
ਨਵਾਂਸ਼ਹਿਰ /ਕਾਠਗੜ੍ਹ(ਜਤਿੰਦਰਪਾਲ ਸਿੰਘ ਕਲੇਰ) : ਅਜਿਹੇ ਸਮੇਂ ਜਦੋਂ ਪੈਸੇ ਲਈ ਇਨਸਾਨੀਅਤ ਨੂੰ ਵੀ ਭੁੱਲ ਜਾਂਦੇ ਹਨ, ਉਸੇ ਸਮੇਂ ਇੱਕ ਛੋਟੇ ਦੁਕਾਨਦਾਰ ਨੇ ਅਜਿਹਾ ਕੰਮ ਕੀਤਾ ਹੈ ਕਿ ਵੱਡੇ-ਵੱਡੇ ਲੋਕਾਂ ਦੀਆਂ ਨਜ਼ਰਾਂ ਝੁਕ ਗਈਆਂ। 8000 ਰੁਪਏ ਨਾਲ ਭਰਿਆ ਬਟੂਆ ਮਿਲਣ ’ਤੇ ਵੀ ਉਸ ਨੇ ਆਪਣੀ ਨੀਅਤ ਨਹੀਂ ਡੋਲਣ ਦਿੱਤੀ ਅਤੇ ਸਿੱਧਾ ਥਾਣੇ ਜਾ ਕੇ ਪੁਲਿਸ ਵਾਲੇ ਨੂੰ ਵਾਪਸ ਕਰ ਦਿੱਤਾ।
ਹਾਸਲ ਜਾਣਕਾਰੀ ਅਨੁਸਾਰ ਥਾਣਾ ਕਾਠਗੜ੍ਹ ਵਿੱਚ ਤਾਇਨਾਤ ਏਐਸਆਈ ਕੁਲਵਿੰਦਰ ਸਿੰਘ ਕੱਲ੍ਹ ਕਾਠਗੜ੍ਹ ਵਿਖੇ ਮੋਬਾਈਲ ਦੀ ਦੁਕਾਨ ’ਤੇ ਸਮਾਨ ਲੈਣ ਗਏ ਸਨ। ਜਲਦਬਾਜ਼ੀ ਵਿੱਚ ਉਨ੍ਹਾਂ ਦਾ ਬਟੂਆ ਦੁਕਾਨ ’ਤੇ ਹੀ ਡਿੱਗ ਗਿਆ, ਜਿਸ ਵਿੱਚ 8000 ਰੁਪਏ ਨਕਦ ਅਤੇ ਜ਼ਰੂਰੀ ਕਾਗਜ਼ਾਤ ਸਨ। ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਬਟੂਆ ਕਿੱਥੇ ਡਿੱਗਿਆ ਹੈ।
ਇਹ ਬਟੂਆ ਕਾਠਗੜ੍ਹ ਦੇ ਮਿਹਨਤੀ ਅਤੇ ਇਮਾਨਦਾਰ ਦੁਕਾਨਦਾਰ ਪ੍ਰੀਤਮ ਚੰਦ, ਜੋ ਮੋਬਾਈਲਾਂ ਦੀ ਦੁਕਾਨ ਕਰਦੇ ਹਨ, ਇਹ ਬਟੂਆ ਉਨ੍ਹਾਂ ਦੇ ਹੱਥ ਲੱਗਾ। ਜੇ ਉਹ ਚਾਹੁੰਦੇ ਤਾਂ ਉਹ ਪੈਸੇ ਰੱਖ ਸਕਦਾ ਸੀ, ਕਿਸੇ ਨੂੰ ਪਤਾ ਵੀ ਨਹੀਂ ਲੱਗਣਾ ਸੀ, ਪਰ ਉਸ ਨੇ ਪਹਿਲਾਂ ਆਪਣੀ ਜ਼ਮੀਰ ਦੀ ਸੁਣੀ।
– ਪੈਸੇ ਦੀ ਨਹੀਂ, ਇੱਜ਼ਤ ਦੀ ਕੀਮਤ ਵੱਡੀ
ਪ੍ਰੀਤਮ ਚੰਦ ਨੇ ਬਿਨਾਂ ਇੱਕ ਮਿੰਟ ਗੁਆਏ ਉਹ ਬਟੂਆ ਚੁੱਕਿਆ ਅਤੇ ਸਿੱਧਾ ਥਾਣਾ ਕਾਠਗੜ੍ਹ ਪਹੁੰਚ ਗਿਆ। ਉੱਥੇ ਐਸਐਚਓ ਇੰਸਪੈਕਟਰ ਕਮਲ ਤਨੇਜਾ ਦੀ ਹਾਜ਼ਰੀ ਵਿੱਚ ਉਸ ਨੇ ਪੂਰੇ ਰੁਪਏ ਸਮੇਤ ਬਟੂਆ ਏਐਸਆਈ ਕੁਲਵਿੰਦਰ ਸਿੰਘ ਨੂੰ ਵਾਪਸ ਮੋੜ ਦਿੱਤਾ। ਇਸ ਮੌਕੇ ਮੁੱਖ ਮੁਨਸ਼ੀ ਪਰਮਜੀਤ ਸਿੰਘ ਵੀ ਹਾਜ਼ਰ ਸਨ।
ਇਹ ਦੇਖ ਕੇ ਥਾਣੇ ਦੇ ਸਾਰੇ ਮੁਲਾਜ਼ਮ ਹੈਰਾਨ ਰਹਿ ਗਏ। ਐਸਐਚਓ ਕਮਲ ਤਨੇਜਾ ਨੇ ਖੁਦ ਦੁਕਾਨਦਾਰ ਪ੍ਰੀਤਮ ਚੰਦ ਨੂੰ ਗਲੇ ਲਗਾ ਕੇ ਉਸ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅਜਿਹੇ ਇਮਾਨਦਾਰ ਲੋਕਾਂ ਕਰਕੇ ਹੀ ਸਮਾਜ ਵਿੱਚ ਇਨਸਾਨੀਅਤ ਅਜੇ ਵੀ ਜ਼ਿੰਦਾ ਹੈ।
ਏਐਸਆਈ ਕੁਲਵਿੰਦਰ ਸਿੰਘ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ 8000 ਰੁਪਏ ਵਾਪਸ ਕਰਨਾ ਵੱਡੀ ਗੱਲ ਹੈ। ਪ੍ਰੀਤਮ ਚੰਦ ਨੇ ਸਾਬਤ ਕਰ ਦਿੱਤਾ ਕਿ ਇਮਾਨਦਾਰੀ ਸਭ ਤੋਂ ਵੱਡੀ ਦੌਲਤ ਹੈ। ਇਲਾਕੇ ਦੇ ਲੋਕਾਂ ਨੇ ਵੀ ਦੁਕਾਨਦਾਰ ਦੀ ਇਸ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ ਹੈ।