ਗਿਆਨੀ ਮਹਿੰਦਰ ਸਿੰਘ ਮੈਹਸਮਪੁਰ ਪਰਿਵਾਰ ਸਮੇਤ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਹੋਏ ਨਤਮਸਤਕ

Share and Enjoy !

Shares
ਲੌਂਗੋਵਾਲ (ਜਗਸੀਰ ਸਿੰਘ) – ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੇ 100 ਸਾਲਾ ਸ਼ਤਾਬਦੀ ਸਮਾਰੋਹਾਂ ਨੂੰ ਸਮਰਪਿਤ ਚੱਲ ਰਹੇ ਸਮਾਗਮਾਂ ਤਹਿਤ, ਵਿਦੇਸ਼ਾਂ ਵਿੱਚ ਸਿੱਖੀ ਅਤੇ ਵਿੱਦਿਆ ਦੇ ਪ੍ਰਚਾਰ ਲਈ ਲੰਬੇ ਸਮੇਂ ਤੋਂ ਯਤਨਸ਼ੀਲ ਸ਼ਖ਼ਸੀਅਤ ਗਿਆਨੀ ਮਹਿੰਦਰ ਸਿੰਘ ਜੀ ਮੈਹਸਮਪੁਰ ਵਾਲੇ (ਮੁੱਖ ਸੇਵਾਦਾਰ, ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ, ਸਰੀ-ਕੈਨੇਡਾ) ਅੱਜ ਵਿਸ਼ੇਸ਼ ਤੌਰ ‘ਤੇ ਪਰਿਵਾਰ ਸਮੇਤ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ। ਇਸ ਮੌਕੇ ਅਕਾਲ ਕੌਂਸਲ ਦੇ ਸਕੱਤਰ ਸ੍ਰ. ਜਸਵੰਤ ਸਿੰਘ ਖੈਰਾ ਅਤੇ ਸਮੂਹ ਕੌਂਸਲ ਮੈਂਬਰਾਂ ਵੱਲੋਂ ਗਿਆਨੀ ਮਹਿੰਦਰ ਸਿੰਘ ਜੀ ਦਾ ਭਰਵਾਂ ਤੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਗੁਰੂ ਘਰ ਦੀ ਬਖ਼ਸ਼ਿਸ਼ ਸਿਰਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਸ੍ਰ. ਜਸਵੰਤ ਸਿੰਘ ਖੈਹਿਰਾ ਨੇ ਗਿਆਨੀ ਮਹਿੰਦਰ ਸਿੰਘ ਜੀ ਦੀਆਂ ਪੰਥਕ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਵਿਦੇਸ਼ਾਂ ਦੀ ਧਰਤੀ ‘ਤੇ ਸੰਤ ਬਾਬਾ ਅਤਰ ਸਿੰਘ ਜੀ ਦੇ ਮਿਸ਼ਨ—ਸਿੱਖੀ ਦੇ ਪ੍ਰਚਾਰ, ਪ੍ਰਸਾਰ ਅਤੇ ਵਿੱਦਿਆ ਦੇ ਫੈਲਾਅ—ਲਈ ਨਿਰੰਤਰ ਕਾਰਜਸ਼ੀਲ ਹਨ। ਉਨ੍ਹਾਂ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ ਕਿ ਕੈਨੇਡਾ ਦੇ ਸਰ੍ਹੀ ਸ਼ਹਿਰ ਵਿਖੇ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਦੀ ਸਥਾਪਨਾ ਅਤੇ ਉੱਥੇ ਪ੍ਰਚਾਰ ਲਹਿਰ ਨੂੰ ਪ੍ਰਚੰਡ ਕਰਨ ਵਿੱਚ ਗਿਆਨੀ ਜੀ ਅਤੇ ਇੱਥੋਂ ਦੀ ਕੌਂਸਲ ਦਾ ਆਪਸੀ ਤਾਲਮੇਲ ਤੇ ਸਹਿਯੋਗ ਬੇਹੱਦ ਸ਼ਲਾਘਾਯੋਗ ਰਿਹਾ ਹੈ। ਇਸ ਮੌਕੇ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਿਆਂ ਗਿਆਨੀ ਮਹਿੰਦਰ ਸਿੰਘ ਜੀ ਮੈਹਸਮਪੁਰ ਨੇ ਆਪਣੇ ਵਿਚਾਰ ਵਿਸਥਾਰ ਨਾਲ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਸੰਤ ਬਾਬਾ ਅਤਰ ਸਿੰਘ ਜੀ ਅਤੇ ਪ੍ਰੋਫੈਸਰ ਸੰਤ ਤੇਜਾ ਸਿੰਘ ਜੀ ਦੀ ਮਹਾਨ ਵਿਰਾਸਤ ਨੂੰ ਅੱਗੇ ਵਧਾਉਂਦਿਆਂ ਕੈਨੇਡਾ ਵਿਖੇ ਸਥਾਪਿਤ ਅਸਥਾਨ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ 100 ਸਾਲਾ ਸ਼ਤਾਬਦੀ ਸਮਾਰੋਹਾਂ ਨੂੰ ਆਪਣੀ ਮੂਲ ਜੜ੍ਹ ਨਾਲ ਜੁੜ ਕੇ ਰਲ-ਮਿਲ ਕੇ ਮਨਾਇਆ ਜਾਵੇ। ਉਨ੍ਹਾਂ ਦੱਸਿਆ ਕਿ ਕੈਨੇਡਾ ਵਿੱਚ ਦਸੰਬਰ ਮਹੀਨੇ ਤੋਂ ਹੀ ਸ਼ਤਾਬਦੀ ਨੂੰ ਸਮਰਪਿਤ ਸਮਾਗਮ ਆਰੰਭ ਕਰ ਦਿੱਤੇ ਜਾਂਦੇ ਹਨ, ਜੋ ਜਨਵਰੀ ਦੇ ਵੱਡੇ ਸਮਾਗਮਾਂ ਤੱਕ ਚੱਲਦੇ ਹਨ। ਸੰਤ ਤੇਜਾ ਸਿੰਘ ਜੀ ਦੇ ਇਤਿਹਾਸਕ ਯੋਗਦਾਨ ਨੂੰ ਯਾਦ ਕਰਦਿਆਂ ਗਿਆਨੀ ਮਹਿੰਦਰ ਸਿੰਘ ਨੇ ਭਾਵੁਕ ਹੋ ਕੇ ਕਿਹਾ ਕਿ ਜਦੋਂ ਉਹ ਕੈਨੇਡਾ ਗਏ, ਤਾਂ ਉਨ੍ਹਾਂ ਮਹਿਸੂਸ ਕੀਤਾ ਕਿ ਉੱਥੋਂ ਦੀ ਧਰਤੀ ‘ਤੇ ਪੰਜਾਬੀਆਂ ਅਤੇ ਸਿੱਖ ਕੌਮ ਲਈ ਸੰਤ ਤੇਜਾ ਸਿੰਘ ਜੀ ਵੱਲੋਂ ਕੀਤੇ ਮਹਾਨ ਕਾਰਜਾਂ ਦਾ ਨਾਮੋ-ਨਿਸ਼ਾਨ ਲਗਭਗ ਮਿਟ ਚੁੱਕਿਆ ਸੀ। ਇਸ ਇਤਿਹਾਸਕ ਘਾਟ ਨੂੰ ਪੂਰਾ ਕਰਨ ਅਤੇ ਉਨ੍ਹਾਂ ਦੀ ਦੇਣ ਨੂੰ ਮੁੜ ਉਜਾਗਰ ਕਰਨ ਲਈ ਸਰੀ ਵਿਖੇ ਵੱਡੇ ਸੈਮੀਨਾਰ ਕਰਵਾਏ ਜਾ ਰਹੇ ਹਨ। ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ 100 ਸਾਲਾ ਸ਼ਤਾਬਦੀ ਨੂੰ ਪੂਰਨ ਤੌਰ ‘ਤੇ ਵਿੱਦਿਆ (ਐਜੂਕੇਸ਼ਨ) ਅਤੇ ਗੁਰਮਤਿ ਪ੍ਰਚਾਰ ਨੂੰ ਸਮਰਪਿਤ ਹੋ ਕੇ ਮਨਾਇਆ ਜਾਵੇ, ਕਿਉਂਕਿ ਗਿਆਨ ਦਾ ਭੰਡਾਰ ਵੰਡਣਾ ਹੀ ਮਹਾਂਪੁਰਖਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਇਸ ਮੌਕੇ ਅਕਾਲ ਕਾਲਜ ਕੌਂਸਲ ਵੱਲੋਂ ਸੀਨੀਅਰ ਕੌਂਸਲ ਮੈਂਬਰ ਸ੍ਰ. ਹਰਜੀਤ ਸਿੰਘ ਸਜੂਮਾਂ, ਸ੍ਰ. ਗਰਜੰਟ ਸਿੰਘ ਦੁੱਗਾਂ, ਸ੍ਰ. ਬਲਦੇਵ ਸਿੰਘ ਭੰਮਾਂਬੱਦੀ, ਸ੍ਰ. ਗਮਦੂਰ ਸਿੰਘ ਬਹਾਦਰਪੁਰ, ਸ੍ਰ. ਹਾਕਮ ਸਿੰਘ ਬਹਾਦਰਪੁਰ, ਸ੍ਰ. ਭੁਪਿੰਦਰ ਸਿੰਘ ਗਰੇਵਾਲ, ਬਾਬਾ ਸੁਖੇਦਵ ਸਿੰਘ ਮੁੱਖ ਗ੍ਰੰਥੀ, ਭਾਈ ਗੁਰਮੇਲ ਸਿੰਘ, ਸ੍ਰ. ਕਰਮਜੀਤ ਸਿੰਘ ਗੱਗੜਪੁਰ, ਮੈਨੇਜਰ ਸ੍ਰ. ਜਸਵੀਰ ਸਿੰਘ, ਡਾ. ਗੁਰਬੀਰ ਸਿੰਘ ਸੋਹੀ, ਪ੍ਰਿੰਸੀਪਲ ਡਾ. ਰਾਜਿੰਦਰ ਸਿੰਘ,  ਪ੍ਰਿੰ. ਰਾਜਵਿੰਦਰਪਾਲ ਸਿੰਘ, ਪ੍ਰਿੰ. ਜਸਵੀਰ ਸਿੰਘ ਧੂਰਾ, ਭਾਈ ਅਵਤਾਰ ਸਿੰਘ ਹਜੂਰੀ ਰਾਗੀ, ਭਾਈ ਹਰਜਿੰਦਰ ਸਿੰਘ ਮਾਝੀ, ਭਾਈ ਜਸਵਿੰਦਰ ਸਿੰਘ, ਪ੍ਰੋ. ਜਸਪ੍ਰੀਤ ਸਿੰਘ ਗੁਰਮਤਿ ਕਾਲਜ, ਭਾਈ ਅੰਮ੍ਰਿਤਪਾਲ ਸਿੰਘ, ਭਾਈ ਗੁਰਮੀਤ ਸਿੰਘ ਅਤੇ ਇਲਾਕੇ ਦੀਆਂ ਧਾਰਮਿਕ ਸਖਸ਼ੀਅਤਾਂ ਹਾਜ਼ਰ ਸਨ।

About Post Author

Share and Enjoy !

Shares

Leave a Reply

Your email address will not be published.