
ਹੁਸ਼ਿਆਰਪੁਰ(ਤਰਸੇਮ ਦੀਵਾਨਾ) — ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਕਰਵਾਏ ਜਾ ਰਹੇ ਲੜਕਿਆਂ ਦੇ ਅੰਡਰ-14 ਅੰਤਰ-ਜ਼ਿਲ੍ਹਾ ਕ੍ਰਿਕਟ ਟੂਰਨਾਮੈਂਟ ਵਿੱਚ ਹੁਸ਼ਿਆਰਪੁਰ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਰੋਪੜ ਦੀ ਟੀਮ ਨੂੰ 8 ਵਿਕਟਾਂ ਨਾਲ ਹਰਾ ਕੇ ਜਿੱਤ ਦਰਜ ਕੀਤੀ ਅਤੇ 4 ਅੰਕ ਹਾਸਲ ਕੀਤੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹੁਸ਼ਿਆਰਪੁਰ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ (ਐਚ.ਡੀ.ਸੀ.ਏ.) ਦੇ ਸਕੱਤਰ ਡਾ. ਰਮਨ ਘਈ ਨੇ ਦੱਸਿਆ ਕਿ 50-50 ਓਵਰਾਂ ਦੇ ਇਸ ਮੈਚ ਵਿੱਚ ਰੋਪੜ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 46.3 ਓਵਰਾਂ ਵਿੱਚ 148 ਦੌੜਾਂ ਬਣਾਈਆਂ। ਰੋਪੜ ਵੱਲੋਂ ਅਰਨਵ ਸ਼ਰਮਾ ਨੇ 51 ਅਤੇ ਲਵਿਸ਼ ਅਗਰਵਾਲ ਨੇ 39 ਦੌੜਾਂ ਦਾ ਯੋਗਦਾਨ ਪਾਇਆ।
ਹੁਸ਼ਿਆਰਪੁਰ ਵੱਲੋਂ ਗੇਂਦਬਾਜ਼ੀ ਕਰਦਿਆਂ ਕਪਤਾਨ ਹਰਦਿੱਤਦੀਪ ਸਿੰਘ ਸੈਣੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 4 ਵਿਕਟਾਂ ਹਾਸਲ ਕੀਤੀਆਂ, ਜਦਕਿ ਸੁਮਿਤ ਭੱਟੀ ਅਤੇ ਜਪਸਾਹਿਬ ਸਿੰਘ ਨੇ 2-2 ਵਿਕਟਾਂ ਲਈਆਂ। ਪਾਰਥ ਨੇ ਵੀ ਰੋਪੜ ਦੇ ਇੱਕ ਬੱਲੇਬਾਜ਼ ਨੂੰ ਆਊਟ ਕੀਤਾ।
ਜਿੱਤ ਲਈ 149 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਹੁਸ਼ਿਆਰਪੁਰ ਦੀ ਟੀਮ ਨੇ ਬਿਹਤਰੀਨ ਬੱਲੇਬਾਜ਼ੀ ਦਾ ਪ੍ਰਦਰਸ਼ਨ ਕਰਦਿਆਂ 38.4 ਓਵਰਾਂ ਵਿੱਚ ਸਿਰਫ਼ 2 ਵਿਕਟਾਂ ਗੁਆ ਕੇ 149 ਦੌੜਾਂ ਬਣਾ ਲਈਆਂ ਅਤੇ 8 ਵਿਕਟਾਂ ਨਾਲ ਮੈਚ ਆਪਣੇ ਨਾਂ ਕਰ ਲਿਆ। ਹੁਸ਼ਿਆਰਪੁਰ ਵੱਲੋਂ ਕਪਤਾਨ ਹਰਦਿੱਤਦੀਪ ਸਿੰਘ ਸੈਣੀ ਨੇ ਨਾਬਾਦ 78 ਦੌੜਾਂ ਬਣਾਈਆਂ, ਜਦਕਿ ਅਰਜੁਨ ਸ਼ਰਮਾ ਨੇ ਨਾਬਾਦ 24 ਅਤੇ ਅਰਨਵ ਨੇ 22 ਦੌੜਾਂ ਦਾ ਯੋਗਦਾਨ ਪਾਇਆ।
ਹੁਸ਼ਿਆਰਪੁਰ ਦੀ ਇਸ ਜਿੱਤ ’ਤੇ ਐਚ.ਡੀ.ਸੀ.ਏ. ਦੇ ਪ੍ਰਧਾਨ ਡਾ. ਦਲਜੀਤ ਖੇਲਾਂ, ਸੰਯੁਕਤ ਸਕੱਤਰ ਵਿਵੇਕ ਸਾਹਨੀ, ਠਾਕੁਰ ਯੋਗਰਾਜ, ਟੂਰਨਾਮੈਂਟ ਕਮੇਟੀ ਦੇ ਚੇਅਰਮੈਨ ਡਾ. ਪੰਕਜ ਸ਼ਿਵ, ਜਤਿੰਦਰ ਸੂਦ, ਸਾਹਿਬ ਦਿਆਲ, ਸੁਭਾਸ਼ ਸ਼ਰਮਾ, ਮਨੋਜ ਓਹਰੀ, ਅਮਿਤ ਠਾਕੁਰ ਅਤੇ ਐਸੋਸੀਏਸ਼ਨ ਦੇ ਹੋਰ ਅਹੁਦੇਦਾਰਾਂ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਅਗਲੇ ਮੈਚ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ।
ਇਸ ਮੌਕੇ ਜ਼ਿਲ੍ਹਾ ਕੋਚ ਦਲਜੀਤ ਸਿੰਘ, ਸਹਾਇਕ ਕੋਚ ਅਸ਼ੋਕ ਸ਼ਰਮਾ, ਪ੍ਰਵੀਨ ਸ਼ਿੰਟੂ, ਪੰਕਜ ਪਿੰਕਾ, ਟੀਮ ਕੋਚ ਕਰਨ ਸੈਣੀ, ਜ਼ਿਲ੍ਹਾ ਮਹਿਲਾ ਕੋਚ ਦਵਿੰਦਰ ਕੌਰ ਅਤੇ ਸਹਾਇਕ ਕੋਚ ਨਿਕਿਤਾ ਕੁਮਾਰੀ ਨੇ ਵੀ ਟੀਮ ਦੀ ਜਿੱਤ ’ਤੇ ਖੁਸ਼ੀ ਪ੍ਰਗਟ ਕਰਦਿਆਂ ਖਿਡਾਰੀਆਂ ਨੂੰ ਵਧਾਈ ਦਿੱਤੀ।
ਡਾ. ਰਮਨ ਘਈ ਨੇ ਦੱਸਿਆ ਕਿ ਹੁਸ਼ਿਆਰਪੁਰ ਦੀ ਟੀਮ ਦਾ ਅਗਲਾ ਮੁਕਾਬਲਾ 15 ਅਕਤੂਬਰ ਨੂੰ ਨਵਾਂਸ਼ਹਿਰ ਵਿਖੇ ਨਵਾਂਸ਼ਹਿਰ ਦੀ ਟੀਮ ਨਾਲ ਹੋਵੇਗਾ।