
ਲੌਂਗੋਵਾਲ (ਜਗਸੀਰ ਸਿੰਘ)- ਬਹਿੰਗਮ ਸੰਪਰਦਾ ਦੇ ਮੁਖੀ ਅਤੇ ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਜੀ, ਮਸਤੂਆਣਾ ਸਾਹਿਬ ਦੇ ਸਰਪ੍ਰਸਤ ਸੰਤ ਬਾਬਾ ਸੁਰਜੀਤ ਸਿੰਘ ਜੀ ਦਾ ਅੱਜ ਹਜ਼ਾਰਾਂ ਸ਼ਰਧਾਲੂਆਂ ਦੀ ਹਾਜ਼ਰੀ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਸੰਤ ਜੀ ਦੇ ਅਕਾਲ ਚਲਾਣੇ ਦੀ ਖ਼ਬਰ ਜਿਵੇਂ-ਜਿਵੇਂ ਉਨ੍ਹਾਂ ਦੇ ਸ਼ਰਧਾਲੂਆਂ ਅਤੇ ਸਿੱਖ ਕੌਮ ਨਾਲ ਸਬੰਧਤ ਵੱਖ-ਵੱਖ ਸੰਪਰਦਾਵਾਂ ਦੇ ਮੁਖੀਆਂ ਤੱਕ ਪਹੁੰਚੀ, ਤਿਵੇਂ-ਤਿਵੇਂ ਸਿੱਖ ਸੰਗਤਾਂ ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਜੀ ਵਿਖੇ ਇਕੱਠੀਆਂ ਹੋਣੀਆਂ ਸ਼ੁਰੂ ਹੋ ਗਈਆਂ। ਅੰਤਿਮ ਸੰਸਕਾਰ ਮੌਕੇ ਇਲਾਕੇ ਭਰ ਵਿੱਚੋਂ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਪਹੁੰਚ ਕੇ ਸੰਤ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਬਹਿੰਗਮ ਸੰਪਰਦਾ ਤੋਂ ਇਲਾਵਾ ਸਿੱਖ ਕੌਮ ਨਾਲ ਸਬੰਧਤ ਹੋਰਨਾਂ ਸੰਪਰਦਾਵਾਂ ਦੇ ਮੁਖੀਆਂ ਨੇ ਵੀ ਪਹੁੰਚ ਕੇ ਸੰਤ ਬਾਬਾ ਸੁਰਜੀਤ ਸਿੰਘ ਜੀ ਨੂੰ ਅੰਤਿਮ ਵਿਦਾਇਗੀ ਦਿੱਤੀ। ਸੰਤ ਬਾਬਾ ਸੁਰਜੀਤ ਸਿੰਘ ਜੀ ਬਚਪਨ ਤੋਂ ਹੀ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਦੇ ਸੇਵਕ ਬਣ ਗਏ ਸਨ। ਉਨ੍ਹਾਂ ਨੇ ਆਪਣਾ ਘਰ-ਬਾਰ ਤਿਆਗ ਕੇ ਸਾਰੀ ਉਮਰ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵੱਲੋਂ ਦਰਸਾਏ ਮਾਰਗ ’ਤੇ ਚੱਲਦਿਆਂ ਸੰਗਤਾਂ ਦੀ ਸੇਵਾ ਕੀਤੀ। ਉਹ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਕਾਰਜਾਂ ਦੇ ਨਾਲ-ਨਾਲ ਸਿੱਖ ਕੌਮ ਅਤੇ ਬਹਿੰਗਮ ਸੰਪਰਦਾ ਦੇ ਕਾਰਜਾਂ ਵਿੱਚ ਵੀ ਆਪਣਾ ਅਹਿਮ ਯੋਗਦਾਨ ਪਾਉਂਦੇ ਰਹੇ। ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਜੀ, ਮਸਤੂਆਣਾ ਸਾਹਿਬ ਨੂੰ ਆਪਣਾ ਸਮੁੱਚਾ ਜੀਵਨ ਸਮਰਪਿਤ ਕਰਨ ਵਾਲੇ ਸੰਤ ਬਾਬਾ ਸੁਰਜੀਤ ਸਿੰਘ ਜੀ ਨੇ ਸੰਗਤਾਂ ਦੀ ਸੇਵਾ ਲਈ ਘਰ-ਘਰ ਜਾ ਕੇ ਲੰਗਰ ਇਕੱਠਾ ਕਰਨ ਤੋਂ ਆਪਣੀ ਸੇਵਾ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਆਪਣਾ ਸਾਰਾ ਜੀਵਨ ਗੁਰਮਤਿ ਦੇ ਪ੍ਰਚਾਰ, ਧਾਰਮਿਕ ਸੇਵਾਵਾਂ ਅਤੇ ਸੰਗਤਾਂ ਦੀ ਭਲਾਈ ਦੇ ਕਾਰਜਾਂ ਨੂੰ ਸਮਰਪਿਤ ਕੀਤਾ।
ਸੰਤ ਬਾਬਾ ਸੁਰਜੀਤ ਸਿੰਘ ਜੀ ਦੇ ਅੰਤਿਮ ਸੰਸਕਾਰ ਮੌਕੇ ਉਨ੍ਹਾਂ ਦੇ ਪ੍ਰਮੁੱਖ ਸੇਵਕ ਅਤੇ ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਜੀ, ਮਸਤੂਆਣਾ ਸਾਹਿਬ ਦੇ ਮੁਖੀ ਸੰਤ ਬਾਬਾ ਦਰਸ਼ਨ ਸਿੰਘ ਜੀ ਵੱਲੋਂ ਉਨ੍ਹਾਂ ਦੀ ਚਿਖਾ ਨੂੰ ਅਗਨੀ ਭੇਟ ਕੀਤੀ ਗਈ। ਇਸ ਮੌਕੇ ਸੰਤ ਬਾਬਾ ਹਰਨੇਕ ਸਿੰਘ ਜੀ ਲੰਗਰਾਂ ਵਾਲੇ, ਗੁਰਦੁਆਰਾ ਜੋਤੀ ਸਰੂਪ ਦੇ ਮੁੱਖ ਸੇਵਾਦਾਰ ਬਾਬਾ ਜਸਵੰਤ ਸਿੰਘ ਜੀ, ਬਾਬਾ ਕੁਲਦੀਪ ਸਿੰਘ ਜੀ ਮੋਨ, ਬਾਬਾ ਮਨਹੋਰ ਸਿੰਘ ਜੀ ਚੰਡੀਗੜ੍ਹ, ਗੁਰਦੁਆਰਾ ਜਨਮ ਅਸਥਾਨ ਚੀਮਾ ਸਾਹਿਬ ਦੇ ਮੁਖੀ ਬਾਬਾ ਜਗਜੀਤ ਸਿੰਘ ਜੀ ਕਾਕਾ ਵੀਰ ਜੀ, ਬਾਬਾ ਜੀਤ ਸਿੰਘ ਜੀ ਹਿੰਮਤਪੁਰਾ, ਬਾਬਾ ਮਨਪ੍ਰੀਤ ਸਿੰਘ ਜੀ ਕੁੱਪ ਕਲਾਂ, ਬਾਬਾ ਸੁਖਰਾਜ ਸਿੰਘ ਜੀ ਲੱਡਾ, ਬਾਬਾ ਦਾਰਾ ਸਿੰਘ ਜੀ ਧੂਲੀਆ (ਮਹਾਰਾਸ਼ਟਰ), ਬਾਬਾ ਬਲਜੀਤ ਸਿੰਘ ਜੀ ਫੱਕਰ, ਗੁਰਦੁਆਰਾ ਮਾਤਾ ਭੋਲੀ ਕੌਰ ਜੀ, ਮਸਤੂਆਣਾ ਸਾਹਿਬ ਦੇ ਮੁਖੀ ਬਾਬਾ ਹਰਬੇਅੰਤ ਸਿੰਘ, ਭਾਈ ਮਲਕੀਤ ਸਿੰਘ ਜੀ ਗੁਰੂ ਕਾਸ਼ੀ ਦਮਦਮਾ ਸਾਹਿਬ, ਬਾਬਾ ਗੁਲਾਬ ਸਿੰਘ ਜੀ ਚਮਕੌਰ ਸਾਹਿਬ ਵਾਲੇ, ਬਾਬਾ ਪ੍ਰਿਤਪਾਲ ਸਿੰਘ ਜੀ ਚੰਡੀਗੜ੍ਹ ਵਾਲੇ, ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਬਾਬਾ ਸੁਖਦੇਵ ਸਿੰਘ ਜੀ, ਬਾਬਾ ਸੁਖਦੇਵ ਸਿੰਘ ਜੀ ਸਿਧਾਣਾ ਸਾਹਿਬ ਵਾਲੇ, ਅਕਾਲ ਕਾਲਜ ਕੌਂਸਲ ਦੇ ਜਨਰਲ ਸਕੱਤਰ ਜਸਵੰਤ ਸਿੰਘ ਖਹਿਰਾ, ਬਾਬਾ ਜਸਵਿੰਦਰ ਸਿੰਘ ਹਰੇੜੀ, ਬਾਬਾ ਮੁਖਤਿਆਰ ਸਿੰਘ ਜੀ ਮੁਖੀ, ਬਾਬਾ ਇੰਦਰਜੀਤ ਸਿੰਘ ਜੀ ਰਤੀਆ, ਬਾਬਾ ਹਾਕਮ ਸਿੰਘ ਗੰਡੇਵਾਲ ਅਤੇ ਰਾੜਾ ਸਾਹਿਬ ਸੰਪਰਦਾ ਵੱਲੋਂ ਸੰਤ ਸੇਵਕ ਜਥੇ ਦੇ ਨੁਮਾਇੰਦਿਆਂ ਨੇ ਵੀ ਹਾਜ਼ਰੀ ਲਗਵਾਈ।
ਅੰਤਿਮ ਸੰਸਕਾਰ ਮੌਕੇ ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਜੀ, ਮਸਤੂਆਣਾ ਸਾਹਿਬ ਦੇ ਪ੍ਰਧਾਨ ਸੰਤ ਬਾਬਾ ਦਰਸ਼ਨ ਸਿੰਘ ਜੀ ਨੇ ਪਹੁੰਚੀਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ 28 ਅਕਤੂਬਰ ਨੂੰ ਸੰਤ ਬਾਬਾ ਸੁਰਜੀਤ ਸਿੰਘ ਜੀ ਦੇ ਅੰਗੀਠੇ ਸੰਭਾਲੇ ਜਾਣਗੇ, ਜਦਕਿ 4 ਨਵੰਬਰ, ਬੁੱਧਵਾਰ ਨੂੰ ਸੰਤ ਜੀ ਦੀ ਆਤਮਿਕ ਸ਼ਾਂਤੀ ਲਈ ਪਾਠ ਦੇ ਭੋਗ ਪਾਏ ਜਾਣਗੇ ਅਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਜਾਵੇਗਾ। ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਸੰਤ ਬਾਬਾ ਸੁਰਜੀਤ ਸਿੰਘ ਜੀ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਉਣ।