ਫਗਵਾੜਾ (ਸ਼ਿਵ ਕੋੜਾ) : ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਪੰਜਾਬ ਇੰਚਾਰਜ ਸ. ਜਰਨੈਲ ਸਿੰਘ ਨਾਲ ਉਹਨਾਂ ਦੇ ਚੰਡੀਗੜ੍ਹ ਦਫਤਰ ਵਿਖੇ ਮੁਲਾਕਾਤ ਕੀਤੀ। ਇਸ ਦੌਰਾਨ ਜਿੱਥੇ ਇਸੇ ਸਾਲ ਦਸੰਬਰ ਮਹੀਨੇ ਵਿਚ ਸੰਭਾਵਿਤ ਨਗਰ ਨਿਗਮ ਚੋਣਾਂ ਦੇ ਸਬੰਧ ‘ਚ ਵਿਚਾਰ ਵਟਾਂਦਰਾ ਕੀਤਾ ਉੱਥੇ ਹੀ ਫਗਵਾੜਾ ਨੂੰ ਜਿਲ੍ਹਾ ਬਨਾਉਣ ਦਾ ਜੋ ਮਸਲਾ ਕਾਫੀ ਲੰਮੇ ਸਮੇਂ ਤੋਂ ਅਧੂਰਾ ਚੱਲ ਰਿਹਾ ਹੈ ਉਸ ਨੂੰ ਪੂਰਾ ਕਰਨ ਬਾਰੇ ਵੀ ਗੱਲਬਾਤ ਕੀਤੀ। ਸ. ਮਾਨ ਨੇ ਪੰਜਾਬ ਇੰਚਾਰਜ ਜਰਨੈਲ ਸਿੰਘ ਨੂੰ ਦੱਸਿਆ ਕਿ ਬੀਤੀਆਂ ਵਿਧਾਨਸਭਾ ਚੋਣਾਂ ਸਮੇਂ ਫਗਵਾੜਾ ਨੂੰ ਜਿਲ੍ਹਾ ਬਨਾਉਣ ਦਾ ਮੁੱਦਾ ਪ੍ਰਮੁੱਖ ਸੀ ਅਤੇ ਆਮ ਆਦਮੀ ਪਾਰਟੀ ਵਲੋਂ ਵੀ ਫਗਵਾੜਾ ਵਾਸੀਆਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਸੂਬੇ ਵਿਚ ਸ. ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਬਣਨ ਤੇ ਫਗਵਾੜਾ ਨੂੰ ਪਹਿਲ ਦੇ ਅਧਾਰ ਤੇ ਜਿਲ੍ਹਾ ਬਣਾਇਆ ਜਾਵੇਗਾ। ਇਹ ਮੁੱਦਾ ਹੁਣ ਫਗਵਾੜਾ ਦੇ ਲੋਕਾਂ ਦੀ ਭਾਵਨਾ ਨਾਲ ਜੁੜਿਆ ਹੋਇਆ ਹੈ ਕਿਉਂਕਿ ਮੋਜੂਦਾ ਜਿਲ੍ਹਾ ਹੈਡਕੁਆਰਟਰ ਕਪੂਰਥਲਾ ਵਿਖੇ ਆਪਣੇ ਜਰੂਰੀ ਕੰਮ ਕਰਵਾਉਣ ਲਈ ਜਾਣ ਵਿਚ ਫਗਵਾੜਾ ਦੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਵਿਚ ਖੱਜਲ ਖੁਆਰੀ ਤੋਂ ਇਲਾਵਾ ਪੈਸੇ ਅਤੇ ਸਮੇਂ ਦੀ ਵੀ ਬਰਬਾਦੀ ਹੁੰਦੀ ਹੈ। ਸ. ਮਾਨ ਨੇ ਫਗਵਾੜਾ ਨੂੰ ਜਿਲ੍ਹਾ ਬਨਾਉਣ ਸਬੰਧੀ ਆਪਣੇ ਵਲੋਂ ਕੁੱਝ ਸੁਝਾਅ ਵੀ ਉਹਨਾਂ ਦੇ ਸਾਹਮਣੇ ਰੱਖੇ। ਇਸ ਮੁਲਾਕਾਤ ਤੋਂ ਬਾਅਦ ਫਗਵਾੜਾ ਵਾਪਸੀ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਮਾਨ ਨੇ ਦੱਸਿਆ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕਰਨ ਪ੍ਰਤੀ ਪੂਰੀ ਤਰ੍ਹਾਂ ਗੰਭੀਰ ਹੈ। ਫਗਵਾੜਾ ਨੂੰ ਜਿਲ੍ਹੇ ਦਾ ਦਰਜਾ ਦੇਣ ਬਾਰੇ ਵੀ ਗੰਭੀਰਤਾ ਨਾਲ ਵਿਚਾਰ ਹੋ ਰਿਹਾ ਹੈ। ਸ. ਜਰਨੈਲ ਸਿੰਘ ਨੇ ਵੀ ਭਰੋਸਾ ਦਿੱਤਾ ਹੈ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਨਾਲ ਇਸ ਮੈਟਰ ਬਾਰੇ ਚਰਚਾ ਕਰਨਗੇ। ਉਹਨਾਂ ਭਰੋਸਾ ਜਤਾਇਆ ਕਿ ਜਲਦੀ ਹੀ ਫਗਵਾੜਾ ਵਾਸੀਆਂ ਦੀ ਸਬ-ਡਵੀਜਨ ਨੂੰ ਜਿਲ੍ਹਾ ਬਨਾਉਣ ਦੀ ਮੰਗ ਪੂਰੀ ਹੋਵੇਗੀ। ਇਸ ਮੌਕੇ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਜਰਨਲ ਸਕੱਤਰ ਹਰਚੰਦ ਸਿੰਘ ਬਰਸੱਟ ਵਿਧਾਇਕ ਬਲਕਾਰ ਸਿੰਘ ਸਿੱਧੂ, ਜਿਲ੍ਹਾ ਕਪੂਰਥਲਾ ਦੇ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ ਤੇ ਹਰਨੂਰ ਸਿੰਘ ਮਾਨ ਸਮੇਤ ਆਪ ਪਾਰਟੀ ਦੇ ਹੋਰ ਆਗੂ ਵੀ ਸਨ।