
– ਕਿਸਾਨ ਆਗੂ ਗੁਰਮੇਲ ਸਿੰਘ ਭਰੋਵਾਲ ਅਤੇ ਬਾਬਾ ਪਰਮਜੀਤ ਸਿੰਘ ਵਲੋਂ ਕੈਂਪ ਦਾ ਕੀਤਾ ਉਦਘਾਟਨ
– ਕੈਂਪ ’ਚ ਡਾ. ਪ੍ਰਭਜੋਤ ਕੌਰ ਨੇ 150 ਮਰੀਜਾਂ ਦੀ ਕੀਤੀ ਜਾਂਚ
(ਮਨੀ ਰਸੂਲਪੁਰੀ) ਸਿੱਧਵਾ ਬੇਟ/ਭੂੰਦੜੀ। ਪਿੰਡ ਭਰੋਵਾਲ ਕਲਾਂ ਦੇ ਗੁਰਦੁਆਰਾ ਸਾਹਿਬ ’ਚ ਪ੍ਰੀਤ ਨਰਸਿੰਗ ਹੋਮ ਸਿੱਧਵਾਂ ਬੇਟ ਦੀ ਡਾਕਟਰੀ ਟੀਮ ਵੱਲੋਂ ਮਰੀਜਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਮੁਫਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਕਿਸਾਨ ਆਗੂ ਗੁਰਮੇਲ ਸਿੰਘ ਭਰੋਵਾਲ ਅਤੇ ਬਾਬਾ ਪਰਮਜੀਤ ਸਿੰਘ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਇਸ ਸਮੇਂ ਕਿਸਾਨ ਆਗੂ ਭਰੋਵਾਲ ਨੇ ਆਖਿਆ ਕਿ ਅਜਿਹੇ ਕੈਂਪ ਲਗਾਉਣੇ ਪ੍ਰੀਤ ਨਰਸਿੰਗ ਹੋਮ ਦੀ ਡਾਕਟਰੀ ਟੀਮ ਦਾ ਸ਼ਲਾਘਾਯੋਗ ਉਪਰਾਲਾ ਹੈ। ਉਨਾਂ ਡਾ. ਪ੍ਰਭਜੋਤ ਕੌਰ ਅਤੇ ਡਾ. ਸੰਤੋਂਖ ਸਿੰਘ ਹੀਰਾ ਦੀ ਸਮੂਹ ਡਾਕਟਰੀ ਟੀਮ ਦਾ ਧੰਨਵਾਦ ਕੀਤਾ। ਡਾ. ਪ੍ਰਭਜੋਤ ਕੌਰ ਨੇ ਕੈਂਪ ’ਚ ਜੁੜੇ ਮਰੀਜਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇ ਕਰ ਅਸੀਂ ਖਾਣ ਪੀਣ ਦਾ ਧਿਆਨ ਰੱਖਾਂਗੇ ਤਾਂ ਅਸੀਂ ਬਹੁਤ ਸਾਰੀਆਂ ਬੀਮਾਰੀਆਂ ਤੋਂ ਬਚ ਸਕਦੇ ਹੈ। ਉਨਾਂ ਕਿਹਾ ਕਿ ਜੇ ਕਰ ਅਸੀਂ ਬੀਮਾਰੀ ਦੇ ਸ਼ੁਰੂਆਤੀ ਸਮੇਂ ਹੀ ਡਾਕਟਰੀ ਇਲਾਜ਼ ਸ਼ੁਰੂ ਕਰ ਲੈਂਦੇ ਹਾਂ ਤਾਂ ਸਾਨੂੰ ਬਹੁਤ ਜਲਦ ਅਰਾਮ ਮਿਲ ਸਕਦਾ ਹੈ ਪਰ ਪਿੰਡਾਂ’ਚ ਜਿਆਦਾਤਰ ਲੋਕ ਬੀਮਾਰੀ ਦੇ ਬਹੁਤ ਵੱਧ ਜਾਣ ਤੇ ਹੀ ਡਾਕਟਰ ਕੋਲ ਜਾਂਦੇ ਹਨ, ਜਿਸ ਕਰਕੇ ਮਰੀਜ਼ ਨੂੰ ਠੀਕ ਹੋਣ’ਚ ਬਹੁਤ ਸਮਾਂ ਲੱਗ ਜਾਂਦਾ ਹੈ। ਡਾ. ਪ੍ਰਭਜੋਤ ਕੌਰ ਨੇ ਗਰਭਵਤੀ ਔਰਤਾਂ ਨੂੰ ਵੀ ਸਮੇਂ ਸਿਰ ਆਪਣੀ ਸਿਹਤ ਦੀ ਜਾਂਚ ਕਰਵਾਉਂਦੇ ਰਹਿਣ ਦੀ ਸਲਾਹ ਦਿਤੀ ਅਤੇ ਆਪਣੇ ਖਾਣ-ਪੀਣ ਦਾ ਉਚੇਚਾ ਧਿਆਨ ਰੱਖਣ ਪ੍ਰਤੀ ਜਾਗਰੂਕ ਕੀਤਾ। ਕੈਂਪ ਦੌਰਾਨ ਔਰਤ ਰੋਗਾਂ ਦੇ ਮਾਹਿਰ ਡਾ.ਪ੍ਰਭਜੋਤ ਕੌਰ ਐੱਮ.ਬੀ.ਬੀ.ਐੱਸ ਦੀ ਟੀਮ ਵੱਲੋਂ ਕਰੀਬ 150 ਮਰੀਜਾਂ ਦੀ ਜਾਂਚ ਕੀਤੀ ਅਤੇ ਮਰੀਜਾਂ ਨੂੰ ਦਵਾਈਆਂ ਮੁਫਤ ਦਿੱਤੀਆ।ਕੈਂਪ ਦੌਰਾਨ ਮਰੀਜਾਂ ਦੇ ਵੱੱਖ-ਵੱਖ ਬੀਮਾਰੀਆਂ ਦੇ ਟੈਸਟ ਵੀ ਕੀਤੇ ਗਏ। ਇਸ ਮੌਕੇ ਕਿਸਾਨ ਆਗੂ ਮਨਜੀਤ ਸਿੰਘ ਪਟਵਾਰੀ, ਅਜੀਤਪਾਲ ਸਿੰਘ ਤੱਤਲਾ, ਗੁਰਮੀਤ ਸਿੰਘ, ਗੁਰਦੀਪ ਸਿੰਘ ਦੀਪਾ, ਚਰਨਜੀਤ ਸਿੰਘ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।