
ਹੁਸ਼ਿਆਰਪੁਰ ( ਤਰਸੇਮ ਦੀਵਾਨਾ ); – ਰਯਾਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਵੱਲੋਂ ਕੈਂਪਸ ਦੇ ਮੂਟ ਕੋਰਟ ਵਿਖੇ ਨਰਸਿੰਗ ਵਿਦਿਆਰਥੀਆਂ ਲਈ ਨਵੀਆਂ ਇਲਾਜ ਤਕਨੀਕਾਂ ਬਾਰੇ ਇੱਕ ਵਿਸ਼ੇਸ਼ ਗੈਸਟ ਲੈਕਚਰ ਕਰਵਾਇਆ ਗਿਆ। ਇਸ ਸੈਸ਼ਨ ਵਿੱਚ ਬੀ.ਐਸਸੀ. ਨਰਸਿੰਗ ਦੂਜੇ ਅਤੇ ਚੌਥੇ ਸਮੈਸਟਰ ਦੇ ਵਿਦਿਆਰਥੀਆਂ ਨੇ ਭਾਗ ਲਿਆ।
ਸਮਾਗਮ ਵਿੱਚ ਲਿਵਾਸਾ ਹਸਪਤਾਲ, ਹੁਸ਼ਿਆਰਪੁਰ ਦੇ ਮਾਹਿਰ ਡਾਕਟਰ ਮਯੰਕ ਕਪੂਰ (ਐਮ.ਡੀ. – ਇੰਟਰਨਲ ਮੈਡੀਸਨ, ਡੀ.ਐਮ. – ਮੈਡੀਕਲ ਓਨਕੋਲੋਜੀ, ਏਮਜ਼; ਯੂਨੀਵਰਸਿਟੀ ਟੌਪਰ) ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਡਾ. ਕਪੂਰ ਨੇ ਵਿਦਿਆਰਥੀਆਂ ਨੂੰ ਸਰਲ ਸ਼ਬਦਾਂ ਵਿੱਚ ਦੱਸਿਆ ਕਿ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਨਵੀਆਂ ਮੈਡੀਕਲ ਤਕਨੀਕਾਂ ਜਿਵੇਂ ਕਿ ਸਟੈੱਮ ਸੈੱਲ ਅਤੇ ਜੀਨ ਥੈਰੇਪੀ ਕਿਵੇਂ ਕੰਮ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਮੈਡੀਕਲ ਖੇਤਰ ਵਿੱਚ ਆ ਰਹੇ ਇਹ ਨਵੇਂ ਬਦਲਾਅ ਮਰੀਜ਼ਾਂ ਦੀ ਦੇਖਭਾਲ ਨੂੰ ਹੋਰ ਬਿਹਤਰ ਬਣਾ ਰਹੇ ਹਨ ਅਤੇ ਭਵਿੱਖ ਦੇ ਨਰਸਿੰਗ ਸਟਾਫ਼ ਲਈ ਇਨ੍ਹਾਂ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ।
ਇਸ ਮੌਕੇ ਯੂਨੀਵਰਸਿਟੀ ਦੇ ਉਪ-ਕੁਲਪਤੀ (ਵਾਈਸ ਚਾਂਸਲਰ) ਡਾ. ਚੰਦਰ ਮੋਹਨ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਰਯਾਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਹਮੇਸ਼ਾ ਵਿਦਿਆਰਥੀਆਂ ਨੂੰ ਮਿਆਰੀ ਅਤੇ ਆਧੁਨਿਕ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵਿਸ਼ੇਸ਼ ਲੈਕਚਰ ਵਿਦਿਆਰਥੀਆਂ ਨੂੰ ਨਵੀਨਤਮ ਮੈਡੀਕਲ ਤਕਨਾਲੋਜੀ ਨਾਲ ਜੋੜਦੇ ਹਨ, ਜਿਸ ਨਾਲ ਉਹ ਭਵਿੱਖ ਵਿੱਚ ਅੰਤਰਰਾਸ਼ਟਰੀ ਪੱਧਰ ‘ਤੇ ਬਿਹਤਰ ਸਿਹਤ ਸੇਵਾਵਾਂ ਨਿਭਾਉਣ ਦੇ ਯੋਗ ਬਣਦੇ ਹਨ।
ਇਸ ਦੌਰਾਨ ਵਿਦਿਆਰਥੀਆਂ ਨੇ ਡਾ. ਕਪੂਰ ਨਾਲ ਸਵਾਲ-ਜਵਾਬ ਕਰਕੇ ਆਪਣੇ ਸ਼ੰਕੇ ਦੂਰ ਕੀਤੇ। ਸਮਾਗਮ ਦੇ ਅੰਤ ਵਿੱਚ ਯੂਨੀਵਰਸਿਟੀ ਪ੍ਰਬੰਧਕਾਂ ਵੱਲੋਂ ਡਾ. ਮਯੰਕ ਕਪੂਰ ਦਾ ਉਨ੍ਹਾਂ ਦੀ ਅਹਿਮ ਜਾਣਕਾਰੀ ਲਈ ਧੰਨਵਾਦ ਕੀਤਾ ਗਿਆ।