
(ਗੁਰਦੀਪ ਸਿੰਘ ਹੋਠੀ) ਜਲੰਧਰ। ਮਕਸੂਦਾਂ ਮੰਡੀ ’ਚ ਬੀਤੇ ਕੁਝ ਦਿਨਾਂ ਤੋਂ ਨਾਜਾਇਜ ਕਬਜੇ ਕੀਤੇ ਜਾ ਰਹੇ ਹਨ। ਆੜਤੀਆਂ ਵੱਲੋਂ ਸਰਕਾਰੀ ਥਾਵਾਂ ’ਤੇ ਸ਼ੈੱਡ ਪਾ ਕੇ 60 ਫੁੱਟ ਤੋਂ ਵੀ ਵੱਧ ਮਾਰਕੀਟ ਕਮੇਟੀ ਦੀ ਥਾਂ ’ਤੇ ਕਬਜੇ ਕਰ ਲਏ ਗਏ। ਸ਼ਰੇਆਮ ਹੋਏ ਇਨਾਂ ਕਬਜ ਿਆਂ ਨੂੰ ਲੈ ਕੇ ਮਾਰਕੀਟ ਕਮੇਟੀ ਅੱਖਾਂ ਬੰਦ ਕਰੀ ਬੈਠੀ ਹੈ। ਇਥੋਂ ਤਕ ਕਿ ਕੁਝ ਆੜਤੀ ਉਥੇ ਖੁਦ ਦੀ ਪ੍ਰਚੂਨ ’ਚ ਸਬਜੀ ਵਿਕਵਾ ਰਹੇ ਹਨ, ਜਦਕਿ ਕੁਝ ਨੇ ਥੋਕ ਅਤੇ ਪ੍ਰਚੂਨ ਵਾਲਿਆਂ ਨੂੰ ਕਿਰਾਏ ’ਤੇ ਦੇ ਦਿੱਤੀ ਹੈ।
ਕਾਨੂੰਨ ਅਨੁਸਾਰ ਮਕਸੂਦਾਂ ਮੰਡੀ ’ਚ ਕੋਈ ਵੀ ਆੜਤੀ ਸ਼ੈੱਡ ਨਹੀਂ ਪਾ ਸਕਦਾ ਪਰ ਇਸ ਸਮੇਂ ਹਾਲਾਤ ਇਹ ਹਨ ਕਿ ਕੁਝ ਤਾਂ ਸ਼ੈੱਡ ਪਾ ਚੁੱਕੇ ਹਨ ਪਰ ਕੁਝ ਉਨਾਂ ਨਾਜਾਇਜ ਸ਼ੈੱਡਾਂ ਤੋਂ ਵੀ ਕਮਾਈ ਕਰ ਰਹੇ ਹਨ। ਆੜਤੀ ਉਨਾਂ ਸ਼ੈੱਡਾਂ ਨੂੰ 4 ਤੋਂ 8 ਹਜਾਰ ਤੱਕ ਕਿਰਾਏ ’ਤੇ ਦੇ ਚੁੱਕੇ ਹਨ। ਸਭ ਤੋਂ ਵੱਡੀ ਗੱਲ ਹੈ ਕਿ ਉਨਾਂ ਨਾਜਾਇਜ ਸ਼ੈੱਡਾਂ ’ਤੇ ਗੈਰ-ਕਾਨੂੰਨੀ ਢੰਗ ਨਾਲ ਬਿਜਲੀ ਦਾ ਕੁਨੈਕਸ਼ਨ ਵੀ ਦਿੱਤਾ ਹੋਇਆ ਹੈ।
ਇਸ ਸਬੰਧੀ ਜਦੋਂ ਮਾਰਕੀਟ ਕਮੇਟੀ ਦੇ ਸੈਕਟਰੀ ਸੰਜੀਵ ਕੁਮਾਰ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਹਾਲ ਹੀ ’ਚ ਉਨਾਂ ਚਾਰਜ ਸੰਭਾਲਿਆ ਹੈ। ਉਨਾਂ ਕਿਹਾ ਕਿ ਇਸ ਗੱਲ ਦੀ ਜਾਂਚ ਕੀਤੀ ਜਾਵੇਗੀ ਕਿ ਕਿਹੜੇ ਲੋਕਾਂ ਨੇ ਕਬਜੇ ਕਰ ਲਏ ਹਨ। ਇਸ ਤਰਾਂ ਕੋਈ ਵੀ ਸ਼ੈੱਡ ਨਹੀਂ ਪਾ ਸਕਦਾ। ਜੇਕਰ ਕਿਸੇ ਨੇ ਵੀ ਨਾਜਾਇਜ ਢੰਗ ਨਾਲ ਸ਼ੈੱਡ ਪਾਏ ਹੋਏ ਹਨ ਤਾਂ ਉਨਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।
ਮੰਡੀ ’ਚ ਸੜਕ ਤਕ ਪਹੁੰਚ ਗਈਆਂ ਰੇਹੜੀਆਂ ਅਤੇ ਫੜੀਆਂ
ਮਕਸੂਦਾਂ ਮੰਡੀ ’ਚ ਹੁਣ ਸੜਕਾਂ ਤਕ ਕਬਜੇ ਹੋ ਚੁੱਕੇ ਹਨ। ਰੇਹੜੀ ਵਾਲਿਆਂ ਤੋਂ ਇਲਾਵਾ ਫੜੀਆਂ ਵਾਲੇ ਵੀ ਸੜਕਾਂ ’ਤੇ ਕਬਜਾ ਕਰ ਚੁੱਕੇ ਹਨ। ਹੈਰਾਨੀ ਦੀ ਗੱਲ ਹੈ ਕਿ ਮਾਰਕੀਟ ਕਮੇਟੀ ਦੇ ਕਰਮਚਾਰੀ ਇਸ ਮਾਮਲੇ ਨੂੰ ਲੈ ਕੇ ਕੋਈ ਕਦਮ ਨਹੀਂ ਚੁੱਕ ਰਹੇ। ਇਸ ਤੋਂ ਇਲਾਵਾ ਗੰਦਗੀ ਨੂੰ ਚੁੱਕਣ ਲਈ ਵੀ ਕੋਈ ਯਤਨ ਨਹੀਂ ਕੀਤੇ ਜਾ ਰਹੇ।
ਨਵੇਂ ਆਏ ਸੈਕਟਰੀ ’ਤੇ ਆਸ :
ਮਕਸੂਦਾਂ ਮੰਡੀ ’ਚ ਚੱਲ ਰਹੀ ਅਵਿਵਸਥਾ ਨੂੰ ਲੈ ਕੇ ਇਸ ਸਮੇਂ ਮਾਰਕੀਟ ਕਮੇਟੀ ਦੇ ਨਵੇਂ ਸੈਕਟਰੀ ਸੰਜੀਵ ਕੁਮਾਰ ਤੋਂ ਐਕਸ਼ਨ ਦੀ ਆਸ ਹੈ। ਉਹ ਸਖਤ ਅਧਿਕਾਰੀ ਵਜੋਂ ਤਾਂ ਜਾਣੇ ਹੀ ਜਾਂਦੇ ਹਨ, ਉਨਾਂ ਦਾ ਅਕਸ ਵੀ ਈਮਾਨਦਾਰੀ ਵਾਲਾ ਹੈ। ਜਲਦ ਮੰਡੀ ’ਚ ਚੱਲ ਰਹੀ ਅਵਿਵਸਥਾ ਨੂੰ ਲੈ ਕੇ ਸੈਕਟਰੀ ਵੱਲੋਂ ਵੱਡੀ ਕਾਰਵਾਈ ਕੀਤੀ ਜਾ ਸਕਦੀ ਹੈ।