
(ਸਰਬਜੀਤ ਸਿੰਘ ਰਾਹੋਂ) ਨਵਾਂਸ਼ਹਿਰ | ਵੱਖ-ਵੱਖ ਜਥੇਬੰਦੀਆਂ ਅਤੇ ਯੂਨੀਅਨਾਂ ਵੱਲੋਂ ਆਪਣੀਆਂ ਮੰਗਾਂ ਦੇ ਸਬੰਧ ਵਿਚ ਰੋਸ ਪ੍ਰਦਰਸ਼ਨ/ਮੁਜ਼ਾਹਰੇ ਦੌਰਾਨ ਮੁੱਖ ਮਾਰਗ ‘ਤੇ ਰਸਤਾ ਰੋਕ ਕੇ ਧਰਨੇ ਆਦਿ ਲਾਉਣ ਕਾਰਨ ਚੰਡੀਗੜ੍ਹ-ਜਲੰਧਰ-ਅੰਮਿ੍ਤਸਰ ਜਾਣ ਵਾਲੇ ਲੋਕਾਂ ਨੂੰ ਆਉਂਦੀ ਸਮੱਸਿਆ ਤੇ ਮਰੀਜ਼ਾਂ ਨੂੰ ਹੰਗਾਮੀ ਹਾਲਤ ਵਿਚ ਲੈ ਕੇ ਜਾਣ ਵਾਲੀਆਂ ਐਂਬੂਲੈਂਸਾਂ ਨੂੰ ਰਸਤਾ ਨਾ ਮਿਲਣ ਕਾਰਨ, ਮਰੀਜ਼ਾਂ ਤੇ ਉਨਾਂ ਦੇ ਵਾਰਸਾਂ ਨੂੰ ਹੁੰਦੀ ਪਰੇਸ਼ਾਨੀ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟੇ੍ਟ ਵਿਸ਼ੇਸ਼ ਸਾਰੰਗਲ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਦੀ ਹਦੂਦ ਅੰਦਰ ਕਿਸੇ ਵੀ ਯੂਨੀਅਨ/ਜਥੇਬੰਦੀ ਵੱਲੋਂ ਸੜਕਾਂ/ਚੌਕਾਂ ਵਿਚ ਟ੍ਰੈਫਿਕ ਜਾਮ ਲਗਾਉਣ ‘ਤੇ ਮੁਕੰਮਲ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।ਜ਼ਿਲ੍ਹਾ ਮੈਜਿਸਟੇ੍ਟ ਅਨੁਸਾਰ ਰੋਸ ਧਰਨਿਆਂ ਵਾਸਤੇ ਜ਼ਿਲ੍ਹੇ ਦੀਆਂ ਤਿੰਨਾਂ ਸਬ ਡਵੀਜ਼ਨਾਂ ਵਿਚ ਸਥਾਨ ਨਿਰਧਾਰਿਤ ਕੀਤੇ ਗਏ ਹਨ ਅਤੇ ਕੋਈ ਵੀ ਜਥੇਬੰਦੀ/ਯੂਨੀਅਨ ਇਨਾਂ ਸਥਾਨਾਂ ‘ਤੇ ਸਥਾਨਕ ਪ੍ਰਸ਼ਾਸਨ ਦੀ ਅਗਾਊਂ ਮਨਜ਼ੂਰੀ ਤੋਂ ਬਿਨਾਂ ਰੋਸ ਪ੍ਰਦਰਸ਼ਨ ਨਹੀਂ ਕਰ ਸਕੇਗੀ। ਇਨਾਂ ਥਾਵਾਂ ਵਿਚ ਸਬ ਡਵੀਜ਼ਨ ਨਵਾਂਸ਼ਹਿਰ ਵਿਚ ਦੁਸਹਿਰਾ ਗਰਾਊਂਡ ਨਵਾਂਸ਼ਹਿਰ ਅਤੇ ਨਗਰ ਕੌਂਸਲ ਨਵਾਂਸ਼ਹਿਰ ਦੇ ਅਧਿਕਾਰ ਖੇਤਰ ਅਧੀਨ ਆਉਂਦਾ ਪਿੰਡ ਗੁਜਰਪੁਰ ਕਲਾਂ ਦਾ ਲਗਪਗ 40 ਕਨਾਲ ਰਕਬਾ ਨੇੜੇ ਰੇਲਵੇ ਫਾਟਕ ਬੰਗਾ ਰੋਡ ਨਵਾਂਸ਼ਹਿਰ, ਸਬ ਡਵੀਜ਼ਨ ਬੰਗਾ ਵਿਚ ਪੰਚਾਇਤੀ ਰਕਬਾ, ਗ੍ਰਾਮ ਪੰਚਾਇਤ, ਪਿੰਡ ਪੂਨੀਆਂ ਅਤੇ ਸਬ ਡਵੀਜ਼ਨ ਬਲਾਚੌਰ ਵਿਖੇ ਮਿਊਂਸਪਲ ਖੇਡ ਮੈਦਾਨ (ਨਜ਼ਦੀਕ ਸਿਵਲ ਹਸਪਤਾਲ), ਜਗਤਪੁਰ ਰੋਡ, ਸਿਆਣਾ ਨਿਰਧਾਰਿਤ ਕੀਤੀਆਂ ਗਈਆਂ ਹਨ।ਨਿਰਧਾਰਤ ਥਾਵਾਂ ‘ਤੇ ਮਨਜ਼ੂਰੀ ਲੈਣ ਉਪਰੰਤ ਲਾਊਡ ਸਪੀਕਰ ਦੀ ਮਨਜ਼ੂਰੀ ਸਬੰਧਤ ਉੱਪ ਮੰਡਲ ਮੈਜਿਸਟੇ੍ਟ ਪਾਸੋਂ ਲੈਣੀ ਜ਼ਰੂਰੀ ਹੋਵੇਗੀ। ਇਸ ਦੇ ਨਾਲ ਹੀ ਜ਼ਿਲ੍ਹੇ ਦੇ ਤਹਿਸੀਲ ਕੰਪਲੈਕਸਾਂ, ਐੱਸਡੀਐਮ ਕੰਪਲੈਕਸਾਂ ਅਤੇ ਡੀਏਸੀ ਕੰਪਲੈਕਸ ਵਿਚ ਵੀ ਅਜਿਹੀ ਕਿਸੇ ਕਿਸੇ ਵੀ ਤਰਾਂ੍ਹ ਦੀ ਗਤੀਵਿਧੀ, ਧਰਨੇ ਲਾਉਣ ਜਾਂ ਲਾਊਡ ਸਪੀਕਰ ਵਜਾਉਣ ‘ਤੇ ਵੀ ਮੁਕੰਮਲ ਪਾਬੰਦੀ ਲਾਈ ਗਈ ਹੈ।