– ਕਿਸਾਨ ਜਥੇਬੰਦੀਆਂ ਅਤੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਇਕੱਠੇ ਹੋ ਕੇ ਕੱਢਿਆ ਰੋਸ ਮਾਰਚ
(ਹਰਪ੍ਰੀਤ ਸਿੰਘ ਕੈਲੇ) ਮਾਛੀਵਾੜਾ ਸਾਹਿਬ। ਬੀਤੇ ਦਿਨੀ ਮਾਨਸਾ ਵਿਖੇ ਨਸ਼ਿਆਂ ਦਾ ਵਿਰੋਧ ਕਰਨ ਵਾਲੇ ਪਰਮਿੰਦਰ ਸਿੰਘ ਉਰਫ ਝੋਟਾ ਨੂੰ ਮੈਡੀਕਲ ਸਟੋਰ ਮਾਲਕ ਅਸ਼ਵਨੀ ਕੁਮਾਰ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਦੇ ਰੋਸ ਵਜੋਂ ਅੱਜ ਪੰਜਾਬ ਵਿੱਚ ਬੰਦ ਦਾ ਸੱਦਾ ਦਿੱਤਾ ਗਿਆ ਸੀ। ਇਸ ਸੱਦੇ ਨੂੰ ਮਾਛੀਵਾੜਾ ਸਾਹਿਬ ਵਿੱਚ ਪੂਰਨ ਸਮਰਥਨ ਦਿੰਦਿਆਂ ਸਾਰੀਆਂ ਹੀ ਦੁਕਾਨਾਂ , ਵਿੱਦਿਅਕ ਤੇ ਵਪਾਰਕ ਅਦਾਰੇ ਬੰਦ ਰਹੇ। ਅੱਜ ਦੇ ਬੰਦ ਦੇ ਸੱਦੇ ਨੂੰ ਸਮਰਥਨ ਦੇਣ ਲਈ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਆਪਣੇ ਵਰਕਰਾਂ ਸਮੇਤ , ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਗਨੀ ਖਾਂ,ਨਬੀ ਖਾਂ ਗੇਟਾਂ ਕੋਲੋਂ ਇੱਕ ਕਾਫਲੇ ਦੇ ਰੂਪ ਵਿੱਚ ਸ਼ਹਿਰ ਦਾ ਚੱਕਰ ਲਗਾਉਂਦਿਆਂ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਹਰੇ ਵੀ ਲਗਾਏ। ਇਸ ਮੌਕੇ ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜੁਗਰਾਜ ਸਿੰਘ ਮੰਡ, ਵਾਰਿਸ ਪੰਜਾਬ ਪਾਰਟੀ ਦੇ ਇੰਚਾਰਜ ਬਰਜਿੰਦਰ ਸਿੰਘ ਬਬਲੂ ਲੋਪੋਂ, ਬਲਵੀਰ ਸਿੰਘ ਮਾਨ, ਜਥੇਦਾਰ ਮਨਮੋਹਨ ਸਿੰਘ ਖੇੜਾ, ਸੁੱਖਾ ਮਾਨ, ਕਿਸਾਨ ਆਗੂ ਸੁਖਵਿੰਦਰ ਸਿੰਘ ਭੱਟੀਆਂ ਨੇ ਪਰਵਿੰਦਰ ਸਿੰਘ ਝੋਟਾ ਦੇਸ਼ ਦਿਨ ਦਿਹਾੜੇ ਕਤਲ ਕਰ ਦੇਣ ਦੀ ਘਟਨਾ ਨੂੰ ਅਤੀ ਨਿੰਦਣਯੋਗ ਅਤੇ ਘਿਨੌਣੀ ਘਟਨਾ ਕਰਾਰ ਦਿੰਦਿਆਂ ਡੀ.ਜੀ.ਪੀ. ਪੰਜਾਬ ਅਤੇ ਪੰਜਾਬ ਸਰਕਾਰ ਦੇ ਅਸਤੀਫੇ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ, ਲੁੱਟਾ ਖੋਹਾਂ, ਸ਼ਰੇਆਮ ਕਤਲ, ਝੂਠੇ ਪਰਚੇ ਆਪ ਸਰਕਾਰ ਦੀ ਸਾਢੇ ਚਾਰ ਸਾਲਾਂ ਦੀ ਪ੍ਰਾਪਤੀ ਹੈ। ਆਗੂਆਂ ਨੇ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੀ ਜਾਂਚ ਸੀ.ਬੀ.ਆਈ. ਤੋਂ ਕਰਾਉਣ ਦੀ ਵੀ ਮੰਗ ਕੀਤੀ। ਵੱਡੀ ਗਿਣਤੀ ਵਿੱਚ ਪਿੰਡਾਂ ਤੋਂ ਪੁੱਜੇ ਨੌਜਵਾਨਾਂ ਨੇ ਪਰਮਿੰਦਰ ਸਿੰਘ ਝੋਟਾ ਅਮਰ ਰਹੇ ਦੇ ਨਾਅਰੇ ਲਗਾਏ। ਇਸ ਮੌਕੇ ਹਰਨੇਕ ਸਿੰਘ ਢਿੱਲੋਂ, ਅਮਨਦੀਪ ਸਿੰਘ ਲਾਲਾ ਬਾਬਾ, ਗੁਰਦੀਪ ਸਿੰਘ, ਪਰਮਜੀਤ ਸਿੰਘ, ਗੁਰਮੀਤ ਸਿੰਘ ਢੀਂਡਸਾ, ਤਜਿੰਦਰ ਸਿੰਘ, ਸ਼ਿਵ ਕੁਮਾਰ ਸ਼ਿਵਲੀ, ਵਨੀਤ ਕੁਮਾਰ ਝੜੌਦੀ, ਕਾਮਰੇਡ ਦਰਸ਼ਨ ਸਿੰਘ, ਮਨਜੀਤ ਸਿੰਘ ਪਵਾਤ, ਸਰਪੰਚ ਕਰਮਜੀਤ ਸਿੰਘ ਅਡਿਆਣਾ ਆਦਿ ਹਾਜ਼ਰ ਸਨ।