
ਨਵਾਂਸ਼ਹਿਰ (ਜਤਿੰਦਰਪਾਲ ਸਿੰਘ ਕਲੇਰ) : ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨਵਾਂਸ਼ਹਿਰ ਵੱਲੋਂ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਖਾਂ ਦਾ ਮੁਫ਼ਤ ਜਾਂਚ ਅਤੇ ਆਪਰੇਸ਼ਨ ਕੈਂਪ ਅੱਜ ਮਿਤੀ 27 ਅਕਤੂਬਰ ਦਿਨ ਮੰਗਲਵਾਰ ਨੂੰ ਪਬਲਿਕ ਪਾਰਕ ਨਵਾਂਸ਼ਹਿਰ ਵਿਖੇ ਲਗਾਇਆ ਜਾ ਰਿਹਾ ਹੈ। ਅੱਜ ਦਾ ਇਹ ਆਪਰੇਸ਼ਨ ਕੈਂਪ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਨਾਲ ਨਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਵੀ ਸਮਰਪਿਤ ਕੀਤਾ ਗਿਆ ਹੈ।
ਇਸ ਕੈਂਪ ਨੂੰ ਅਰੰਭ ਕਰਨ ਤੋਂ ਪਹਿਲਾਂ ਮਿਊਂਸਿਪਲ ਪਬਲਿਕ ਪਾਰਕ ਵਿਖੇ ਉਸਾਰੇ ਗਏ ਨਵੇਂ ਕਮਰਿਆਂ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿੱਚ ਕੀਤੇ ਜਾਣਗੇ। ਉਪਰੰਤ ਅੱਖਾਂ ਦੇ ਕੈਂਪ ਦੀ ਆਰੰਭਤਾ ਅਰਦਾਸ ਕਰਕੇ ਕੀਤੀ ਜਾਵੇਗੀ।
ਇਹ ਜਾਣਕਾਰੀ ਸਾਂਝੀ ਕਰਦੇ ਹੋਏ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਹਰ ਸਾਲ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ ਦੀ ਸੰਪੂਰਨਤਾ ਉਪਰੰਤ ਲਗਾਇਆ ਜਾਣ ਵਾਲਾ ਇਹ ਕੈਂਪ ਇਸ ਸਾਲ ਕੀਰਤਨ ਦਰਬਾਰ ਤੋਂ ਪਹਿਲਾਂ ਹੀ 27 ਅਕਤੂਬਰ ਨੂੰ ਲਗਾਇਆ ਜਾਵੇਗਾ ਅਤੇ ਇਸਦਾ ਸਥਾਨ ਵੀ ਗੁਰੂ ਨਾਨਕ ਡਿਸਪੈਂਸਰੀ ਦੀ ਬਜਾਏ ਮਿਊਂਸਿਪਲ ਪਬਲਿਕ ਪਾਰਕ ਵਿਖੇ ਬਦਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਕੈਂਪ ਦੀ ਸੰਪੂਰਨ ਸੇਵਾ ਯੂ ਕੇ ਨਿਵਾਸੀ ਪਰਿਵਾਰ ਸੋਹਣ ਸਿੰਘ ਢੇਸੀ, ਸਵਰਗਵਾਸੀ ਸਰਦਾਰ ਮੋਹਨ ਸਿੰਘ ਢੇਸੀ, ਬਲਵੀਰ ਸਿੰਘ ਢੇਸੀ ਅਤੇ ਦੀਦਾਰ ਸਿੰਘ ਢੇਸੀ ਵੱਲੋਂ ਹਰ ਸਾਲ ਦੀ ਤਰ੍ਹਾਂ ਸਮੁੱਚੇ ਰੂਪ ਵਿੱਚ ਕੀਤੀ ਜਾਵੇਗੀ।
ਇਸ ਮੌਕੇ ਪਾਰਕ ਮੈਨੇਜਮੈਂਟ ਦੇ ਮੁੱਖ ਸੇਵਾਦਾਰ ਦੀਦਾਰ ਸਿੰਘ ਨੇ ਦੱਸਿਆ ਕਿ ਇਸ ਕੈਂਪ ਦੀ ਆਰੰਭਤਾ ਸਵੇਰੇ 9 ਵਜੇ ਹੋਵੇਗੀ ਅਤੇ ਇਸ ਕੈਂਪ ਵਿੱਚ ਆਪਰੇਸ਼ਨ ਯੋਗ ਪਾਏ ਗਏ ਮਰੀਜ਼ਾਂ ਦੇ ਆਪਰੇਸ਼ਨ ਮਨਦੀਪ ਆਈ ਹਸਪਤਾਲ ਨਵਾਂਸ਼ਹਿਰ ਵਿਖੇ ਅਗਲੇ ਦਿਨ ਤੋਂ ਅਰੰਭ ਹੋ ਜਾਣਗੇ। ਉਨ੍ਹਾਂ ਨੇ ਅਲੀਪੁਰ ਨਾਲ ਸਬੰਧਤ ਢੇਸੀ ਪਰਿਵਾਰ ਦਾ ਲਗਾਤਾਰ ਅੱਠਵਾਂ ਮੁਫ਼ਤ ਆਪਰੇਸ਼ਨ ਕੈਂਪ ਲਗਾਉਣ ਲਈ ਵਿਸ਼ੇਸ਼ ਧੰਨਵਾਦ ਵੀ ਕੀਤਾ।
ਇਸ ਮੌਕੇ ਉਨ੍ਹਾਂ ਦੇ ਨਾਲ ਗੁਰਚਰਨ ਸਿੰਘ ਪਾਬਲਾ, ਰਾਮਪਾਲ ਰਾਏ, ਹਕੀਕਤ ਸਿੰਘ, ਇੰਦਰਜੀਤ ਸ਼ਰਮਾ, ਜਗਦੀਪ ਸਿੰਘ, ਗਿਆਨ ਸਿੰਘ, ਬਖਸ਼ੀਸ਼ ਸਿੰਘ ਸੈਣੀ, ਪਰਮਿੰਦਰ ਸਿੰਘ ਕੰਵਲ, ਬਲਵਿੰਦਰ ਸਿੰਘ, ਮਨਮੋਹਨ ਸਿੰਘ, ਭਗਵਾਨ ਸਿੰਘ ਤੋਂ ਇਲਾਵਾ ਸੋਸਾਇਟੀ ਅਤੇ ਪਾਰਕ ਮੈਨੇਜਮੈਂਟ ਦੇ ਹੋਰ ਮੈਂਬਰ ਵੀ ਮੌਜੂਦ ਸਨ।