
ਰਵਿੰਦਰ ਸਿੰਘ ਰੇਸ਼ਮ, ਮਾਲੇਰਕੋਟਲਾ
ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਮਾਲੇਰਕੋਟਲਾ ਪੁਲਿਸ ਨੇ ਪਿੰਡ ਦਹਿਲੀਜ਼ ਕਲਾਂ ਵਿੱਚ ਬਿਨਾਂ ਲਾਇਸੈਂਸ ਗੈਰ-ਕਾਨੂੰਨੀ ਢੰਗ ਨਾਲ ਪਟਾਕੇ ਬਣਾਉਣ ਅਤੇ ਵਿਸਫੋਟਕ ਸਮੱਗਰੀ ਤਿਆਰ ਕਰਨ ‘ਤੇ ਸਟੋਰ ਕਰਨ ਦੇ ਮਾਮਲੇ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਮੌਕੇ ਤੋਂ ਪਟਾਕੇ ਬਣਾਉਣ ਵਿੱਚ ਵਰਤੀ ਜਾਣ ਵਾਲੀ ਸਮੱਗਰੀ ਬਰਾਮਦ ਕੀਤੀ ਹੈ। ਇਸ ਮਾਮਲੇ ਵਿੱਚ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਜਦਕਿ ਸਾਵਧਾਨੀ ਵਜੋਂ ਤਿੰਨ ਹੋਰ ਵਿਅਕਤੀਆਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ। ਸੀਨੀਅਰ ਕਪਤਾਨ ਪੁਲਿਸ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਇਹ ਕਾਰਵਾਈ ਐੱਸ.ਪੀ. (ਡੀ) ਰਮਨਦੀਪ ਭੁੱਲਰ, ਡੀ.ਐੱਸ.ਪੀ. ਸੁਮਿਤ ਸੂਦ ਅਤੇ ਥਾਣਾ ਸਦਰ ਅਹਿਮਦਗੜ੍ਹ ਦੇ ਮੁੱਖ ਅਫ਼ਸਰ ਮੈਡਮ ਗੁਰਪ੍ਰੀਤ ਕੌਰ ਦੀ ਅਗਵਾਈ ਹੇਠ ਕੀਤੀ ਗਈ। ਇਸ ਸਬੰਧੀ ਥਾਣਾ ਸਦਰ ਅਹਿਮਦਗੜ੍ਹ ਵਿਖੇ ਐੱਫ.ਆਈ.ਆਰ. ਨੰਬਰ 213, ਮਿਤੀ 13-10-2026, ਵਿਸਫੋਟਕ ਐਕਟ, 1884 ਦੀਆਂ ਧਾਰਾਵਾਂ 9ਬੀ(1)(ਏ) ਅਤੇ 9ਬੀ(2) ਅਤੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 3(5) ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਮੌਕੇ ਐੱਸ.ਐੱਸ.ਪੀ ਖੱਖ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਗਰ ਉਨ੍ਹਾਂ ਨੂੰ ਆਪਣੇ ਇਲਾਕੇ ਅੰਦਰ ਬਿਨਾਂ ਲਾਇਸੰਸ ਪਟਾਕੇ ਜਾਂ ਫਿਸਫੋਟਕ ਸਮੱਗਰੀ ਬਣਾਉਣ ਜਾਂ ਸਟੋਰ ਕਰਨ ਸਬੰਧੀ ਜਾਣਕਾਰੀ ਮਿਲਦੀ ਹੈ ਤਾਂ ਉਹ ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇਣ।