ਜਲਦ ਸੁਰੂ ਹੋਵੇਗਾ ਅਤਿ-ਆਧੁਨਿਕ ਲਾਲਾ ਲਾਜਪਤ ਰਾਏ ਭਵਨ ਦਾ ਨਿਰਮਾਣ

Share and Enjoy !

Shares

ਲਾਲਾ ਲਾਜਪਤ ਰਾਏ ਦੇ ਜੱਦੀ ਘਰ ਦੇ ਨਵੀਨੀਕਰਨ ਲਈ 5 ਲੱਖ ਰੁਪਏ ਵੀ ਜਾਰੀ, ਕੰਮ ਜਲਦ ਹੋਣਗੇ ਸੁਰੂ, ਡਿਪਟੀ ਕਮਿਸ਼ਨਰ ਨੇ ਅਜਾਇਬ ਘਰ ਤੇ ਲਾਇਬ੍ਰੇਰੀ ਦਾ ਵੀ ਕੀਤਾ ਦੌਰਾ

ਲੁਧਿਆਣਾ (ਰਾਜਕੁਮਾਰ ਸਾਥੀ)। ਆਜ਼ਾਦੀ ਘੁਲਾਟੀਆਂ ਦੀਆਂ ਸਰਵਉੱਚ ਕੁਰਬਾਨੀਆਂ ਨਾਲ ਨੌਜਵਾਨ ਪੀੜ੍ਹੀਆਂ ਨੂੰ ਜੋੜੀ ਰੱਖਣ ਲਈ, ਪੰਜਾਬ ਸਰਕਾਰ ਜਲਦ ਹੀ ਇਤਿਹਾਸਕ ਕਸਬਾ ਜਗਰਾਉਂ ਵਿਖੇ ਅਤਿ-ਆਧੁਨਿਕ ਲਾਲਾ ਲਾਜਪਤ ਰਾਏ ਭਵਨ ਦਾ ਨਿਰਮਾਣ ਕਰੇਗੀ ਜਿੱਥੇ ਲਾਲਾ ਲਾਜਪਤ ਰਾਏ ਨੇ ਆਪਣਾ ਬਚਪਨ ਬਿਤਾਇਆ ਸੀ। ਪੰਜਾਬ ਸਰਕਾਰ ਵੱਲੋਂ 1.57 ਕਰੋੜ ਰੁਪਏ ਦੀ ਗ੍ਰਾਂਟ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਤੋਂ ਇਲਾਵਾ, ਸਰਕਾਰ ਨੇ ਲਾਲਾ ਲਾਜਪਤ ਰਾਏ ਦੇ ਜੱਦੀ ਘਰ ਦੇ ਨਵੀਨੀਕਰਨ ਲਈ 5 ਲੱਖ ਰੁਪਏ ਵੀ ਜਾਰੀ ਕੀਤੇ ਹਨ। ਸਥਾਨਕ ਮਹਾਨ ਸੁਤੰਤਰਤਾ ਸੈਨਾਨੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਅਤਿ ਆਧੁਨਿਕ ਲਾਲਾ ਲਾਜਪਤ ਰਾਏ ਭਵਨ ਆਉਣ ਵਾਲੀਆਂ ਪੀੜ੍ਹੀਆਂ ਲਈ ਉਨ੍ਹਾਂ ਦੀ ਯਾਦ ਵਿੱਚ ਬਣਾਇਆ ਜਾਵੇਗਾ। ਡਿਪਟੀ ਕਮਿਸ਼ਨਰ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀ ਸੰਦੀਪ ਕੁਮਾਰ, ਵਧੀਕ ਡਿਪਟੀ ਕਮਿਸ਼ਨਰ (ਜਗਰਾਉਂ) ਡਾ. ਨਯਨ ਜੱਸਲ ਅਤੇ ਐਸ.ਡੀ.ਐਮ. ਜਗਰਾਉਂ ਸ੍ਰੀ ਵਿਕਾਸ ਹੀਰਾ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ, ਜਿਨ੍ਹਾਂ ਨੇ ਜਗਰਾਉਂ ਵਿੱਚ ਇਸ ਅਤਿ ਆਧੁਨਿਕ ਇਮਾਰਤ ਦੇ ਵਿਕਾਸ ਲਈ ਵੱਖ-ਵੱਖ ਥਾਵਾਂ ਦਾ ਨਿਰੀਖਣ ਕੀਤਾ, ਨੇ ਕਿਹਾ ਕਿ ਇਹ ਸਮਾਰਕ ਲਾਲਾ ਲਾਜਪਤ ਰਾਏ ਨੂੰ ਨਿਮਰ ਸ਼ਰਧਾਂਜਲੀ ਹੋਵੇਗੀ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਇਨ੍ਹਾਂ ਸਾਈਟਾਂ ਦੇ ਮੁਕੰਮਲ ਜ਼ਮੀਨੀ ਰਿਕਾਰਡ, ਬਿਲਡਿੰਗ ਪਲਾਨ, ਡਿਜ਼ਾਈਨ ਅਤੇ ਹੋਰ ਦਸਤਾਵੇਜ਼ ਜਲਦ ਤੋਂ ਜਲਦ ਜਮ੍ਹਾਂ ਕਰਵਾਉਣ ਤਾਂ ਜੋ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ ਤਿਆਰ ਕੀਤੀ ਜਾ ਸਕੇ ਅਤੇ ਨਿਰਮਾਣ ਕਾਰਜ ਤੇਜ਼ੀ ਨਾਲ ਸ਼ੁਰੂ ਕੀਤਾ ਜਾ ਸਕੇ। ਸ੍ਰੀ ਸ਼ਰਮਾ ਨੇ ਦੱਸਿਆ ਕਿ ਸੂਬਾ ਸਰਕਾਰ ਆਉਣ ਵਾਲੀਆਂ ਪੀੜ੍ਹੀਆਂ ਲਈ ਇਸ ਸਥਾਨ ਦੇ ਗੌਰਵਮਈ ਇਤਿਹਾਸ ਨੂੰ ਕਾਇਮ ਰੱਖੇਗੀ ਅਤੇ ਉਨ੍ਹਾਂ ਕਿਹਾ ਕਿ ਲਾਲਾ ਲਾਜਪਤ ਰਾਏ ਦੇ ਜੱਦੀ ਘਰ ਦੇ ਤੁਰੰਤ ਨਵੀਨੀਕਰਨ ਲਈ 5 ਲੱਖ ਰੁਪਏ ਦੀ ਗ੍ਰਾਂਟ ਵੀ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਭਿਆਚਾਰਕ ਮਾਮਲੇ ਵਿਭਾਗ, ਪੁਰਾਲੇਖ ਅਤੇ ਪੁਰਾਤੱਤਵ ਅਤੇ ਅਜਾਇਬ ਘਰ ਇਸ ਰਾਸ਼ਟਰੀ ਵਿਰਾਸਤ ਨੂੰ ਸੰਭਾਲਣ ਲਈ ਛੇਤੀ ਹੀ ਇੱਥੇ ਕੰਮ ਸ਼ੁਰੂ ਕਰਨਗੇ। ਇਸ ਤੋਂ ਪਹਿਲਾਂ, ਡਿਪਟੀ ਕਮਿਸ਼ਨਰ ਨੇ ਭਾਰਤ ਦੇ ਮਹਾਨ ਆਜ਼ਾਦੀ ਘੁਲਾਟੀਏ ਨੂੰ ਉਨ੍ਹਾਂ ਦੇ ਜੱਦੀ ਘਰ ਵਿਖੇ ਸ਼ਰਧਾਂਜਲੀ ਭੇਟ ਕੀਤੀ ਅਤੇ ਇੱਕ ਅਜਾਇਬ ਘਰ ਅਤੇ ਲਾਇਬ੍ਰੇਰੀ ਦਾ ਦੌਰਾ ਵੀ ਕੀਤਾ।

About Post Author

Share and Enjoy !

Shares

Leave a Reply

Your email address will not be published.