
ਸੰਗਰੂਰ ( ਜਗਸੀਰ ਲੌਂਗੋਵਾਲ) : ਕੇਂਦਰ ਦੀ ਮੋਦੀ ਸਰਕਾਰ ਵਲੋਂ ਪੈਟਰੋਲ, ਡੀਜ਼ਲ, ਘਰੇਲੂ ਗੈਸ, ਦੀਆਂ ਵਧਾਈਆਂ ਕੀਮਤਾਂ ਕਾਰਨ ਆਟਾ, ਦਾਲਾਂ, ਸਬਜ਼ੀਆਂ,ਚਾਹ ਪੱਤੀ,ਚੀਨੀ,ਰੀਫਾਇੰਡ, ਸਰੋਂ ਦਾ ਤੇਲ ਕਾਰਪੋਰੇਟ ਘਰਾਣਿਆਂ ਦੇ ਸਪੁਰਦ ਕਰਨ ਕਰਕੇ ਆਮ ਲੋਕਾਂ ਅਤੇ ਦਰਮਿਆਨੇ ਤਬਕੇ ਦਾ ਜਿਊਣਾ ਮੁਹਾਲ ਹੋਇਆ ਪਿਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਟੂ ਪੰਜਾਬ ਦੇ ਸੂਬਾ ਪ੍ਰਧਾਨ ਸਾਥੀ ਪਰਮਜੀਤ ਨੀਲੋਂ, ਸੂਬਾ ਸਕੱਤਰ ਸਾਥੀ ਅਮਰਨਾਥ ਕੂੰਮਕਲਾਂ, ਸਿਕੰਦਰ ਬਖ਼ਸ਼ ਮੰਡ ਚੌਂਤਾ, ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਸੂਬਾ ਜਨਰਲ ਸਕੱਤਰ ਸਤਪਾਲ ਜੋਸ਼ੀਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝਾ ਕੀਤਾ। ਉਪਰੋਕਤ ਆਗੂਆਂ ਨੇ ਕਿਹਾ ਸਮਰਾਲਾ ਸਬਜੀ ਮੰਡੀ ਵਿੱਚ ਜਿੱਥੇ ਆਲੂ ਪਿਆਜ਼ ਅਤੇ ਹੋਰ ਵਸਤੂਆਂ ਦੀਆਂ ਦੀਆਂ ਕੀਮਤਾਂ ਮਹਿੰਗੇ ਭਾਅ ਤੇ ਮਿਲ ਰਹੀਆਂ ਹਨ ਉੱਥੇ ਸਾਈਕਲ ਰਿਕਸ਼ਾ ਅਤੇ ਮੋਟਰਸਾਈਕਲ ਵਾਲੀਆਂ ਰੇਹੜੀਆਂ ਵਾਲਿਆਂ ਦੀ ਵੀ ਮਾਰਕੀਟ ਕਮੇਟੀ ਦੇ ਠੇਕੇਦਾਰ ਵੱਲੋਂ ਭਾਰੀ ਲੁੱਟ ਕੀਤੀ ਜਾ ਰਹੀ ਹੈ।