
— ਉਦੈਵੀਰ ਸਿੰਘ ਅਤੇ ਸਮਰਥ ਨੇ ਜਿੱਤੇ ਸੋਨ ਤਗਮੇ, ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਹੋਈ ਚੋਣ
ਸੁਨਾਮ ਊਧਮ ਸਿੰਘ ਵਾਲਾ (ਰਾਜੂ ਸਿੰਗਲਾ): ਅਕੇਡੀਆ ਵਰਲਡ ਸਕੂਲ ਸੁਨਾਮ ਦੇ ਵਿਦਿਆਰਥੀਆਂ ਨੇ ਪ੍ਰਾਇਮਰੀ ਜ਼ੋਨ ਪੱਧਰੀ ਸ਼ਤਰੰਜ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਲੜਕਿਆਂ ਦੇ ਸ਼ਤਰੰਜ ਮੁਕਾਬਲਿਆਂ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਆਪਣੀ ਬਿਹਤਰੀਨ ਖੇਡ, ਇਕਾਗਰਤਾ, ਰਣਨੀਤਕ ਸੋਚ ਅਤੇ ਖੇਡ-ਭਾਵਨਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਨ੍ਹਾਂ ਮੁਕਾਬਲਿਆਂ ਵਿੱਚ 5ਵੀਂ ਜਮਾਤ (ਲਾਈਲੈਕ) ਦੇ ਵਿਦਿਆਰਥੀ ਉਦੈਵੀਰ ਸਿੰਘ ਅਤੇ ਸਮਰਥ ਅਤੇ 5ਵੀਂ ਜਮਾਤ (ਐਸਟਰ) ਦੇ ਖਾਮਿਸ਼ ਮਿੱਤਲ ਨੇ ਅਕੇਡੀਆ ਵਰਲਡ ਸਕੂਲ ਦੀ ਨੁਮਾਇੰਦਗੀ ਕੀਤੀ। ਤਿੰਨਾਂ ਵਿਦਿਆਰਥੀਆਂ ਨੇ ਮੁਕਾਬਲੇ ਦੌਰਾਨ ਪੂਰੀ ਤਨਦੇਹੀ ਨਾਲ ਆਪਣੀ ਖੇਡ ਦਾ ਪ੍ਰਦਰਸ਼ਨ ਕਰਦਿਆਂ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ।
ਇਸ ਮੁਕਾਬਲੇ ਵਿੱਚ ਉਦੈਵੀਰ ਸਿੰਘ ਅਤੇ ਸਮਰਥ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗਮੇ ਹਾਸਲ ਕੀਤੇ। ਇਸ ਦੇ ਨਾਲ ਹੀ ਦੋਵੇਂ ਖਿਡਾਰੀਆਂ ਦੀ ਚੋਣ ਆਗਾਮੀ ਜ਼ਿਲ੍ਹਾ ਪੱਧਰੀ ਸ਼ਤਰੰਜ ਮੁਕਾਬਲਿਆਂ ਲਈ ਹੋਈ ਹੈ। ਉਨ੍ਹਾਂ ਦੀ ਇਸ ਪ੍ਰਾਪਤੀ ਨਾਲ ਸਕੂਲ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਸਕੂਲ ਪ੍ਰਿੰਸੀਪਲ ਰਣਜੀਤ ਕੌਰ ਅਤੇ ਸਕੂਲ ਮੈਨੇਜਿੰਗ ਡਾਇਰੈਕਟਰ ਐਡਵੋਕੇਟ ਗਗਨਦੀਪ ਸਿੰਘ ਅਤੇ ਸਮੂਹ ਸਟਾਫ ਨੇ ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਖੇਡ ਪ੍ਰਾਪਤੀਆਂ ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ, ਇਕਾਗਰਤਾ ਅਤੇ ਫੈਸਲਾ ਲੈਣ ਦੀ ਸਮਰੱਥਾ ਨੂੰ ਹੋਰ ਮਜ਼ਬੂਤ ਕਰਦੀਆਂ ਹਨ। ਸਕੂਲ ਪ੍ਰਬੰਧਕਾਂ ਨੇ ਉਦੈਵੀਰ ਸਿੰਘ ਅਤੇ ਸਮਰਥ ਨੂੰ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੰਦਿਆਂ ਉਮੀਦ ਪ੍ਰਗਟਾਈ ਕਿ ਉਹ ਉੱਥੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਮ ਰੌਸ਼ਨ ਕਰਨਗੇ।