚਿਆਂ ਨੂੰ ਉੱਚੀਆਂ ਬੁਲੰਦੀਆਂ ਤੇ ਪਹੁੰਚਣ ਦਾ ਹਮੇਸ਼ਾਂ ਅਸ਼ੀਰਵਾਦ ਦਿੰਦੀ ਰਹਿੰਦੀ ਹੈ।ਬੱਚਾ ਭਾਵੇਂ ਕਿਹੋ ਜਿਹਾ ਵੀ ਹੋਵੇ ਪਰ ਮਾਂ ਨੂੰ ਹਮੇਸ਼ਾਂ ਉਹ ਬੱਚਾ ਸੋਨੇ-ਚਾਂਦੀ ਹੀਰੇ-ਮੋਤੀਆਂ ਤੋਂ ਵੀ ਵਧ ਕੇ ਸੋਹਣਾ ਲੱਗਦਾ ਹੈ।ਮਾਂ ਭਾਵੇਂ ਆਪਣੇ ਲਈ ਕਦੇ ਵੀ ਸੁਪਨਾ ਨਾ ਦੇਖੇ ਪਰ ਆਪਣੇ ਬੱਚਿਆਂ ਲਈ ਸੁਪਨਾ ਹਮੇਸ਼ਾਂ ਦੇਖਦੀ ਰਹਿੰਦੀ ਹੈ।ਮਾਂ ਇੱਕ ਮਾਲੀ ਹੈ ਤੇ ਬੱਚਾ ਮਾਂ ਦਾ ਬਗੀਚਾ ਹੈ।ਜਿਵੇਂ ਕਿ ਮਾਲੀ ਆਪਣੇ ਹੱਥੀਂ ਇਕ ਪੌਦਾ ਲਾ ਕੇ ਉਸ ਦਾ ਪੂਰਾ ਖਿਆਲ ਰੱਖਦਾ ਹੈ ਤੇ ਉਸ ਨੂੰ ਇੱਕ ਫਲਦਾਰ ਤੇ ਉਪਯੋਗੀ ਰੁੱਖ ਬਣਾਉਣ ‘ਚ ਲੱਗਾ ਰਹਿੰਦਾ ਹੈ।ਇਸ ਪਿੱਛੇ ਉਸਦੀ ਸੋਚ ਹੁੰਦੀ ਹੈ ਕਿ ਇੱਕ ਨਾ ਇੱਕ ਦਿਨ ਇਹ ਪੌਦੇ ਵੱਡੇ ਹੋ ਕੇ ਰੁੱਖ ਬਣ ਜਾਵੇਗਾ ਅਤੇ ਮੈੰ ਇਸ ਦੀ ਛਾਂ ਹੇਠ ਆਰਾਮ ਨਾਲ ਬੈਠ ਕੇ ਆਪਣਾ ਬੁੱਢਾਪਾ ਬਤੀਤ ਕਰਾਂਗਾ।ਮਾਂ ਹਮੇਸ਼ਾ ਆਪਣੇ ਪਰਿਵਾਰ ਨੂੰ ਇਕ ਮਾਲਾ ਦੇ ਮੋਤੀਆਂ ਵਾਂਗ ਪਰੋ ਕੇ ਰੱਖਦੀ ਹੈ।ਮਾਂ ਆਪ ਤਾਂ ਭੁੱਖੀ ਰਹਿ ਸਕਦੀ ਹੈ ਪਰ ਆਪਣੇ ਪਰਿਵਾਰ ਨੂੰ ਕਦੇ ਵੀ ਭੁੱਖਾ ਨਹੀਂ ਰਹਿਣ ਦਿੰਦੀ।ਮਾਂ ਹਮੇਸ਼ਾਂ ਬੱਚਿਆਂ ਦੀਆਂ ਗ਼ਲਤੀਆਂ ਨੂੰ ਅਣਦੇਖਾ ਕਰ ਕੇ ਉਸ ਗ਼ਲਤੀਆਂ ਨੂੰ ਸੁਧਾਰਨ ਲਈ ਵਰਜਦੀ ਰਹਿੰਦੀ ਹੈ।ਮਾਂ ਦਾ ਪਿਆਰ ਨਸੀਬਾਂ ਵਾਲਿਆਂ ਨੂੰ ਮਿਲਦਾ ਹੈ ਇਹ ਰਿਸ਼ਤਾ ਰੱਬ ਦੀ ਰਹਿਮਤ ਨਾਲ ਮਿਲਦਾ ਹੈ ਸਿਆਣੇ ਲੋਕ ਕਹਿੰਦੇ ਹਨ ਕਿ ਉਸ ਘਰ ਤੋਂ ਚੰਗਾ ਸ਼ਮਸ਼ਾਨ ਹੁੰਦਾ ਹੈ ਜਿਸ ਘਰ ਵਿੱਚ ਮਾਂ ਦੀ ਕਦਰ ਅਤੇ ਉਸ ਦਾ ਸਤਿਕਾਰ ਨਹੀਂ ਹੁੰਦਾ।

– ਪੱਤਰਕਾਰ ਲੱਕੀ ਘੁਮੈਤ-9915707070