
ਹੁਸਿ਼ਆਰਪੁਰ (ਤਰਸੇਮ ਦੀਵਾਨਾ) : ਤੇਜ਼ਾਬੀ ਹਮਲੇ ਨਾਲ ਝੁਲਸੀ ਚਮੜੀ ਵਾਲੇ ਮਰੀਜ਼ਾਂ ਨੂੰ ‘ਦਿਵਿਆਂਗਤਾ ਅਧਿਕਾਰ ਐਕਟ 2016’ ਅੁਨਸਾਰ ਭਾਰਤ ਸਰਕਾਰ ਵਲੋਂ ਦਿਵਿਆਂਗਤਾ ਸੂਚੀ ਵਿੱਚ ਸ਼ਾਮਿਲ ਹੈ। ਕੌਮਾਂਤਰੀ ਇਸਤਰੀ ਦਿਹਾੜੇ ਦੇ ਮੌਕੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਦਿਵਿਆਂਗਾਂ ਦੀ ਭਲਾਈ ਲਈ ਕੰਮ ਕਰ ਰਹੇ ਗੁਰੂ ਨਾਨਕ ਦੇਵ ਚੈਰੀਟੇਬਲ ਸੁਸਾਇਟੀ ਦੇ ਡਿਸਏਬਿਲਟੀ ਸੈਲ ਦੇ ਚੇਅਰਮੈਨ ਜਸਵਿੰਦਰ ਸਿੰਘ ਸਹੋਤਾ ਨੇ ਕਿਹਾ ਕਿ ਲੜਕੀਆਂ ਉੱਤੇ ਤੇਜ਼ਾਬ ਸੁੱਟਣਾ ਇੱਕ ਗੰਭੀਰ ਅਪਰਾਧ ਹੈ। ਅਜਿਹੇ ਮਰੀਜ ਦਿਵਿਆਂਗ ਨੂੰ ਮਿਲਦੀਆਂ ਸਹੂਲਤਾਂ ਦੇ ਹੱਕਦਾਰ ਹਨ। ਹਮਲਾਵਰ ਤੇਜ਼ਾਬ ਨੂੰ ਜਿ਼ਆਦਾਤਰ ਲੜਕੀਆਂ ਦੇ ਚਿਹਰੇ ਉੱਤੇ ਸੁੱਟਦੇ ਹਨ ਜਿਸ ਨਾਲ ਉਹਨਾਂ ਦਾ ਚਿਹਰਾ ਸੜ ਜਾਂਦਾ ਹੈ ਅਤੇ ਹੱਡੀਆਂ ਦਿਸਣ ਲੱਗ ਪੈਂਦੀਆਂ ਹਨ। ਕਈ ਵਾਰ ਤਾਂ ਹੱਡੀਆਂ ਵੀ ਖੁਰ ਜਾਂਦੀਆਂ ਹਨ। ਅਜਿਹੀ ਲੜਕੀਆਂ ਨੂੰ ਜਿੱਥੇ ਸਰੀਰਕ ਤੌਰ ਤੇ ਬਹੁਤ ਤਕਲੀਫ ਦਾ ਸਾਹਮਣਾ ਕਰਨਾ ਪੈਂਦਾ ਹੈ, ਉੱਥੇ ਨਾਲ ਹੀ ਅਜਿਹੀਆਂ ਲੜਕੀਆਂ ਦਾ ਸਮਾਜਿਕ ਜੀਵਨ ਵੀ ਦੁੱਖਾਂ ਭਰਿਆ ਹੁੰਦਾ ਹੈ। ਇਹਨਾਂ ਹਮਲਿਆਂ ਵਿੱਚ ਆਮ ਤੌਰ ਉੱਤੇ ਗੰਧਕ ਦੇ ਤੇਜ਼ਾਬ, ਸ਼ੋਰੇ ਦੇ ਤੇਜ਼ਾਬ ਦੀ ਵਰਤੋਂ ਕਰਦੇ ਹਨ। ਕਈ ਵਾਰ ਲੂਣ ਦੇ ਤੇਜ਼ਾਬ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਜਸਵਿੰਦਰ ਸਿੰਘ ਸਹੋਤਾ ਨੇ ਕਿਹਾ ਕਿ ਤੇਜ਼ਾਬੀ ਹਮਲੇ ਦਾ ਸਿ਼ਕਾਰ ਹੋਈਆਂ ਔਰਤਾਂ ਪ੍ਰਤੀ ਹਮਦਰਦੀ ਭਰਿਆ ਵਤੀਰਾ ਬਣਾਉਂਦੇ ਹੋਏ ਉਨ੍ਹਾਂ ਨੂੰ ਸਮਾਜ ਵਿੱਚ ਸਥਾਪਿਤ ਕਰਨ ਦੇ ਯਤਨ ਕਰਨੇ ਚਾਹੀਦੇ ਹਨ।