
ਬਲਾਚੌਰ(ਜਤਿੰਦਰ ਪਾਲ ਸਿੰਘ ਕਲੇਰ) – ਹਲਕਾ ਬਲਾਚੌਰ ਦੇ ਪਿੰਡ ਚਾਂਦਪੁਰ ਰੁੜਕੀ ਵਿਖੇ ਧੰਨ-ਧੰਨ ਬਾਬਾ ਗੁਰਦਿੱਤਾ ਜੀ ਦੇ ਪਾਵਨ ਜਨਮ ਦਿਹਾੜੇ ਨੂੰ ਸਮਰਪਿਤ ਕਰਵਾਏ ਗਏ ਵਿਸ਼ਾਲ ਕਬੱਡੀ ਕੱਪ ਦਾ ਆਯੋਜਨ ਬੜੀ ਧੂਮ-ਧਾਮ ਨਾਲ ਕੀਤਾ ਗਿਆ। ਇਸ ਖੇਡ ਮੇਲੇ ਵਿੱਚ ਭਾਜਪਾ ਦੇ ਸੀਨੀਅਰ ਆਗੂ, ਯੁਵਾ ਦਿਲਾਂ ਦੀ ਧੜਕਣ ਅਤੇ ਉੱਘੇ ਸਮਾਜ ਸੇਵੀ ਸੰਦੀਪ ਭਾਟੀਆ ਸੋਨੂੰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਪਿੰਡ ਪਹੁੰਚਣ ‘ਤੇ ਸਮੂਹ ਨਗਰ ਨਿਵਾਸੀਆਂ, ਗਰਾਮ ਪੰਚਾਇਤ ਅਤੇ ਕਬੱਡੀ ਕੱਪ ਪ੍ਰਬੰਧਕ ਕਮੇਟੀ ਵੱਲੋਂ ਸੰਦੀਪ ਭਾਟੀਆ ਸੋਨੂੰ ਦਾ ਫੁੱਲਾਂ ਦੇ ਹਾਰ ਪਾ ਕੇ ਅਤੇ ਢੋਲ ਦੀ ਥਾਪ ‘ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਪੰਡਾਲ ਖਚਾਖਚ ਭਰਿਆ ਹੋਇਆ ਸੀ ਅਤੇ ਖੇਡ ਪ੍ਰੇਮੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਸੰਦੀਪ ਭਾਟੀਆ ਸੋਨੂੰ ਨੇ ਸਮੂਹ ਪਿੰਡ ਵਾਸੀਆਂ ਨੂੰ ਬਾਬਾ ਗੁਰਦਿੱਤਾ ਜੀ ਦੇ ਜਨਮ ਦਿਹਾੜੇ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਕਬੱਡੀ ਸਾਡੀ ਮਾਂ ਖੇਡ ਹੈ ਅਤੇ ਅਜਿਹੇ ਟੂਰਨਾਮੈਂਟ ਸਾਡੇ ਪੰਜਾਬੀ ਸੱਭਿਆਚਾਰ ਦੀ ਪਹਿਚਾਣ ਹਨ। ਇਹ ਖੇਡ ਮੇਲੇ ਸਾਡੇ ਨੌਜਵਾਨਾਂ ਨੂੰ ਨਸ਼ਿਆਂ ਵਰਗੀ ਭੈੜੀ ਅਲਾਮਤ ਤੋਂ ਦੂਰ ਰੱਖ ਕੇ ਖੇਡਾਂ ਵੱਲ ਪ੍ਰੇਰਿਤ ਕਰਦੇ ਹਨ ਅਤੇ ਆਪਸੀ ਭਾਈਚਾਰੇ ਨੂੰ ਹੋਰ ਮਜ਼ਬੂਤ ਕਰਦੇ ਹਨ।
ਉਨ੍ਹਾਂ ਨੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਹਾਰ-ਜਿੱਤ ਖੇਡ ਦਾ ਹਿੱਸਾ ਹੈ ਪਰ ਖੇਡ ਨੂੰ ਖੇਡ ਭਾਵਨਾ ਨਾਲ ਖੇਡਣਾ ਹੀ ਅਸਲ ਜਿੱਤ ਹੈ। ਉਨ੍ਹਾਂ ਪ੍ਰਬੰਧਕ ਕਮੇਟੀ ਨੂੰ ਇਸ ਸਫਲ ਆਯੋਜਨ ਲਈ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ।
ਇਸ ਮੌਕੇ ‘ਤੇ ਪਿੰਡ ਦੇ ਪਤਵੰਤੇ ਸੱਜਣ, ਨੌਜਵਾਨ ਕਲੱਬ ਦੇ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਹਾਜ਼ਰ ਸਨ। ਅੰਤ ਵਿੱਚ ਸੰਦੀਪ ਭਾਟੀਆ ਸੋਨੂੰ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਧੰਨ-ਧੰਨ ਬਾਬਾ ਗੁਰਦਿੱਤਾ ਜੀ ਆਪਣੀ ਮਿਹਰ ਭਰਿਆ ਹੱਥ ਸਮੂਹ ਸੰਗਤ ਅਤੇ ਪਿੰਡ ਚਾਂਦਪੁਰ ਰੁੜਕੀ ਨਿਵਾਸੀਆਂ ‘ਤੇ ਹਮੇਸ਼ਾ ਬਣਾਈ ਰੱਖਣ ਅਤੇ ਪਿੰਡ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ।