
– ਗੁਰੂ ਘਰ ਦੀ ਪਵਿੱਤਰਤਾ ਕਾਇਮ ਰੱਖਣ ਅਤੇ ਗਲਤ ਪ੍ਰਚਾਰ ਤੋਂ ਸੁਚੇਤ ਰਹਿਣ ਦੀ ਸੰਗਤਾਂ ਨੂੰ ਅਪੀਲ
(ਨਿਊਜ਼ ਚੈਕ ਪੋਸਟ) ਨਵੀਂ ਦਿੱਲੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਹਮੇਸਾ ਤੋਂ ਦਇਆ, ਮਨੁੱਖਤਾ, ਆਪਸੀ ਸਾਂਝ ਅਤੇ ਨਿਸਕਾਮ ਸੇਵਾ ਦਾ ਪ੍ਰਤੀਕ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਤੋਂ ਪ੍ਰੇਰਨਾ ਲੈਂਦਿਆਂ ਗੁਰੂ ਘਰ ਨੇ ਹਮੇਸਾ ਹਰ ਧਰਮ, ਜਾਤੀ ਅਤੇ ਵਰਗ ਦੇ ਲੋਕਾਂ ਦਾ ਬਿਨਾਂ ਕਿਸੇ ਭੇਦਭਾਵ ਤੋਂ ਸਵਾਗਤ ਕੀਤਾ ਹੈ ਅਤੇ ਲੋੜਵੰਦਾਂ ਨੂੰ ਸਹਾਰਾ ਦੇਣ ਦੀ ਮਹਾਨ ਪ੍ਰੰਪਰਾ ਨੂੰ ਨਿਰੰਤਰ ਅੱਗੇ ਵਧਾਇਆ ਹੈ।
ਦੋਵਾਂ ਆਗੂਆਂ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਗੁਰੂ ਘਰ ਦੇ ਦਰਵਾਜੇ ਹਰ ਉਸ ਵਿਅਕਤੀ ਲਈ ਖੁੱਲ੍ਹੇ ਰਹੇ ਹਨ, ਜੋ ਆਸਰਾ, ਸਹਾਇਤਾ ਅਤੇ ਸਾਂਤੀ ਦੀ ਭਾਲ ਵਿੱਚ ਇੱਥੇ ਆਇਆ ਹੈ। ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦੀ ਸੇਵਾ, ਸਰਬੱਤ ਦੇ ਭਲੇ ਅਤੇ ਮਨੁੱਖੀ ਭਾਈਚਾਰੇ ਦੀ ਭਾਵਨਾ ਨੇ ਹਮੇਸਾ ਸਮਾਜ ਨੂੰ ਇਕਜੁੱਟ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਹ ਪਵਿੱਤਰ ਅਸਥਾਨ ਸਮੁੱਚੀ ਮਨੁੱਖਤਾ ਲਈ ਸਰਧਾ, ਵਿਸਵਾਸ ਅਤੇ ਸੇਵਾ ਦੀ ਪ੍ਰੇਰਨਾ ਦਾ ਕੇਂਦਰ ਹੈ।
ਸਰਦਾਰ ਕਾਲਕਾ ਅਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਗੁਰੂ ਘਰ ਦੀਆਂ ਮਹਾਨ ਪ੍ਰੰਪਰਾਵਾਂ ਅਤੇ ਮਨੁੱਖਤਾ ਪ੍ਰਤੀ ਇਸ ਦੀ ਨਿਸਕਾਮ ਸੇਵਾ ਦੇ ਨਾਲ-ਨਾਲ ਇਸ ਦੀ ਪਵਿੱਤਰਤਾ, ਮਰਿਆਦਾ ਅਤੇ ਧਾਰਮਿਕ ਸਤਿਕਾਰ ਨੂੰ ਕਾਇਮ ਰੱਖਣਾ ਵੀ ਸਾਡੀ ਸਾਰਿਆਂ ਦੀ ਸਾਂਝੀ ਜ?ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਵਰਗੇ ਪਵਿੱਤਰ ਅਸਥਾਨਾਂ ਨੂੰ ਕਿਸੇ ਵੀ ਤਰ੍ਹਾਂ ਦੇ ਵਿਵਾਦ ਜਾਂ ਗਲਤ ਪ੍ਰਚਾਰ ਦਾ ਕੇਂਦਰ ਨਹੀਂ ਬਣਨ ਦੇਣਾ ਚਾਹੀਦਾ।
ਦੋਵਾਂ ਆਗੂਆਂ ਨੇ ਸੰਗਤਾਂ ਅਤੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਬਾਰੇ ਫੈਲਾਏ ਜਾ ਰਹੇ ਕਿਸੇ ਵੀ ਨਕਾਰਾਤਮਕ ਪ੍ਰਚਾਰ ਜਾਂ ਗਲਤ ਜਾਣਕਾਰੀ ਦਾ ਬਿਨਾਂ ਪੁਸਟੀ ਕੀਤੇ ਵਿਸਵਾਸ ਨਾ ਕਰਨ ਅਤੇ ਨਾ ਹੀ ਇਸ ਨੂੰ ਅੱਗੇ ਫੈਲਾਉਣ। ਉਨ੍ਹਾਂ ਕਿਹਾ ਕਿ ਕਿਸੇ ਵੀ ਜਾਣਕਾਰੀ ’ਤੇ ਪ੍ਰਤੀਕਿਰਿਆ ਦੇਣ ਤੋਂ ਪਹਿਲਾਂ ਉਸ ਦੀ ਸੱਚਾਈ ਦੀ ਜਾਂਚ ਕਰਨੀ ਬੇਹੱਦ ਜਰੂਰੀ ਹੈ, ਤਾਂ ਜੋ ਸਮਾਜ ਵਿੱਚ ਬੇਲੋੜੀ ਗਲਤਫਹਿਮੀ ਅਤੇ ਵੰਡ ਪੈਦਾ ਨਾ ਹੋਵੇ।
ਉਨ੍ਹਾਂ ਜੋਰ ਦੇ ਕੇ ਕਿਹਾ ਕਿ ਗੁਰੂ ਘਰ ਸਭ ਦਾ ਸਾਂਝਾ ਹੈ ਅਤੇ ਇਸ ਦੀ ਪਵਿੱਤਰਤਾ ਦੀ ਰਾਖੀ ਕਰਨਾ ਸਾਡਾ ਸਾਂਝਾ ਫਰਜ ਹੈ। ਆਓ, ਅਸੀਂ ਗੁਰੂ ਘਰ ਦੀਆਂ ਮਹਾਨ ਪਰੰਪਰਾਵਾਂ, ਮਨੁੱਖਤਾ ਦੀ ਸੇਵਾ ਅਤੇ ਆਪਸੀ ਭਾਈਚਾਰੇ ਦੀ ਭਾਵਨਾ ਨੂੰ ਮਜਬੂਤ ਕਰੀਏ ਅਤੇ ਕਿਸੇ ਵੀ ਗਲਤ ਜਾਣਕਾਰੀ ਨੂੰ ਸਮਾਜ ਵਿੱਚ ਵੰਡੀਆਂ ਪਾਉਣ ਦਾ ਸਾਧਨ ਨਾ ਬਣਨ ਦੇਈਏ।