
• ਜ਼ਿਲ੍ਹੇ ਦੀਆਂ 20 ਦੇ ਲਗਭਗ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਲਿਆ ਹਿੱਸਾ।
• ਮੁੱਖ ਮਹਿਮਾਨ ਸ. ਕੰਵਰ ਇਕਬਾਲ ਸਿੰਘ ਅਤੇ ਵਿਸ਼ੇਸ਼ ਮਹਿਮਾਨ ਡਾ. ਹਰਭਜਨ ਸਿੰਘ ਨੇ ਜੇਤੂਆਂ ਨੂੰ ਵੰਡੇ ਇਨਾਮ।
ਫਗਵਾੜਾ ,ਕਪੂਰਥਲਾ: ( ਸਤ ਪ੍ਰਕਾਸ਼ ਸਿੰਘ ਸੱਗੂ )
ਭਾਸ਼ਾ ਵਿਭਾਗ, ਪੰਜਾਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਦੇ ਮਕਸਦ ਨਾਲ ਜ਼ਿਲ੍ਹਾ ਪੱਧਰੀ ਸਾਹਿਤ ਸਿਰਜਣ ਅਤੇ ਕਾਵਿ-ਗਾਇਨ ਮੁਕਾਬਲੇ-2026 ਦਾ ਆਯੋਜਨ ਗੁਰੂ ਨਾਨਕ ਬੀ.ਐੱਡ. ਕਾਲਜ, ਕਪੂਰਥਲਾ ਵਿਖੇ ਬੜੀ ਧੂਮਧਾਮ ਨਾਲ ਕੀਤਾ ਗਿਆ।
ਇਸ ਸਮਾਗਮ ਵਿੱਚ ਕੌਮਾਂਤਰੀ ਸ਼ਾਇਰ ਸ. ਕੰਵਰ ਇਕਬਾਲ ਸਿੰਘ (ਜ਼ਿਲ੍ਹਾ ਇੰਚਾਰਜ, ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਅਤੇ ਕੈਬਿਨਟ ਕਮੇਟੀ ਮੈਂਬਰ, ਪੰਜਾਬ ਸਟੇਟ ਕਾਊਂਸਿਲ ਫ਼ਾਰ ਸਾਇੰਸ ਐਂਡ ਤਕਨਾਲੋਜੀ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਡਾ. ਹਰਭਜਨ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ।
ਇਹ ਮੁਕਾਬਲੇ ਚਾਰ ਮੁੱਖ ਵਿਧਾਵਾਂ—ਕਵਿਤਾ ਲਿਖਣ, ਲੇਖ ਰਚਨਾ, ਕਹਾਣੀ ਰਚਨਾ ਅਤੇ ਕਾਵਿ-ਗਾਇਨ ਵਿੱਚ ਕਰਵਾਏ ਗਏ, ਜਿਨ੍ਹਾਂ ਵਿੱਚ ਜ਼ਿਲ੍ਹੇ ਦੀਆਂ ਲਗਭਗ 25 ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।
ਇਹਨਾਂ ਮੁਕਾਬਲਿਆਂ ਵਿੱਚ ਜਜਮੈਂਟ (ਮੁਲਾਂਕਣ) ਦੀ ਭੂਮਿਕਾ ਡਾ. ਸਰਦੂਲ ਸਿੰਘ ਔਜਲਾ (ਡਿਪਸ ਕਾਲਜ, ਢਿੱਲਵਾਂ), ਡਾ. ਜਸਦੀਪ ਕੌਰ (ਹਿੰਦੂ ਕੰਨਿਆ ਕਾਲਜ, ਕਪੂਰਥਲਾ), ਡਾ. ਕੁਲਦੀਪ ਚੌਹਾਨ (ਪੰਜਾਬੀ ਮਾਸਟਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਜਗਤਪੁਰ ਜੱਟਾਂ) ਅਤੇ ਸ. ਅਰਜਨਜੀਤ ਸਿੰਘ (ਮੈਥ ਮਾਸਟਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਜਗਤਪੁਰ ਜੱਟਾਂ) ਵੱਲੋਂ ਨਿਰਪੱਖ ਅਤੇ ਸੁਚੱਜੇ ਢੰਗ ਨਾਲ ਨਿਭਾਈ ਗਈ। ਸਮਾਗਮ ਦੌਰਾਨ ਮੰਚ ਸੰਚਾਲਨ ਦੀ ਸੇਵਾ ਸ਼੍ਰੀਮਤੀ ਨੀਤ ਨਰਿੰਦਰ ਕੌਰ (ਕਵਿੱਤਰੀ, ਸਪੀਕਰ ਅਤੇ ਹੀਲਰ) ਵੱਲੋਂ ਕੁਸ਼ਲਤਾਪੂਰਵਕ ਨਿਭਾਈ ਗਈ।
ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਅੱਜ ਦੇ ਮੁੱਖ ਮਹਿਮਾਨ ਸ. ਕੰਵਰ ਇਕਬਾਲ ਸਿੰਘ ਨੇ ਕਿਹਾ, “ਵਿੱਦਿਆ ਹੀ ਮਨੁੱਖ ਦਾ ਤੀਜਾ ਨੇਤਰ ਹੈ। ਅਜਿਹੇ ਸਾਹਿਤਿਕ ਮੁਕਾਬਲਿਆਂ ਵਿੱਚ ਭਾਗ ਲੈਣ ਨਾਲ ਵਿਦਿਆਰਥੀਆਂ ਦਾ ਨਾ ਸਿਰਫ਼ ਬੌਧਿਕ ਵਿਕਾਸ ਹੁੰਦਾ ਹੈ, ਸਗੋਂ ਉਹ ਸਾਹਿਤ ਅਤੇ ਉੱਚ-ਪੱਧਰੀ ਸਾਹਿਤਿਕ ਸ਼ਖ਼ਸੀਅਤਾਂ ਨਾਲ ਵੀ ਜੁੜਦੇ ਹਨ।
ਵਿਸ਼ੇਸ਼ ਮਹਿਮਾਨ ਡਾ. ਹਰਭਜਨ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਜ਼ਿਲ੍ਹਾ ਭਾਸ਼ਾ ਵਿਭਾਗ ਕਪੂਰਥਲਾ ਦੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਭਾਸ਼ਾ ਵਿਭਾਗ ਲਗਾਤਾਰ ਪੰਜਾਬੀ ਸਾਹਿਤ, ਕਲਾ, ਸੱਭਿਆਚਾਰ ਅਤੇ ਪੁਸਤਕ ਸਭਿਆਚਾਰ ਨੂੰ ਉੱਚ ਬੁਲੰਦੀਆਂ ‘ਤੇ ਲੈ ਕੇ ਜਾਣ ਲਈ ਵਚਨਬੱਧ ਹੈ।
ਸਮਾਗਮ ਦੇ ਅੰਤ ਵਿੱਚ ਸ਼੍ਰੀਮਤੀ ਜਸਪ੍ਰੀਤ ਕੌਰ (ਜ਼ਿਲ੍ਹਾ ਭਾਸ਼ਾ ਅਫ਼ਸਰ, ਕਪੂਰਥਲਾ) ਨੇ ਆਏ ਹੋਏ ਸਭ ਮਹਿਮਾਨਾਂ, ਨਿਰਣਾਇਕਾਂ (ਜੱਜਾਂ), ਵੱਖ-ਵੱਖ ਸੰਸਥਾਵਾਂ ਤੋਂ ਆਏ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਨਵੀਂ ਪੀੜ੍ਹੀ ਦਾ ਪੰਜਾਬੀ ਸਾਹਿਤ ਅਤੇ ਕਲਾ ਪ੍ਰਤੀ ਉਤਸ਼ਾਹ ਦੇਖ ਕੇ ਬਹੁਤ ਖ਼ੁਸ਼ੀ ਅਤੇ ਤਸੱਲੀ ਹੁੰਦੀ ਹੈ।
ਇਹਨਾਂ ਮੁਕਾਬਲਿਆਂ ਵਿੱਚ ਚਾਰ ਵੱਖ ਵੱਖ ਵਿਧਾਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜਿਸ ਵਿੱਚ ਲੇਖ ਲਿਖਣ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਭਨੂਰ ਕੌਰ, ਗਿਆਰਵੀਂ ਜਮਾਤ, ਬਾਵਾ ਲਾਲਵਾਨੀ ਸਕੂਲ ਕਪੂਰਥਲਾ, ਦੂਜਾ ਸਥਾਨ ਕਿਰਨਦੀਪ ਗਿੱਲ, ਬਾਰ੍ਹਵੀਂ ਜਮਾਤ, ਕੈਂਬਰਿਜ ਇੰਟਰਨੈਸ਼ਨਲ ਸਕੂਲ ਸੁਲਤਾਨਪੁਰ ਲੋਧੀ, ਤੀਜਾ ਸਥਾਨ ਸਿਮਰਨਜੀਤ ਕੌਰ ਗਿਆਰਵੀਂ ਜਮਾਤ, ਸਰਕਾਰੀ ਕੰਨਿਆ ਸੀਨੀਅਰ ਸੈਕੈਂਡਰੀ ਸਕੂਲ ਸੈਦਪੁਰ ਕਪੂਰਥਲਾ ਨੇ ਹਾਸਲ ਕੀਤਾ।
ਕਾਵਿ ਗਾਇਨ ਮੁਕਾਬਲੇ ਵਿੱਚ ਪਹਿਲਾ ਸਥਾਨ ਸਿਮਰਨ, ਗਿਆਰਵੀਂ ਜਮਾਤ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੈਦਪੁਰ ਕਪੂਰਥਲਾ, ਦੂਜਾ ਸਥਾਨ ਮਨਜੋਤ ਕੌਰ, ਗਿਆਰਵੀਂ ਜਮਾਤ, ਸਵਾਮੀ ਸੰਤ ਦਾਸ ਪਬਲਿਕ ਸਕੂਲ ਫਗਵਾੜਾ, ਅਤੇ ਤੀਜਾ ਸਥਾਨ ਰਜਨੀਤ ਕੌਰ, ਨੌਵੀਂ ਜਮਾਤ, ਡੀ.ਏ.ਵੀ ਮਾਡਲ ਹਾਈ ਸਕੂਲ, ਕਪੂਰਥਲਾ ਨੇ ਹਾਸਿਲ ਕੀਤਾ।
ਕਵਿਤਾ ਲਿਖਣ ਮੁਕਾਬਲੇ ਵਿੱਚ ਪਹਿਲਾ ਸਥਾਨ ਗੁਰਨੂਰ ਕੌਰ, ਅੱਠਵੀਂ ਜਮਾਤ, ਬਾਵਾ ਲਾਲਵਾਨੀ ਪਬਲਿਕ ਸਕੂਲ ਕਪੂਰਥਲਾ, ਦੂਜਾ ਸਥਾਨ ਅਨੰਤ ਬੀਰ ਸਿੰਘ, ਨੌਵੀਂ ਜਮਾਤ, ਬਾਬਾ ਲਾਲਵਾਨੀ ਪਬਲਿਕ ਸਕੂਲ ਕਪੂਰਥਲਾ ਅਤੇ ਤੀਜਾ ਸਥਾਨ ਗੁਰਲੀਨ ਕੌਰ, ਦਸਵੀਂ ਜਮਾਤ, ਗੁਰੂ ਅਮਰਦਾਸ ਪਬਲਿਕ ਸਕੂਲ ਉੱਚਾ ਬੇਟ ਕਪੂਰਥਲਾ ਨੇ ਹਾਸਿਲ ਕੀਤਾ।
ਕਹਾਣੀ ਲਿਖਣ ਮੁਕਾਬਲੇ ਵਿੱਚ ਪਹਿਲਾ ਸਥਾਨ ਪਰਮਪ੍ਰੀਤ ਕੌਰ, ਨੌਵੀਂ ਜਮਾਤ, ਬਾਵਾ ਲਾਲਵਾਨੀ ਸਕੂਲ ਕਪੂਰਥਲਾ, ਦੂਜਾ ਸਥਾਨ ਸਿਮਰਪ੍ਰੀਤ ਕੌਰ, ਸੱਤਵੀਂ ਜਮਾਤ, ਸਵਾਮੀ ਸੰਤ ਦਾਸ ਪਬਲਿਕ ਸਕੂਲ ਫਗਵਾੜਾ ਅਤੇ ਤੀਜਾ ਸਥਾਨ ਖੁਸ਼ਮਨਜੋਤ ਸਿੰਘ, ਦਸਵੀਂ ਜਮਾਤ, ਐਮ.ਜੀ.ਐਨ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਪੂਰਥਲਾ ਨੇ ਹਾਸਿਲ ਕੀਤਾ।
ਜੇਤੂ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਸ. ਕੰਵਰ ਇਕਬਾਲ ਸਿੰਘ, ਵਿਸ਼ੇਸ਼ ਮਹਿਮਾਨ ਡਾ. ਹਰਭਜਨ ਸਿੰਘ ਅਤੇ ਸ਼੍ਰੀਮਤੀ ਜਸਪ੍ਰੀਤ ਕੌਰ, ਜ਼ਿਲ੍ਹਾ ਭਾਸ਼ਾ ਅਫ਼ਸਰ, ਕਪੂਰਥਲਾ ਵੱਲੋਂ ਇਨਾਮ ਰਾਸ਼ੀ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਗੁਰੂ ਨਾਨਕ ਬੀ.ਐਡ. ਕਾਲਜ ਕਪੂਰਥਲਾ ਦੇ ਕਾਰਜਕਾਰੀ ਪ੍ਰਿੰਸੀਪਲ ਸ੍ਰੀਮਤੀ ਸਵਿੰਦਰ ਕੌਰ ਵੱਲੋਂ ਇਸ ਸਮਾਗਮ ਤੇ ਉਚੇਚੇ ਤੌਰ ਤੇ ਸ਼ਿਰਕਤ ਕਰਦਿਆਂ ਜ਼ਿਲ੍ਹਾ ਭਾਸ਼ਾ ਦਫ਼ਤਰ ਕਪੂਰਥਲਾ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਅਤੇ ਆਏ ਹੋਏ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ।
ਇਸ ਮੌਕੇ ਸ਼੍ਰੀਮਤੀ ਜਸਪ੍ਰੀਤ ਕੌਰ, ਜ਼ਿਲ੍ਹਾ ਭਾਸ਼ਾ ਅਫ਼ਸਰ, ਕਪੂਰਥਲਾ ਅਤੇ ਉਨਾਂ ਦੇ ਸਟਾਫ਼ ਨੇ ਆਏ ਹੋਏ ਮਹਿਮਾਨਾਂ, ਜਜ਼ਮੇਂਟ ਪੈਨਲ, ਮੰਚ ਸੰਚਾਲਕ, ਪ੍ਰੀਖਿਆ ਸਹਾਇਕ ਅਤੇ ਪ੍ਰਬੰਧਨ ਟੀਮ ਨੂੰ ਸਨਮਾਨ ਚਿੰਨ ਭੇਂਟ ਕੀਤੇ।
ਇਸ ਮੁਕਾਬਲੇ ਵਿੱਚ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ, ਪ੍ਰਿੰਸੀਪਲ ਗੁਰੂ ਨਾਨਕ ਬੀ.ਐਡ. ਕਾਲਜ ਕਪੂਰਥਲਾ, ਜੱਜਮੈਂਟ ਪੈਨਲ, ਵੱਖ-ਵੱਖ ਸਕੂਲਾਂ-ਕਾਲਜਾਂ ਦੇ ਅਧਿਆਪਕ ਅਤੇ ਵਿਦਿਆਰਥੀਆਂ ਦੇ ਨਾਲ ਜ਼ਿਲ੍ਹਾ ਭਾਸ਼ਾ ਦਫ਼ਤਰ ਕਪੂਰਥਲਾ ਦਾ ਸਮੂਹ ਸਟਾਫ਼ ਵੀ ਹਾਜ਼ਰ ਸੀ।