
– ਸਾਰੀਆਂ ਰਾਜਨੀਤਿਕ ਪਾਰਟੀਆਂ ਅਤੇ ਸੁਹਿਰਦ ਲੋਕ ਹੋ ਜਾਵੋ ਇਕੱਠੇ : ਜਥੇਦਾਰ ਬੈਂਸ
ਲੁਧਿਆਣਾ, 3 ਮਾਰਚ (Check Post) : ਭਾਖੜਾ ਬਿਆਸ ਮੈਨਜਮੈਂਟ ਬੋਰਡ ਵਿਚੋਂ ਪੰਜਾਬੀਆਂ ਦੀ ਨਾਮਜਦਗੀ ਨੂੰ ਖਤਮ ਕਰਨ ਤੋਂ ਬਾਅਦ ਤੁਰੰਤ ਕੇਂਦਰ ਵੱਲੋਂ ਭਾਖੜਾ ਡੈਮ ਦੇ ਆਸ ਪਾਸ ਸੈਂਟਰਲ ਇੰਡਸਟਰੀਅਲ ਸਕਿਉਰਿਟੀ ਫੋਰਸ (ਸੀ ਆਈ ਐਸ ਐਫ) ਦੀ ਤੈਨਾਤੀ ਕਰਨ ਨਾਲ ਕੇਂਦਰ ਦਾ ਚਿਹਰਾ ਸ਼ਰੇਆਮ ਨੰਗਾ ਹੋ ਗਿਆ ਹੈ ਅਤੇ ਇਹ ਕੇਂਦਰ ਨੇ ਸਿਧੇ ਤੌਰ ਤੇ ਪੰਜਾਬੀਆਂ ਦੀ ਅਣਖ ਨੂੰ ਵੰਗਾਰਿਆ ਹੈ ਜਿਸ ਲਈ ਹੁਣ ਬਿਨਾ ਕੋਈ ਦੇਰ ਕੀਤੇ ਪੰਜਾਬ ਦੀਆਂ ਸਾਰੀਆਂ ਵੱਖ ਵੱਖ ਰਾਜਨੀਤਿਕ ਪਾਰਟੀਆਂ, ਬੁੱਧੀ ਜੀਵੀ, ਸਮਾਜ ਸੇਵੀ ਸੰਸਥਾਵਾਂ, ਸਿੱਖ ਜਥੇਬੰਦੀਆਂ ਅਤੇ ਹੋਰਨਾਂ ਉਹਨਾਂ ਲੋਕਾਂ ਨੂੰ ਇਕ ਮੰਚ ਤੇ ਇਕੱਠੇ ਹੋ ਜਾਣਾ ਚਾਹੀਦਾ ਹੈ ਜਿਹਨਾਂ ਦੇ ਮਨਾਂ ਵਿਚ ਪੰਜਾਬ ਪ੍ਰਤੀ ਥੋੜ੍ਹਾ ਜਿੰਨਾ ਵੀ ਪਿਆਰ ਹੈ ।
ਉਕਤ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਅੱਜ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ਪਾਰਟੀ ਦੇ ਸਰਪ੍ਰਸਤ ਜਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਕੋਟ ਮੰਗਲ ਸਿੰਘ ਵਿਖੇ ਪੰਜਾਬ ਦੀਆਂ ਸਮੂਹ ਰਾਜਨੀਤਿਕ ਪਾਰਟੀਆਂ ਦੇ ਆਗੂਆਂ, ਪੰਜਾਬ ਦੀਆਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਸਮੇਤ ਪੰਜਾਬ ਦੇ ਬੱਚੇ ਬੱਚੇ ਨੂੰ ਆਵਾਜ਼ ਮਾਰਦੇ ਹੋਏ ਤੌਖਲਾ ਪ੍ਰਗਟ ਕੀਤਾ ਹੈ ਕਿ ਜੇਕਰ ਅੱਜ ਵੀ ਅਸੀਂ ਆਪਣੇ ਨਿਜੀ ਮੁਫਾਦਾਂ ਲਈ ਲੜ੍ਹਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਭਾਜਪਾ ਦੀ ਕੇਂਦਰ ਸਰਕਾਰ ਪੰਜਾਬ ਨੂੰ ਪੂਰੀ ਤ੍ਰਾਹ ਹਥਿਆ ਲਏਗੀ । ਉਹਨਾਂ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਕੇਂਦਰ ਨੇ ਭਾਖੜਾ ਬਿਆਸ ਮੈਨਜਮੈਂਟ ਬੋਰਡ (ਬੀ ਬੀ ਐਮ ਬੀ ) ਵਿਚੋਂ ਪੰਜਾਬ ਦੀ ਮੇਮ੍ਬਰਸ਼ਿਪ ਖਤਮ ਕਰ ਦਿੱਤੀ ਸੀ ਅਤੇ ਹੁਣ ਕੇਂਦਰ ਵੱਲੋਂ ਭਾਖੜਾ ਡੈਮ ਦੇ ਆਸ ਪਾਸ ਦੇ ਖੇਤਰਾਂ ਵਿਚ ਸੈਂਟਰਲ ਇੰਡਸਟਰੀਅਲ ਸਕਿਉਰਿਟੀ ਫੋਰਸ (ਸੀ ਆਈ ਐਸ ਐਫ) ਦੀ ਤੈਨਾਤੀ ਕਰਕੇ ਪੰਜਾਬ ਵਿਚ ਅਸਿਧੇ ਤੌਰ ਤੇ ਕਬਜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਪੰਜਾਬੀਆਂ ਨੂੰ ਆਪਣੀ ਹੋਂਦ ਦੀ ਲੜ੍ਹਾਈ ਲੜਨੀ ਪਵੇਗੀ । ਉਹਨਾਂ ਕਿਹਾ ਕਿ ਭਾਜਪਾ ਆਰ ਐਸ ਐਸ ਦੇ ਲੁੱਕਵੇਂ ਏਜੰਡੇ ਤੇ ਕੰਮ ਕਰ ਰਹੀ ਹੈ ਅਤੇ ਦੇਸ਼ ਵਿਚ ਆਪ ਹੁਦਰੀਆਂ ਕਰ ਰਹੀ ਹੈ ਪਰ ਪੰਜਾਬ ਦਾ ਬੱਚਾ ਬੱਚਾ ਇਸਦਾ ਮੂੰਹ ਤੋੜਵਾਂ ਜਵਾਬ ਦੇਵੇਗਾ ਕਿਓਂਕਿ ਪੰਜਾਬ ਦੀ ਧਰਤੀ ਤੇ ਬਣਿਆ ਭਾਖੜਾ ਡੈਮ ਪੰਜਾਬ ਦੀ ਆਨ, ਬਾਨ ਅਤੇ ਸ਼ਾਨ ਹੈ । ਉਹਨਾਂ ਅਖੀਰ ਵਿਚ ਤੌਖਲਾ ਇਹ ਵੀ ਪ੍ਰਗਟ ਕੀਤਾ ਕਿ ਮੋਦੀ ਸਰਕਾਰ ਦਾ ਇਹ ਲੁੱਕਵਾਂ ਏਜੇਂਡਾ ਵੀ ਹੋ ਸਕਦਾ ਹੈ ਕਿ ਜਿਸ ਤਰਾਂ ਨਾਲ ਦੇਸ਼ ਵਿਚ ਰੇਲਵੇ ਸਟੇਸ਼ਨ , ਏਅਰਪੋਰਟ , ਸਰਕਾਰੀ ਬਿਲਡਿੰਗਾਂ ਗਹਿਣੇ ਰੱਖ ਦਿੱਤੀਆਂ ਗਈਆਂ ਜਾਂ ਵੇਚ ਦਿੱਤੀਆਂ ਗਈਆਂ ਉਸ ਹੀ ਤਰਾਂ ਭਾਖੜਾ ਡੈਮ ਤੇ ਕਬਜਾ ਕਰਕੇ ਇਸ ਨੂੰ ਵੀ ਕੀਤੇ ਵੇਚ ਨਾ ਦਿੱਤਾ ਜਾਵੇ ।
![]()