
ਹੁਸ਼ਿਆਰਪੁਰ (ਤਰਸੇਮ ਦੀਵਾਨਾ) : ਸਿੱਧੂ ਮੂਸੇਵਾਲਾ ਦੀ ਮੌਤ ਨੇ ਪੰਜਾਬ ਦੇ ਕਾਨੂੰਨ ਵਿਵਸਥਾ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਸਮਾਜ ਵਿਰੋਧੀ ਅਨਸਰ ਜਦੋਂ ਚਾਹੇ, ਜਿੱਥੇ ਚਾਹੇ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ ਤੇ ਦੇ ਰਹੇ ਹਨ ਪੰਜਾਬ ਦਾ ਖੂਫੀਆ ਤੰਤਰ ਫੇਲ ਹੋ ਕੇ ਰਹਿ ਗਿਆ ਹੈ। ਇਹਨਾ ਗੱਲਾ ਦਾ ਪ੍ਰਗਟਾਵਾ ਪਿੰਡ ਧੁੱਗਾ ਕਲਾਂ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਸਤਰੰਜਨ ਧੁੱਗਿਆਂ ਵਾਲਿਆਂ ਨੇ ਪੱਤਰਕਾਰਾ ਨਾਲ ਕੀਤਾ। ਉਨ੍ਹਾਂ ਨੇ ਕਿਹਾ ਕਿ ਸਮਾਜ ਵਿਰੋਧੀ ਅਨਸਰ ਏ.ਕੇ-47 ਵਰਗੇ ਘਾਤਕ ਹਥਿਆਰਾਂ ਨਾਲ ਹਮਲੇ ਕਰ ਰਹੇ ਹਨ ਜੋ ਕਿ ਸਿਰਫ ਪੁਲਿਸ ਦੇ ਕੋਲ ਹੀ ਹੁੰਦੇ ਹਨ। ਉਨ੍ਹਾਂ ਕਿਹਾ ਕਿ ਚਿੱਟੇ ਦਿਨ ਗੈਗਸਟਰਾ ਨੇ ਸਿੱਧੂ ਮੂਸੇਵਾਲੇ ਤੇ ਅੱਨ੍ਹੇਵਾਹ ਫਾਇਰ ਕਰਕੇ ਗੱਡੀ ਵਿੱਚ ਹੀ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਉਸ ਦੇ ਸਾਥੀਆ ਨੂੰ ਵੀ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ। ਅਪਰਾਧੀ ਸਰੇਆਮ ਵਾਰਦਾਤ ਨੂੰ ਅੰਜਾਮ ਦੇ ਕੇ ਚਲੇ ਗਏ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਪੰਜਾਬ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਹੀ ਨਹੀ ਹੈ। ਸਮਾਜ ਵਿਰੋਧੀ ਅਨਸਰ ਜੇਲ੍ਹਾਂ ਵਿੱਚ ਆਪਣੀ ਜ਼ਿੰਦਗੀ ਬਾਦਸ਼ਾਹਾਂ ਦੀ ਤਰ੍ਹਾਂ ਗੁਜ਼ਾਰ ਰਹੇ ਹਨ ਅਤੇ ਭ੍ਰਿਸ਼ਟ ਤੰਤਰ ਮੋਬਾਇਲ ਤੋਂ ਲੈ ਕੇ ਹਰ ਤਰ੍ਹਾਂ ਨਾਲ ਉਨ੍ਹਾਂ ਦੀ ਮਦਦ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਵੀ ਆਈ ਪੀ ਲੋਕ ਜੇਲ੍ਹਾਂ ਨੂੰ ਰੈਸਟ ਹਾਊਸ ਸਮਝ ਕੇ ਦਿਨ ਗੁਜ਼ਾਰ ਰਹੇ ਹਨ। ਉਨ੍ਹਾਂ ਕਿਹਾ ਕਿ ਗੈਂਗਸਟਰਾਂ ਦੀ ਮੰਗ ਨੂੰ ਪੂਰੀ ਨਾ ਕਰਨ ਤੇ ਗੈਂਗਸਟਰ ਵਲੋ ਲੋਕਾਂ ਨੂੰ ਮੌਤ ਦੇ ਘਾਟ ਉਤਾਰਨਾ ਇੱਕ ਆਮ ਜਿਹੀ ਗੱਲ ਹੋ ਗਈ ਹੈ, ਜਿਸ ਦੇ ਕਾਰਨ ਰੰਗਲਾ ਪੰਜਾਬ ਗੰਦਲਾ ਬਣ ਕੇ ਰਹਿ ਗਿਆ ਹੈ। ਉਹਨਾ ਕਿਹਾ ਕਿ ਪੰਜਾਬ ਦੇ ਹਾਲਾਤ ਵਿਸਫੋਟਕ ਬਣਦੇ ਜਾ ਰਹੇ ਹਨ,ਇਸ ਤੇ ਪਾਬੰਦੀ ਲਗਾਉਣੀ ਸਮੇਂ ਦੀ ਮੰਗ ਹੈ।ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਦਹਿਸ਼ਤ ਫੈਲਾਉਣ ਦੇ ਯਤਨ ਹੋ ਰਹੇ ਹਨ ਜਿਸ ਨੂੰ ਬਿਨ੍ਹਾਂ ਦੇਰੀ ਕੀਤੇ ਰੋਕਿਆ ਜਾਵੇ।