
ਨਵਾਂਸ਼ਹਿਰ (ਜਤਿੰਦਰਪਾਲ ਸਿੰਘ ਕਲੇਰ) : ਸਹਾਰਨਪੁਰ ਸਥਿਤ ਗੁੱਜਰ ਭਵਨ ਵਿਖੇ ਬੀਤੇ ਦਿਨ ਆਲ ਇੰਡੀਆ ਗੁੱਜਰ ਮਹਾਂਸਭਾ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿੱਚ ਵੱਖ-ਵੱਖ ਰਾਜਾਂ ਤੋਂ ਰਾਜਨੀਤਿਕ ਆਗੂਆਂ ਅਤੇ ਗੁੱਜਰ ਸਮਾਜ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਸਮਾਜ ਪ੍ਰਤੀ ਲੰਬੇ ਸਮੇਂ ਤੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਦੇਖਦਿਆਂ ਨੌਜਵਾਨ ਆਗੂ ਚੌਧਰੀ ਰਾਹੁਲ ਆਦੋਆਣਾ ਨੂੰ ਸਰਬਸੰਮਤੀ ਨਾਲ ਆਲ ਇੰਡੀਆ ਗੁੱਜਰ ਮਹਾਂਸਭਾ ਦਾ ਰਾਸ਼ਟਰੀ ਪ੍ਰਧਾਨ ਨਿਯੁਕਤ ਕੀਤਾ ਗਿਆ।
ਨਿਯੁਕਤੀ ਦਾ ਐਲਾਨ ਹੁੰਦਿਆਂ ਹੀ ਸਮੁੱਚੇ ਹਾਲ ਵਿੱਚ ਤਾੜੀਆਂ ਗੂੰਜ ਉੱਠੀਆਂ ਅਤੇ ਹਾਜ਼ਰ ਸ਼ਖ਼ਸੀਅਤਾਂ ਵੱਲੋਂ ਚੌਧਰੀ ਰਾਹੁਲ ਆਦੋਆਣਾ ਨੂੰ ਫੁੱਲ ਮਾਲਾਵਾਂ ਪਹਿਨਾ ਕੇ ਵਧਾਈ ਦਿੱਤੀ ਗਈ। ਇਸ ਮੌਕੇ ਗੁੱਜਰ ਸਮਾਜ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ ਅਤੇ ਹਾਜ਼ਰ ਆਗੂਆਂ ਨੇ ਇਸ ਫੈਸਲੇ ਨੂੰ ਸਮਾਜ ਦੇ ਭਵਿੱਖ ਲਈ ਅਹਿਮ ਦੱਸਿਆ।
ਨਿਯੁਕਤੀ ਉਪਰੰਤ ਚੌਧਰੀ ਰਾਹੁਲ ਆਦੋਆਣਾ ਨੇ ਸਮੁੱਚੀ ਮਹਾਂਸਭਾ ਦੇ ਅਹੁਦੇਦਾਰਾਂ ਅਤੇ ਹਾਜ਼ਰ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ, ਇਮਾਨਦਾਰੀ ਅਤੇ ਲਗਨ ਨਾਲ ਨਿਭਾਉਣਗੇ।
ਉਨ੍ਹਾਂ ਕਿਹਾ ਕਿ ਗੁੱਜਰ ਸਮਾਜ ਨੂੰ ਇੱਕਜੁੱਟ ਕਰਨਾ, ਨੌਜਵਾਨਾਂ ਨੂੰ ਸਿੱਖਿਆ ਅਤੇ ਖੇਡਾਂ ਨਾਲ ਜੋੜਨਾ ਅਤੇ ਸਮਾਜ ਦੇ ਹਰ ਵਰਗ ਦੇ ਵਿਕਾਸ ਲਈ ਕੰਮ ਕਰਨਾ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ। ਉਨ੍ਹਾਂ ਕਿਹਾ ਕਿ ਮਹਾਂਸਭਾ ਨੂੰ ਹਰ ਰਾਜ ਵਿੱਚ ਹੋਰ ਮਜ਼ਬੂਤ ਕੀਤਾ ਜਾਵੇਗਾ ਅਤੇ ਸਮਾਜ ਦੀਆਂ ਮੰਗਾਂ ਨੂੰ ਹਰ ਮੰਚ ’ਤੇ ਉਠਾਇਆ ਜਾਵੇਗਾ।
ਇਸ ਮੌਕੇ ਸਾਬਕਾ ਵਿਧਾਇਕ ਚੌਧਰੀ ਮਹਿਪਾਲ ਸਿੰਘ ਮਕਰਾਣਾ, ਪੰਮੀ ਬਰੇਤਾ ਰੱਤੇਵਾਲ, ਸੰਦੀਪ ਗੁੱਜਰ (ਰਾਸ਼ਟਰੀ ਜਨਰਲ ਸਕੱਤਰ), ਸ਼ੰਕਰ ਗੁੱਜਰ ਅੰਬੋਲੀ, ਲਾਲ ਸਿੰਘ ਗੁੱਜਰ, ਕਮਲ ਚੌਧਰੀ, ਸੰਜੇ ਪ੍ਰਧਾਨ, ਅੰਕੁਰ ਗੁੱਜਰ, ਭੂਪਿੰਦਰ ਗੁੱਜਰ, ਦੀਪ ਗੁੱਜਰ, ਚੌਧਰੀ ਨਰਿੰਦਰ ਠੇਕੇਦਾਰ ਧਕਧਾਣਾ, ਚੌਧਰੀ ਵਿੱਕੀ ਰੱਤੇਵਾਲੀਆ, ਮੁਕੇਸ਼ ਚੌਧਰੀ ਕੰਬਾਲਾ, ਵਿਜੇ ਸਰਪੰਚ ਟੱਬਾ, ਜਰਨੈਲ ਮੋਹੀਵਾਲ, ਕੈਪਟਨ ਅਸ਼ੋਕ ਬਜਾੜ ਕਰਤਾਰਪੁਰ, ਡਾ. ਗੁਰਪਾਲ, ਹਰਮੇਸ਼ ਭਾਟੀਆ ਆਦੋਆਣਾ, ਚੌਧਰੀ ਧਨਪਤ ਭੁੰਬਲਾ ਬੂੰਗੜੀ, ਨਿਖਿਲ ਬਜਾੜ ਥੋਪੀਆ, ਗੈਰੀ ਚੌਧਰੀ ਥੋਪੀਆ, ਸੰਜੂ ਟੋਰੋਵਾਲ, ਬੱਲੂ ਸਿੰਘ ਲਾਦੀ, ਟੈਨੀ ਠੇਕੇਦਾਰ ਅਤੇ ਸੰਜੂ ਊਧਨਵਾਲ ਸਮੇਤ ਹੋਰ ਕਈ ਸ਼ਖ਼ਸੀਅਤਾਂ ਹਾਜ਼ਰ ਸਨ।