(ਜਗਸੀਰ ਲੌਂਗੋਵਾਲ ) ਸੁਨਾਮ ਊਧਮ ਸਿੰਘ ਵਾਲਾ| ਗੁਰੂ ਸੁਦਰਸ਼ਨ ਜਨਮ ਸ਼ਤਾਬਦੀ ਵਰ੍ਹੇ ਦੇ ਮੱਦੇਨਜ਼ਰ ਸਮੂਹ ਜੈਨ ਸਮਾਜ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਇਸ ਸਬੰਧੀ ਕੱਢੀ ਜਾ ਰਹੀ ਜਨ ਜਾਗਰਣ ਮੰਗਲ ਯਾਤਰਾ ਦੀਆਂ ਤਿਆਰੀਆਂ ਜ਼ੋਰਾਂ ਤੇ ਹਨ। ਜਾਣਕਾਰੀ ਦਿੰਦਿਆਂ ਸਥਾਨਕ ਐਸ.ਐਸ. ਜੈਨ ਸਭਾ ਦੇ ਪ੍ਰਧਾਨ ਪ੍ਰੇਮ ਜੈਨ, ਮਹਾਮੰਤਰੀ ਜਗਜੀਵਨ ਜੈਨ, ਐਡਵੋਕੇਟ ਪ੍ਰਵੀਨ ਜੈਨ ਅਤੇ ਰਾਜੀਵ ਜੈਨ (ਟੀਨਾ) ਨੇ ਦੱਸਿਆ ਕਿ ਸੰਘਸ਼ਾਸ਼ਤਾ ਸ਼ਾਸ਼ਨ ਪ੍ਰਭਾਵਕ ਪਰਮ ਸ਼ਰਧਾ ਪੂਜਨੀਯ ਗੁਰੂਦੇਵ ਸੁਦਰਸ਼ਨ ਲਾਲ ਜੀ ਮਹਾਰਾਜ ਦੀ ਜਨਮ ਸ਼ਤਾਬਦੀ ਮੌਕੇ ਜਨ ਜਾਗਰਣ ਮੰਗਲ ਯਾਤਰਾ 4 ਜੂਨ ਨੂੰ ਸ਼ਾਮ 5:30 ਵਜੇ ਸਥਾਨਕ ਸ਼ਿਵ ਨਿਕੇਤਨ ਧਰਮਸ਼ਾਲਾ ਵਿਖੇ ਸ਼ੁਰੂ ਹੋਵੇਗੀ ਅਤੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਹੁੰਦੀ ਹੋਈ ਇਹ ਯਾਤਰਾ ਜੈਨ ਸਥਾਨਕ ਸੁਨਾਮ ਵਿਖੇ ਸਮਾਪਤ ਹੋਵੇਗੀ।
ਸਭਾ ਪ੍ਰਧਾਨ ਪ੍ਰੇਮ ਜੈਨ ਨੇ ਆਖਿਆ ਕਿ ਗੁਰੂ ਸੁਦਰਸ਼ਨ ਜੀ ਦੇ ਸਮਾਜ ਪ੍ਰਤੀ ਕੀਤੇ ਮਹਾਨ ਕਾਰਜਾਂ ਨੂੰ ਭੁਲਾਇਆ ਨਹੀਂ ਜਾ ਸਕਦਾ ਅਤੇ ਸਾਨੂੰ ਸਭ ਨੂੰ ਉਹਨਾਂ ਵੱਲੋਂ ਦੱਸੇ ਮਾਰਗ ਤੇ ਚੱਲ ਕੇ ਆਪਣੇ ਜੀਵਨ ਨੂੰ ਸਾਰਥਕ ਕਰਨਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਆਚਾਰਿਆ ਗੁਰੂ ਸੁਦਰਸ਼ਨ ਜਨਮ ਸ਼ਤਾਬਦੀ ਵਰ੍ਹੇ ਸਬੰਧੀ 4 ਅਪ੍ਰੈਲ 2022 ਤੋਂ ਅਗਾਮੀ 4 ਅਪ੍ਰੈਲ 2023 ਤੱਕ ਵੱਖ-ਵੱਖ ਪ੍ਰੌਜੈਕਟਾਂ ਰਾਹੀਂ ਸ਼ਤਾਬਦੀ ਵਰ੍ਹਾ ਮਨਾਇਆ ਜਾਵੇਗਾ। ਉਹਨਾਂ ਸਮੂਹ ਜੈਨ ਸਮਾਜ ਨੂੰ ਗੁਰੂ ਸੁਦਰਸ਼ਨ ਜਨਮ ਸ਼ਤਾਬਦੀ ਦੀ ਵਧਾਈ ਦਿੱਤੀ ਅਤੇ ਕੱਢੀ ਜਾ ਰਹੀ ਜਨ ਜਾਗਰਣ ਮੰਗਲ ਯਾਤਰਾ ਵਿੱਚ ਸਮੂਹ ਜੈਨ ਸਮਾਜ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ।