
- ਸੰਯੁਕਤਕਿਸਾਨ ਮੋਰਚਾ ਦੇ ਵਫ਼ਦ ਨੇ ਵਿਧਾਇਕ ਚੌਧਰੀ ਨਾਲ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਕੀਤੀ ਮੁਲਾਕਾਤ
- ਸਮੁੱਚੀਕਾਂਗਰਸ ਪਾਰਟੀ ਖੜ੍ਹੀ ਹੈ ਕਿਸਾਨਾਂ ਨਾਲ: ਵਿਧਾਇਕ ਚੌਧਰੀ
- ਜੇਕਰਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਵੱਡੇ ਪੱਧਰ ‘ਤੇ ਕਰਾਂਗੇ ਵਿਰੋਧ ਪ੍ਰਦਰਸ਼ਨ: ਵਿਧਾਇਕ ਚੌਧਰੀ
ਫਿਲੌਰ| ਫਿਲੌਰ ਦੇ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਸੋਮਵਾਰ ਨੂੰ ਕਿਹਾ ਕਿ ਪੰਜਾਬ ਸਰਕਾਰ ਤੁਰੰਤ ਸੂਬੇ ਦੇ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਕਰੇ, ਨਹੀਂ ਤਾਂ ਕਾਂਗਰਸ ਪਾਰਟੀ ਦਿੱਲੀ ਅੰਦੋਲਨ ਵਾਂਗ ਇੱਕ ਵੱਡਾ ਅਤੇ ਅਣਮਿੱਥੇ ਸਮੇਂ ਲਈ ਅੰਦੋਲਨ ਸ਼ੁਰੂ ਕਰਨ ਲਈ ਮਜਬੂਰ ਹੋਵੇਗੀ। ਕਿਸਾਨ ਸੰਯੁਕਤ ਮੋਰਚਾ ਦੇ ਬੈਨਰ ਹੇਠ ਵੱਖ -ਵੱਖ ਕਿਸਾਨ ਜਥੇਬੰਦੀਆਂ ਨਾਲ ਸਬੰਧਤ ਕਿਸਾਨਾਂ ਦਾ ਵਫ਼ਦ ਫਿਲੌਰ ਵਿਖੇ ਵਿਧਾਇਕ ਚੌਧਰੀ ਨੂੰ ਉਨ੍ਹਾਂ ਦੀ ਰਿਹਾਇਸ਼ ’ਤੇ ਮਿਲਿਆ ਅਤੇ ਇੱਕ ਮੰਗ ਪੱਤਰ ਸੌਂਪਿਆ। ਇਸ ਮੰਗ ਪੱਤਰ ਵਿੱਚ ਪੰਜਾਬ ਸਰਕਾਰ ਵੱਲੋਂ ਜੂਨ ਵਿੱਚ ਝੋਨੇ ਦੀ ਬਿਜਾਈ ਚਾਰ ਪੜਾਵਾਂ ਵਿੱਚ ਕਰਨ ਦੇ ਹੁਕਮਾਂ ਨੂੰ ਵਾਪਸ ਲੈਣ, ਗਰਮੀ ਕਾਰਨ ਕਣਕ ਦੇ ਘਟੇ ਝਾੜ ਲਈ 10,000 ਰੁਪਏ ਪ੍ਰਤੀ ਏਕੜ ਮੁਆਵਜ਼ਾ, ਅੱਗ ਲੱਗਣ ਕਾਰਣ ਕਣਕ ਦੇ ਹੋਏ ਨੁਕਸਾਨ ਲਈ 40,000 ਰੁਪਏ ਪ੍ਰਤੀ ਏਕੜ ਦੇਣ, ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ, ਗੰਨਾ ਉਤਪਾਦਕਾਂ ਦੇ ਬਕਾਏ ਤੁਰੰਤ ਜਾਰੀ ਕਰਨ, ਦਾਲਾਂ ਅਤੇ ਸਬਜ਼ੀਆਂ ‘ਤੇ ਘੱਟੋ-ਘੱਟ ਸਮਰਥਨ ਮੁੱਲ ਲਾਗੂ ਕਰਨ, ਬਿਜਲੀ ਅਤੇ ਨਹਿਰੀ ਪਾਣੀ ਦੀ ਨਿਰੰਤਰ ਸਪਲਾਈ, ਪੰਜਾਬ ਵਿਧਾਨ ਸਭਾ ਵਿੱਚ ਡੈਮ ਸੇਫਟੀ ਐਕਟ 2021 ਵਿਰੁੱਧ ਮਤਾ, ਅਤੇ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਲਈ ਯਾਦਗਾਰ ਬਨਾਉਣ ਦੇ ਪ੍ਰਾਜੈਕਟ ਨੂੰ ਨੇਪਰੇ ਚਾੜ੍ਹਨ ਆਦਿ ਸੰਬੰਧੀ ਮੰਗਾਂ ਸ਼ਾਮਲ ਹਨ ਵਿਧਾਇਕ ਵਿਕਰਮਜੀਤ ਚੌਧਰੀ ਨੇ ਕਿਹਾ ਕਿ ਸੂਬੇ ‘ਚ ਖੇਤੀ ਨੂੰ ਬਚਾਉਣ ਲਈ ਪੰਜਾਬ ਦੇ ਕਿਸਾਨਾਂ ਦੇ ਭਖਦੇ ਮਸਲਿਆਂ ਨੂੰ ਹੱਲ ਕਰਨਾ ਬਹੁਤ ਜ਼ਰੂਰੀ ਹੈ, ਪਰ ਬਦਕਿਸਮਤੀ ਨਾਲ, ਗ਼ੈਰ-ਤਜ਼ਰਬੇਕਾਰ ‘ਆਪ’ ਸਰਕਾਰ ਨੇ ਸਭ ਕੁਝ ਤਬਾਹ ਕਰ ਕੇ ਰੱਖ ਦਿੱਤਾ ਹੈ। ਉਹਨਾਂ ਆਖਿਆ, “ਤੁਸੀਂ ਪੰਜਾਬ ਵਿਚ ਜਿੱਥੇ ਵੀ ਦੇਖੋ, ਇਸ ਸਰਕਾਰ ਦੀ ਯੋਗਤਾ ਅਤੇ ਤਜ਼ਰਬੇ ਦੀ ਘਾਟ ਪੂਰੀ ਤਰ੍ਹਾਂ ਦਿਖਾਈ ਦੇ ਰਹੀ ਹੈ। ਪਹਿਲਾਂ ਜਦੋਂ ਕਣਕ ਦੀ ਖਰੀਦ ਦਾ ਸੀਜ਼ਨ ਸ਼ੁਰੂ ਹੋਇਆ ਸੀ ਤਾਂ ਲਿਫਟਿੰਗ ਦਾ ਕੰਮ ਬੇਹੱਦ ਢਿੱਲਾ ਸੀ, ਜਿਸ ਕਾਰਨ ਮੰਡੀਆਂ ‘ਚ ਨਵੀਂ ਆ ਰਹੀ ਕਣਕ ਰੱਖਣ ਦੀ ਜਗ੍ਹਾ ਨਾ ਰਹੀ। ਫਿਰ ਸਰਕਾਰ ਨੇ ਕਰਜ਼ੇ ਹੇਠ ਦੱਬੇ ਲਾਚਾਰ ਕਿਸਾਨਾਂ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ। ਬਿਜਲੀ ਸੰਕਟ ਕਾਰਨ ਵੀ ਕਿਸਾਨਾਂ ਦਾ ਬੜਾ ਨੁਕਸਾਨ ਹੋਇਆ। ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਸਰਕਾਰ ਬਣਨ ਤੋਂ ਬਾਅਦ ਦਰਜਨ ਤੋਂ ਵੱਧ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ। ਦਿਨ-ਬ-ਦਿਨ ਸਾਡੇ ਕਿਸਾਨਾਂ ਦੀਆਂ ਔਕੜਾਂ ਵਧਦੀਆਂ ਜਾ ਰਹੀਆਂ ਹਨ ਪਰ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ। ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਵੱਡੇ ਵੱਡੇ ਵਾਅਦੇ ਕੀਤੇ ਸਨ, ਪਰ ਡੇਢ ਮਹੀਨੇ ਵਿੱਚ ਹੀ ਇਹਨਾਂ ਵਾਅਦਿਆਂ ਦੀ ਫੂਕ ਨਿਕਲ ਗਈ ਹੈ।” ਵਿਧਾਇਕ ਚੌਧਰੀ ਆਖਿਆ ਕਿ ਮੁੱਖ ਮੰਤਰੀ ਮਾਨ ਨੂੰ ਪੰਜਾਬ ਦੇ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਕਰਕੇ ਦੂਜੇ ਰਾਜਾਂ ਵਿੱਚ ‘ਆਪ’ ਲਈ ਪ੍ਰਚਾਰ ਕਰਨ ਦੀ ਬਜਾਏ ਪੰਜਾਬ ਦੇ ਲੋਕਾਂ ਦੇ ਮਸਲੇ ਹੱਲ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ| ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਦੇ ਸਾਰੇ 18 ਵਿਧਾਇਕ ਕਿਸਾਨਾਂ ਨਾਲ ਡਟ ਕੇ ਖੜ੍ਹੇ ਹਨ ਤੇ ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਪਾਰਟੀ ਅਣਮਿੱਥੇ ਸਮੇਂ ਲਈ ਦਿੱਲੀ ਵਰਗਾ ਵੱਡਾ ਅੰਦੋਲਨ ਸ਼ੁਰੂ ਕਰਨ ਲਈ ਮਜਬੂਰ ਹੋਵੇਗੀ।