
– ਹਰਜਸ ਪਬਲਿਕ ਸਕੂਲ ਝੜੌਦੀ ਵਿਖੇ ਬੱਚਿਆਂ ਲਈ ਜਾਗਰੂਕਤਾ ਸੈਮੀਨਾਰ ਦਾ ਆਯੋਜਨ
(ਹਰਪ੍ਰੀਤ ਸਿੰਘ ਕੈਲੇ) ਮਾਛੀਵਾੜਾ ਸਾਹਿਬ। ਐੱਸ.ਐੱਸ.ਪੀ. ਖੰਨਾ ਦੀ ਹਦਾਇਤਾਂ ’ਤੇ ਐੱਸ.ਪੀ.(ਐੱਚ.) ਦੀ ਅਗਵਾਈ ’ਚ ਜ਼ਿਲਾ ਸਾਂਝ ਕੇਂਦਰ ਖੰਨਾ ਵੱਲੋਂ ਹਰਜਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਿੰਡ ਝੜੌਦੀ ਵਿਖੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਟ੍ਰੈਫ਼ਿਕ ਨਿਯਮ ਅਪਨਾਉਣ ਸਬੰਧੀ ਜਾਗਰੂਕਤ ਸੈਮੀਨਾਰ ਲਗਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਜ਼ਿਲਾ ਸਾਂਝ ਕੇਂਦਰ ਖੰਨਾ ਦੇ ਇੰਚਾਰਜ ਇੰਸ. ਕੁਲਜੀਤ ਸਿੰਘ ਨੇ ਕਿਹਾ ਕਿ ਸਮਾਜ ਦੇ ਮਾੜੇ ਅਨਸਰ ਸਾਡੀ ਨੌਜਵਾਨ ਪੀੜੀ ਨੂੰ ਨਸ਼ਿਆਂ ਦੀ ਲਤ ਲਵਾ ਕੇ ਉਨਾਂ ਦੀਆਂ ਜ਼ਿੰਦਗੀਆਂ ਤਬਾਹ ਕਰ ਰਹੇ ਹਨ। ਇਸ ਲਈ ਵਿਦਿਆਰਥੀ ਵਰਗ ਨੂੰ ਆਪਣਾ ਧਿਆਨ ਆਪਣੀ ਵਿੱਦਿਆ ਪ੍ਰਾਪਤੀ ਵੱਲ ਦੇਣਾ ਚਾਹੀਦਾ ਹੈ ਅਤੇ ਨਸ਼ਿਆਂ ਦੀ ਭੈੜੀ ਅਲਾਮਤ ਤੋਂ ਦੂਰ ਰਹਿਣਾ ਚਾਹੀਦਾ ਹੈ। ਉਨਾਂ ਕਿਹਾ ਜੇਕਰ ਕੋਈ ਮਾੜਾ ਅਨਸਰ ਵਿਦਿਆਰਥੀਆਂ ਨੂੰ ਨਸ਼ਾ ਵੰਡਦਾ ਹੈ ਜਾਂ ਪ੍ਰੇਰਦਾ ਹੈ ਤਾਂ ਉਸਦੀ ਸੂਚਨਾ ਤੁਰੰਤ ਨੇੜਲੇ ਥਾਣੇ ਨੂੰ ਕੀਤੀ ਜਾਵੇ, ਉਨਾਂ ਵਿਰੁੱਧ ਫੌਰੀ ਕਾਰਵਾਈ ਹੋਵੇਗੀ। ਉਨਾਂ ਹਾਜ਼ਰ ਵਿਦਿਆਰਥੀਆਂ ਨੂੰ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਵੀ ਜਾਗਰੂਕ ਕੀਤਾ ਅਤੇ ਕਿਹਾ ਕਿ ਬਿਨਾਂ ਲਾਈਸੰਸ ਅਤੇ ਹੋਰ ਦਸਤਾਵੇਜ਼ਾਂ ਤੋਂ ਵਾਹਨ ਚਲਾਉਣਾ ਕਾਨੂੰਨੀ ਜੁਰਮ ਹੈ। ਇਸ ਲਈ 18 ਸਾਲ ਤੋਂ ਘੱਟ ਉਮਰ ਤੱਕ ਦੇ ਬੱਚੇ ਇਸ ਦੀ ਸਖ਼ਤੀ ਨਾਲ ਪਾਲਣਾ ਕਰਨ, ਕਿਉਂਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨਾਬਾਲਗ ਵਿਦਿਆਰਥੀਆਂ ਦੇ ਮਾਪਿਆਂ ਨੂੰ ਮਾਨਯੋਗ ਅਦਾਲਤ ਵੱਲੋਂ ਸਜ਼ਾ ਵੀ ਦਿੱਤੀ ਜਾ ਸਕਦੀ ਹੈ। ਇਸ ਮੌਕੇ ਵੂਮੈਨ ਹੈਲਪ ਡੈਸਕ ਵੱਲੋਂ ਕਾਂਸਟੇਬਲ ਮੰਜੂ, ਪੂਜਾ ਅਤੇ ਜਸਪ੍ਰੀਤ ਕੌਰ ਵੱਲੋਂ ਲੜਕੀਆਂ ਨੂੰ 112 ਅਤੇ 181 ਹੈਲਪਲਾਈਨ ਬਾਰੇ ਵਿਸਥਾਰਪੂਰਵਕ ਜਾਣੂੰ ਕਰਵਾਇਆ ਗਿਆ। ਉਨਾਂ ਕਿਹਾ ਕਿ ਜੇਕਰ ਉਨਾਂ ਨਾਲ ਕੋਈ ਕਿਸੇ ਤਰਾਂ ਦੀ ਗਲਤ ਹਰਕਤ ਕਰਦਾ ਹੈ ਜਾਂ ਤੰਗ ਪ੍ਰੇਸ਼ਾਨ ਕਰਦਾ ਹੈ ਤਾਂ ਉਹ ਤੁਰੰਤ ਇਨਾਂ ਨੰਬਰਾਂ ’ਤੇ ਸ਼ਿਕਾਇਤ ਦਰਜ ਕਰਵਾਉਣ, ਉਨਾਂ ਲਈ ਤੁਰੰਤ ਸਹਾਇਤਾ ਪ੍ਰਦਾਲ ਕਰਵਾਈ ਜਾਵੇਗੀ। ਸਾਂਝ ਕੇਂਦਰ ਮਾਛੀਵਾੜਾ ਦੇ ਮੈਂਬਰ ਅੰਮਿ੍ਰਤਪਾਲ ਨੇ ਵਿਦਿਆਰਥੀਆਂ ਨੂੰ ਸਾਂਝ ਕੇਂਦਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਅਤੇ ਲੜਕੀਆਂ ਲਈ ‘ਸ਼ਕਤੀ ਐਪ’ ਬਾਰੇ ਜਾਣਕਾਰੀ ਦਿੱਤੀ ਗਈ। ਨਾਲ ਹੀ ਉਨਾਂ ਵਿਦਿਆਰਥੀਆਂ ਨੂੰ ਆਪਣੇ ਅਸਲ ਮਕਸਦ ਪੜਾਈ ਦੀ ਤਰਫ਼ ਤਵੱਜੋ ਦੇਣ ’ਤੇ ਜ਼ੋਰ ਦਿੱਤਾ ਅਤੇ ਆਪਣੇ ਮਾਤਾ-ਪਿਤਾ ਅਤੇ ਅਧਿਆਪਕਾਂ ਦਾ ਆਦਰ ਕਰਨ ਅਤੇ ਉਨਾਂ ਦੀਆਂ ਸਿਖਿਆਵਾਂ ’ਤੇ ਚੱਲਣ ਦਾ ਸੰਦੇਸ਼ ਦਿੱਤਾ। ਅੰਤ ਵਿਚ ਸਕੂਲ ਮੁਖੀ ਪਰਮਜੀਤ ਸਿੰਘ ਨੇ ਆਏ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਮਹੱਤਵਪੂਰਨ ਜਾਣਕਾਰੀ ਮਿਲੀ ਹੈ, ਜਿਸ ਨੂੰ ਉਹ ਆਪਣੇ ਜੀਵਨ ਵਿਚ ਗ੍ਰਹਿਣ ਕਰਨਗੇ।ਉਨਾਂ ਵਿਦਿਆਰਥੀਆਂ ਨੂੰ ਅਪੀਲ ਵੀ ਕੀਤੀ ਕਿ ਸਮੇਂ ਸਮੇਂ ਤੇ ਲੱਗੇ ਇਨਾਂ ਸੈਮੀਨਾਰਾਂ ਨੂੰ ਸਿਰਫ਼ ਸੁਣ ਕੇ ਹੀ ਜ਼ਾਇਆ ਨਾ ਕੀਤਾ ਜਾਵੇ ਸਗੋਂ ਇਨਾਂ ਗੱਲਾਂ ਉੱਤੇ ਅਮਲ ਵੀ ਕੀਤਾ ਜਾਵੇ ਤਾਰੂ ਸਾਡੀਆਂ ਬੇਸ਼ਕੀਮਤੀ ਜਾਨਾਂ ਬਚ ਸਕਣ ਅਤੇ ਅਸੀਂ ਇਸ ਮਹੱਤਵਪੂਰਨ ਜਾਣਕਾਰੀ ਨਾਲ ਆਪਣਾ ਤੇ ਆਪਣੇ ਸਮਾਜ ਦਾ ਭਲਾ ਕਰ ਸਕਦੇ ਹਾਂ ।ਇਸ ਮੌਕੇ ਸਕੂਲ ਵਿਦਿਆਰਥੀਆਂ ਨੇ ਸਤੀਸ਼ ਕੁਮਰ ਅਤੇ ਵੰਦਨਾ ਪਰਿਹਾਰ ਦੀ ਅਗਵਾਈ ਵਿਚ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਕਵਿਤਾਵਾਂ ਅਤੇ ਨਸ਼ਿਆਂ ਦੀ ਅਲਾਮਤ ਬਾਰੇ ਗੀਤ ਵੀ ਪੇਸ਼ ਕੀਤੇ ।ਇਸ ਮੌਕੇ ਉਨਾਂ ਦੇ ਨਾਲ ਉੱਘੇ ਸਮਾਜਸੇਵੀ ਸ਼ਿਵ ਕੁਮਾਰ ਸ਼ਿਵਲੀ, ਪਰਮਜੀਤ ਕੌਰ ਸੈਣੀ, ਪਿ੍ਰੰਸੀਪਲ ਮੈਡਮ ਜਸਵਿੰਦਰ ਕੌਰ, ਵਾਈਸ ਪਿ੍. ਵੰਦਨਾ ਪਰਿਹਾਰ, ਸੀਨੀਅਰ ਅਧਿਆਪਕ ਸਤੀਸ਼ ਕੁਮਾਰ, ਮੈਡਮ ਰਾਜਵਿੰਦਰ ਕੌਰ, ਮੈਡਮ ਲਵਪ੍ਰੀਤ ਕੌਰ, ਮੈਡਮ ਨਵਨੀਤ ਕੌਰ, ਮੈਡਮ ਰਮਨ ਆਦਿ ਵੀ ਹਾਜ਼ਰ ਸਨ।