
ਹੀਰੋਂ ਖੁਰਦ (ਗੁਰਵਿੰਦਰ ਸਿੰਘ ਚਹਿਲ) : ਬੁਢਲਾਸ਼ਹਿਰ ਦੀ ਤਰਸਯੋਗ ਹਾਲਤ ਦੇ ਸੁਧਾਰ ਲਈ ਨਗਰ ਕੌਂਸਲ ਦੀ ਬੇਰੁਖੀ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਸ਼ਹਿਰ ਦੇ ਕੌਂਸਲਰਾਂ ਅਤੇ ਪਤਵੰਤਿਆਂ ਨੇ ਜਨਤਕ ਇਕੱਠ ਕਰਦਿਆਂ ਕੌਂਸਲ ਪ੍ਰਧਾਨ ਨੂੰ ਸਵਾਲ ਕੀਤੇ ਹਨ ਕਿ ਸ਼ਹਿਰ ਦਾ ਕਿਹੜਾ ਹਿੱਸਾ ਹੈ ਜਿੱਥੇ ਸਫ਼ਾਈ ਦਾ ਮੰਦਾ ਹਾਲ,ਸੀਵਰੇਜ ਦਾ ਗੰਦਾ ਪਾਣੀ, ਟੁੱਟੀਆਂ ਸੜਕਾਂ ਨਜ਼ਰ ਨਹੀਂ ਆਉਂਦੀਆਂ। ਸਿਰਫ਼ ਬਿਆਨਬਾਜ਼ੀ ਕਰਕੇ ਸ਼ਹਿਰ ਦੇ ਲੋਕਾਂ ਨੂੰ ਝੂਠੀਆਂ ਤਸੱਲੀਆਂ ਦੇਣੀਆਂ ਬੰਦ ਕਰ ਦਿਉ। ਉਹਨਾਂ ਇਸ ਗੱਲ ਦਾ ਸਖਤ ਨੋਟਿਸ ਲੈਂਦਿਆਂ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਸ਼ਹਿਰ ਦੇ ਵਿਕਾਸ ਅਤੇ ਤਰੱਕੀ ‘ਚ ਰੋੜਾ ਲਾਉਣ ਵਾਲੇ ਲੋਕਾਂ ਨੂੰ ਜਨਤਕ ਕਰਨ ਦੀ ਮੰਗ ਕੀਤੀ।ਉਹਨਾਂ ਕਿਹਾ ਕਿ ਜਦੋਂ ਦਾ ਕੌਂਸਲ ਪ੍ਰਧਾਨ ਨੇ ਕਾਰਜ ਸੰਭਾਲਿਆ ਹੈ ਸ਼ਹਿਰ ਦੀ ਹਾਲਤ ਬਦ ਨਾਲੋਂ ਬਦਤਰ ਹੋ ਗਈ। ਸ਼ਹਿਰ ਦੀਆਂ ਮੁੱਖ ਸੜਕਾਂ ਬੁਰੀ ਤਰ੍ਹਾਂ ਟੁੱਟ ਚੁੱਕੀਆਂ ਹਨ, ਵੱਡੇ ਵੱਡੇ ਟੋਏ ਆਏ ਦਿਨ ਦੁਰਘਟਨਾਵਾਂ ਦਾ ਕਾਰਨ ਬਣਦੇ ਹਨ। ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਤਰਜੀਤ ਸਿੰਘ ਚਹਿਲ, ਕੌਂਸਲਰ ਸੁਭਾਸ਼ ਵਰਮਾ, ਕੌਂਸਲਰ ਨਰੇਸ਼ ਕੁਮਾਰ, ਕੌਂਸਲਰ ਹਰਵਿੰਦਰਦੀਪ ਸਿੰਘ ਸਵੀਟੀ, ਕੁਸ਼ਦੀਪ ਸ਼ਰਮਾ, ਲਵਲੀ ਬੋੜਾਵਾਲੀਆਂ, ਹੇਮਰਾਜ ਹੈਪੀ, ਰਾਹੁਲ ਕੰਪਿਊਟਰ ਨੇ ਕਿਹਾ ਕਿ ਟੁੱਟੀਆਂ ਸੜਕਾਂ ਦਾ ਨਵ ਨਿਰਮਾਣ ਤਾਂ ਦੂਰ ਦੀ ਗੱਲ ਹੈ ਮੁਰੰਮਤ ਕਰਨ ਦੀ ਵੀ ਲੋੜ ਨਹੀਂ ਸਮਝੀ ਗਈ।ਉਹਨਾਂ ਹਲਕਾ ਵਿਧਾਇਕ ਨੂੰ ਅਪੀਲ ਕੀਤੀ ਕਿ ਉਹ ਸਿਆਸੀ ਹਿੱਤਾਂ ਤੋਂ ਉੱਪਰ ਉੱਠ ਕੇ ਸ਼ਹਿਰ ਦੇ ਵਿਕਾਸ ਅਤੇ ਤਰੱਕੀ ਲਈ ਵਿਸ਼ੇਸ਼ ਧਿਆਨ ਦੇਣ।ਉਹਨਾਂ ਕਿਹਾ ਕਿ ਕਰੋੜਾਂ ਰੁਪਏ ਦੀ ਲਾਗਤ ਵਾਲਾ ਪਾਮ ਸਟਰੀਟ ਵਾਲੀ ਯੋਜਨਾ ਵੀ ਘਪਲਿਆਂ ਦਾ ਸ਼ਿਕਾਰ ਹੋ ਗਈ ਹੈ ਜੋ ਅਧੁਰੀ ਸ਼ਹਿਰ ਦੀ ਸੁੰਦਰਤਾ ਦਾ ਮੂੰਹ ਚਿੜਾ ਰਹੀ ਹੈ।ਇਸ ਪੋ੍ਜੈਕਟ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ। ਇਸ ਮੌਕੇ ਸ਼ਹਿਰ ਦੇ ਲੋਕਾਂ ਦੀ ਇੱਕ ਮਹਾ ਪੰਚਾਇਤ ਬੁਲਾਉਣ ਦਾ ਸੱਦਾ ਵੀ ਦਿੱਤਾ ਗਿਆ।
