
ਆਮ ਪਾਰਟੀ ਨੂੰ ਸੰਗਰੂਰ ਜ਼ਿਮਨੀ ਚੋਣ ‘ਚ ਪੈਰਾਂ ਥੱਲੇ ਲਤਾੜਨ ਨੂੰ ਤਿਆਰ ਬੈਠੇ ਨੇ ਲੋਕ :ਦੇਵ ਸਰਾਭਾ
ਹੁਸ਼ਿਆਰਪੁਰ /ਸਰਾਭਾ, ( ਤਰਸੇਮ ਦੀਵਾਨਾ ) : ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 116ਵਾਂ ਦਿਨ ਪੂਰਾ ਹੋਇਆ। ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ ‘ਚ ਅੱਜ ਬਹੁਜਨ ਮੁਕਤੀ ਪਾਰਟੀ ਦੇ ਆਗੂ ਸਿਕੰਦਰ ਸਿੰਘ ਸਿੱਧੂ ਰੱਤੋਵਾਲ,ਹਰਬੰਸ ਸਿੰਘ ਗਿੱਲ,ਜੋਗਿੰਦਰ ਲਾਲ ਰਾਏ,ਰਣਜੀਤ ਸਿੰਘ ਰੱਤੋਵਾਲ,ਸੰਤੋਖ ਸਿੰਘ ਦੁਗਰੀ,ਸਾਬਕਾ ਸਰਪੰਚ ਦਰਸਨ ਸਿੰਘ ਪੋਨੇ,ਮਹਿੰਦਰ ਸਿੰਘ ਜਗਰਾਉਂ, ਕਾਮਰੇਡ ਗੁਰਚਰਨ ਸਿੰਘ ਮੁੱਲਾਂਪੁਰ, ਰਾਮ ਸਿੰਘ ਦੀਪਕ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਜਿਹੜੀ ਆਮ ਪਾਰਟੀ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੇ ਸਿਰ ਤੇ ਚੁੱਕਿਆ ਹੋਇਆ ਸੀ ਹੁਣ ਤਿੰਨ ਮਹੀਨਿਆਂ ਦੀ ਆਪ ਸਰਕਾਰ ਦਾ ਰਵੱਈਆ ਦੇਖਣ ਤੋਂ ਬਾਅਦ ਕੋਈ ਵੀ ਬਦਲਾਅ ਆਉਂਦਾ ਦਿਖਾਈ ਨਾ ਦੇਣ ਤੇ ਆਮ ਪਾਰਟੀ ਨੂੰ ਸੰਗਰੂਰ ਜ਼ਿਮਨੀ ਚੋਣ ‘ਚ ਪੈਰਾਂ ਥੱਲੇ ਲਤਾੜਨ ਨੂੰ ਤਿਆਰ ਬੈਠੇ ਨੇ ਲੋਕ। ਉਨ੍ਹਾਂ ਅੱਗੇ ਆਖਿਆ ਕਿ ਅਸੀਂ ਤਾਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਸੇ ਕਰਕੇ ਘੇਰ ਦੇ ਸੀ ਕਿ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਗਰੰਟੀ ਕਿਉਂ ਨਹੀਂ ਦਿੰਦੇ ਇਸ ਤੋਂ ਇਲਾਵਾ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਉਹ ਕੋਈ ਗਰੰਟੀ ਕਿਉਂ ਨਹੀਂ ਦੇ ਰਹੇ ।ਇਸੇ ਕਰਕੇ ਹੀ ਅਸੀਂ ਇਨ੍ਹਾਂ ਦਾ ਚੋਣਾਂ ਮੌਕੇ ਕਾਲੇ ਝੰਡਿਆਂ ਨਾਲ ਵਿਰੋਧ ਕਰਦੇ ਸੀ । ਸਾਨੂੰ ਪਤਾ ਸੀ ਕਿ ਇਹ ਭਾਜਪਾ ਦੀ ਬੀ ਟੀਮ ਆਪ ਪਾਰਟੀ ਬੰਦੀ ਸਿੰਘਾਂ ਦੀ ਰਿਹਾਈ ਤੇ ਡਰਾਮੇ ਕਰਨਗੇ ਜੋ ਅੱਜ ਸੱਚ ਸਾਬਤ ਹੋਇਆ । ਜਿਵੇਂ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਫਾਈਲ ਤੇ ਦਸਤਖ਼ਤ ਕਰਨ ਨੂੰ ਤਿਆਰ ਨਹੀਂ। ਅੱਜ ਪੰਜਾਬ ਨੂੰ ਬਰਬਾਦ ਕਰਨ ਲਈ ਸਾਰੇ ਹਿੰਦੂਤਵੀ ਇੱਕ ਮੰਚ ਤੇ ਇਕੱਠੇ ਹੋ ਕੇ ਨਵੇਂ ਨਵੇਂ ਕਾਨੂੰਨ ਬਣਾ ਕੇ ਪੰਜਾਬ ਦੇ ਹੱਕਾਂ ਤੇ ਡਾਕੇ ਮਾਰ ਰਹੇ ਨੇ ।ਸੋ ਅਸੀਂ ਪੰਜਾਬ ਦੇ ਜੁਝਾਰੂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਆਪਣੇ ਹੱਕਾਂ ਦੀ ਰਾਖੀ ਲਈ ਇਕ ਮੰਚ ਤੇ ਇਕ ਝੰਡੇ ਥੱਲੇ ਇਕੱਠੇ ਹੋਵੋ ਤਾਂ ਜੋ ਇਨ੍ਹਾਂ ਸਿੱਖ ਵਿਰੋਧੀ ਤਾਕਤਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾ ਸਕੇ ।ਇਸ ਮੌਕੇ ਬਹੁਜਨ ਮੁਕਤੀ ਪਾਰਟੀ ਦੇ ਆਗੂ ਸਿਕੰਦਰ ਸਿੰਘ ਸਿੱਧੂ ਰੱਤੋਵਾਲ ਨੇ ਆਖਿਆ ਕਿ ਅੱਜ ਭਾਰਤ ਸਰਕਾਰ ਵੱਲੋਂ ਇਕ ਹੋਰ ਨਵਾਂ ਡਰਾਮਾ ਖੇਡਿਆ ਜਾ ਰਿਹਾ ਹੈ ਜੋ ਦਸ ਲੱਖ ਭਰਤੀ ਕਰਨ ਦਾ । ਜੋ ਸਿਰਫ਼ ਚਾਰ ਸਾਲਾਂ ਲਈ ਹੀ ਡਿਊਟੀ ਕਰ ਸਕਣਗੇ। ਜਿਵੇਂ ਕਿ ਭਾਰਤ ਦੀ ਸੈਨਾ ਕੋਲੋਂ ਇਨ੍ਹਾਂ ਨੂੰ ਮੁਫ਼ਤ ਵਿੱਚ ਟਰੇਨਿੰਗ ਕਰਵਾ ਕੇ ਫੇਰ ਚਾਰ ਸਾਲਾਂ ਬਾਅਦ ਘਰ ਤੋਰ ਦਿੱਤਾ ਜਾਵੇਗਾ।ਇਹ ਸਭ ਡਰਾਮਾ ਆਪਣੇ ਚਹੇਤੇ ਸ਼ਾਹੂਕਾਰਾਂ ਨੂੰ ਫ਼ਾਇਦਾ ਪਹੁੰਚਾਉਣ ਲਈ ਕੀਤਾ ਜਾ ਰਿਹਾ ਹੈ।ਸਰਮਾਏਦਾਰ ਇਨ੍ਹਾਂ ਨੂੰ ਚਾਰ ਸਾਲਾਂ ਬਾਅਦ ਆਪਣੀ ਫ਼ੌਜ ਬਣਾਉਣ ਵਿਚ ਇਸਤੇਮਾਲ ਕਰਨਗੇ ਜੋ ਪੂਰੇ ਦੇਸ਼ ਲਈ ਮੰਦਭਾਗਾ ਹੋਵੇਗਾ। ਇਸ ਮੌਕੇ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ,ਹਰਦੀਪ ਸਿੰਘ ਰੈਂਪੀ ਸਰਾਭਾ,ਗਿਆਨੀ ਇੰਦਰਜੀਤ ਸਿੰਘ ਸਰਾਭਾ,ਬਲਦੇਵ ਸਿੰਘ ਈਸਨਪਰ,ਕੁਲਦੀਪ ਸਿੰਘ ਬਿੱਲੂ ਕਿਲਾ ਰਾਇਪੁਰ,ਅਮਰਜੀਤ ਸਿੰਘ ਸਰਾਭਾ ਆਦਿ ਹਾਜ਼ਰੀ ਭਰੀ।