
ਮੁੱਖ ਮੰਤਰੀ ਆਪਣੇ ਆਗੁਆਂ ਦੀ ਬਿਆਨਬਾਜ਼ੀ ਤੇ ਲਗਾਵੇ ਲਗਾਮ
ਚੀਮਾ ਮੰਡੀ,(ਗੁਰਵਿੰਦਰ ਸਿੰਘ ਚਹਿਲ) : ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਅਤੇ ਜੁਝਾਰੂ ਵਰਕਰ ਆਪਣੀਆਂ ਹੱਕੀ ਮੰਗਾਂ ਨੂੰ ਲਾਗੂ ਕਰਵਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਰਿਹਾਇਸ਼ ‘ਤੇ ਉਹਨਾਂ ਦੀ ਕੋਠੀ ਦਾ ਕੁੰਡਾ ਖੜਕਾਉਣ ਗਏ ਸਨ,ਉਹਨਾਂ ਦੀ ਗੱਲ ਸੁਣਨ ਦੀ ਬਜਾਏ ਇਹਨਾਂ ਨਿਹੱਥੇ ਮਜ਼ਦੂਰਾਂ ‘ਤੇ ਡੰਡਾ ਵਰ੍ਹਾ ਕੇ ਪੰਜਾਬ ਸਰਕਾਰ ਨੇ ਕਾਇਰਤਾ ਵਾਲਾ ਕੰਮ ਕੀਤਾ ਹੈ। ਸ਼ਬਦਾਂ ਦਾ ਪ੍ਰਗਟਾਵਾ ਚੀਮਾ ਮੰਡੀ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਨੇ ਕੀਤਾ। ਸ੍ਰ ਸ਼ਾਦੀਪੁਰ ਨੇ ਕਿਹਾ ਕਿ ਉਹ ਇਸ ਘਟਨਾ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦੇ ਹਨ ਅਤੇ ਉਹ ਮਜਦੂਰ ਯੂਨੀਅਨ ਦੇ ਨਾਲ ਖੜੇ ਹਨ।ਉਹਨਾਂ ਕਿਹਾ ਕਿ ਆਪ ਪਾਰਟੀ ਵੀ ਧਰਨਿਆਂ ਦੀ ਪੈਦਾਇਸ਼ ਹੈ।ਕੀਤੇ ਵਾਅਦੇ ਅਨੁਸਾਰ ਇਸ ਪਾਰਟੀ ਦੇ ਮੁੱਖ ਆਗੂ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਹਿੰਦੇ ਹੁੰਦੇ ਸਨ ਕਿ ਉਹਨਾਂ ਦੀ ਸਰਕਾਰ ਬਣਨ ‘ਤੇ ਪੰਜਾਬ ਖੁਸ਼ਹਾਲ ਹੋਵੇਗਾ।ਨਾ ਕੋਈ ਧਰਨਾ, ਨਾ ਲਾਠੀਚਾਰਜ ਤੇ ਨਾ ਕੋਈ ਟੈਂਕੀਆਂ ‘ਤੇ ਚੜ੍ਹੇਗਾ ਪਰ ਹੁਣ ਪਿਛਲੀਆਂ ਸਾਰੀਆਂ ਸਰਕਾਰਾਂ ਦੇ ਮੁਕਾਬਲੇ ਸੂਬੇ ਵਿੱਚ ਵੱਧ ਧਰਨੇ ਮੁਜਾਹਰੇ ਹੋਣ ਲੱਗ ਗਏ ਹਨ।
ਉਹਨਾਂ ਕਿਹਾ ਕਿ ਸੂਬੇ ਵਿੱਚ ਕਾਨੂੰਨ ਨਾ ਦੀ ਕੋਈ ਚੀਜ਼ ਨਹੀਂ ਹੈ। ਉਹਨਾਂ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਆਪਣੇ ਮੰਤਰੀਆਂ ਤੇ ਵਿਧਾਇਕਾਂ ਦੀ ਜੁਬਾਨ ‘ਤੇ ਲਗਾਮ ਲਾਏ ਕਿ ਉਹ ਪੰਜਾਬੀਆਂ ਨੂੰ ਬੇਵਕੂਫ ਕਹਿਣਾ ਬੰਦ ਕਰਨ। ਕਿਸਾਨ ਆਗੂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਵੀ ਕਿਸਾਨ ਨਾਲ ਵਾਅਦਾ ਖਿਲਾਫੀ ਕੀਤੀ ਹੈ। ਦਿੱਲੀ ਕਿਸਾਨ ਮੋਰਚਾ ਚਕਵਾਉਣ ਲਈ ਕੇਂਦਰ ਨੇ ਜ਼ੁਬਾਨ ਕਰਕੇ ਧੋਖਾ ਕੀਤਾ ਤੇ ਹੁਣ ਕਿਸਾਨ ਮੋਰਚਾ-2 ਦਿੱਲੀ ਵਿੱਚ ਲਾਉਣ ਦੀਆਂ ਤਿਆਰੀਆਂ ਹੋ ਰਹੀਆਂ ਹਨ।ਹੁਣ ਸਮਾਂ ਆ ਗਿਆ ਹੈ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਨੱਕ ਵਿੱਚ ਦਮ ਕਰਕੇ ਆਪਣੀਆਂ ਰਹਿੰਦੀਆਂ ਮੰਗਾਂ ਨੂੰ ਲਾਗੂ ਕਰਵਾਉਣਗੇ।ਇਸ ਮੌਕੇ ਜੱਥੇਬੰਦੀ ਦੇ ਜਿਲ੍ਹਾ ਪ੍ਰਧਾਨ ਨਵਜੋਤ ਸਿੰਘ ਜੋਤੀ ਸਰਪੰਚ, ਜਸਪਾਲ ਸਿੰਘ ਵਿਰਕ, ਰਛਪਾਲ ਸਿੰਘ ਜਿਲ੍ਹਾ ਜਨਰਲ ਸਕੱਤਰ, ਹਰਬੰਸ ਸਿੰਘ ਦੰਦੇਰਾ ਪ੍ਰੈਸ ਸਕੱਤਰ, ਬਲਬੀਰ ਸਿੰਘ ਮੱਲੀ, ਬਾਜ ਸਿੰਘ ਮੱਲੀ, ਸਬੇਗ ਸਿੰਘ ਸ਼ਾਦੀਪੁਰ, ਗੁਰਜੰਟ ਸਿੰਘ ਮਾਨ, ਗੁਰਲਾਲ ਸਿੰਘ ਵਿਰਕ, ਗੁਰਨਾਮ ਸਿੰਘ ਵਿਰਕ ਤੇ ਹੋਰ ਕਿਸਾਨ ਵਰਕਰ ਹਾਜ਼ਰ ਸਨ।
