ਫਗਵਾੜਾ (ਸ਼ਿਵ ਕੋੜਾ) : ਸ਼ਹਿਰ ਦੇ ਵਾਰਡ ਨੰਬਰ 26 ਮੁਹੱਲਾ ਅਰਬਨ ਅਸਟੇਟ ਦੇ ਨਜਦੀਕ ਕਾਰਪੋਰੇਸ਼ਨ ਫਗਵਾੜਾ ਵਲੋਂ ਕੂੜੇ ਦਾ ਡੰਪ ਬਨਾਉਣ ਨੂੰ ਲੈ ਕੇ ਚਲ ਰਹੇ ਵਿਵਾਦ ਨੂੰ ਲੈ ਕੇ ਅੱਜ ਸਵੇਰੇ ਵਾਰਡ ਵਾਸੀਆਂ ਨੇ ਸਾਬਕਾ ਕੌਂਸਲਰ ਸ੍ਰੀਮਤੀ ਜਸਵਿੰਦਰ ਕੌਰ ਪ੍ਰਧਾਨ ਭਾਜਪਾ ਜਿਲ੍ਹਾ ਕਪੂਰਥਲਾ ਮਹਿਲਾ ਮੋਰਚਾ ਦੇ ਨਾਲ ਏ.ਡੀ.ਸੀ. ਦਲਜੀਤ ਕੌਰ ਦੇ ਸੱਦੇ ‘ਤੇ ਕਾਰਪੋਰੇਸ਼ਨ ਦਫਤਰ ਵਿਖੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਸਾਬਕਾ ਕੌਂਸਲਰ ਜਸਵਿੰਦਰ ਕੌਰ ਨੇ ਏਡੀਸੀ ਨੂੰ ਬਤੌਰ ਵਾਰਡ ਕੌਂਸਲਰ ਡੰਪ ਸਬੰਧੀ ਲੋਕਾਂ ਦੇ ਇਤਰਾਜ ਸਬੰਧੀ ਲਿਖੇ ਪੱਤਰ ਤੋਂ ਇਲਾਵਾ ਮਾਣਯੋਗ ਹਾਈ ਕੋਰਟ ਦੇ ਆਰਡਰਾਂ ਦੀ ਕਾਪੀ ਉਹ ਕਾਪੀ ਜਿਸ ‘ਚ ਰਿਹਾਇਸ਼ੀ ਕਲੋਨੀ ਵਿਚ ਕੂੜੇ ਦਾ ਡੰਪ ਨਹੀਂ ਬਣਾਉਣ ਦੀ ਡਾਇਰੈਕਸ਼ਨ ਹੈ ਅਤੇ ਪੰਜਾਬ ਅਰਬਨ ਡਿਵੈਲਪਮੈਂਟ ਅਥਾਰਿਟੀ (ਪੁੱਡਾ) ਵਲੋਂ ਵੀ ਕਾਰਪੋਰੇਸ਼ਨ ਫਗਵਾੜਾ ਨੂੰ ਡੰਪ ਨਾ ਬਨਾਉਣ ਅਤੇ ਸਫਾਈ ਕਰਵਾਉਣ ਬਾਰੇ ਲਿਖੇ ਪੱਤਰ ਦੀ ਕਾਪੀ ਪੇਸ਼ ਕੀਤੀ। ਸਾਰੇ ਹੀ ਦਸਤਾਵੇਜਾਂ ਨੂੰ ਚੰਗੀ ਤਰ੍ਹਾਂ ਦੇਖਣ ਤੋਂ ਬਾਅਦ ਏ.ਡੀ.ਸੀ. ਦਲਜੀਤ ਕੌਰ ਨੇ ਸ਼ਾਮ ਨੂੰ ਅਰਬਨ ਅਸਟੇਟ ਇਲਾਕੇ ਦਾ ਦੌਰਾ ਕਰਕੇ ਸਾਰੀ ਸਥਿਤੀ ਦਾ ਜਾਇਜਾ ਲਿਆ। ਇਸ ਦੌਰਾਨ ਉਹਨਾਂ ਵਿਵਾਦਤ ਡੰਪ ਵਾਲੀ ਥਾਂ ਦੀ ਤੁਰੰਤ ਸਫਾਈ ਕਰਵਾਉਣ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਅਤੇ ਨਾਲ ਹੀ ਜੀਟੀ ਰੋਡ ਸਾਈਡ ਤੋਂ ਅਰਬਨ ਅਸਟੇਟ ਵਿਚ ਐਂਟਰੀ ਗੇਟ ਦੇ ਨਜਦੀਕ ਬਣੇ ਕੂੜੇ ਦੇ ਡੰਪ ਨੂੰ ਪੱਕੇ ਤੌਰ ਤੇ ਹਟਵਾਇਆ। ਜਿਸ ਨੂੰ ਲੈ ਕੇ ਵਾਰਡ ਵਾਸੀਆਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਏ.ਡੀ.ਸੀ. ਦਲਜੀਤ ਕੌਰ ਦੀ ਇਸ ਕਾਰਗੁਜਾਰੀ ਦੀ ਖੁੱਲ੍ਹੇ ਦਿਲ ਤੋਂ ਸ਼ਲਾਘਾ ਕੀਤੀ। ਇਸ ਮੌਕੇ ਸਾਬਾਕ ਕੌਂਸਲਰ ਤ੍ਰਿਪਤਾ ਸ਼ਰਮਾ, ਆਰਤੀ ਟੰਡਨ, ਸੁਖਦੇਵ ਸਿੰਘ, ਮੋਂਟੀ ਮਹਿਮੀ, ਸੁਖਵਿੰਦਰ ਸਿੰਘ, ਹਰਵਿੰਦਰ ਸਿੰਘ ਵਾਲੀਆ, ਪੰਕਜ ਗੌਤਮ, ਰੂਬੀ ਬਸਨ, ਗੁਰਦਿਆਲ ਸਿੰਘ, ਰਤਨ ਰਾਮ, ਐਡਵੋਕੇਟ ਕਸ਼ਮੀਰ ਸਿੰਘ ਮੱਲ੍ਹੀ ਆਦਿ ਹਾਜਰ ਸਨ।