
ਫਗਵਾੜਾ (ਸ਼ਿਵ ਕੋੜਾ) : ਫਗਵਾੜਾ ਦੇ ਵਾਰਡ ਨੰਬਰ 25 ਦੇ ਵਸਨੀਕਾਂ ਨੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਤੇ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਸ. ਜੋਗਿੰਦਰ ਸਿੰਘ ਮਾਨ ਨਾਲ ਮੁਲਾਕਾਤ ਕੀਤੀ ਅਤੇ ਇਕ ਮੰਗ ਪੱਤਰ ਦਿੰਦਿਆਂ ਸਮੱਸਿਆਵਾਂ ਨੂੰ ਹਲ ਕਰਵਾਉਣ ਦੀ ਅਪੀਲ ਕੀਤੀ। ਵਾਰਡ ਵਾਸੀਆਂ ਨੇ ਸ. ਮਾਨ ਨੂੰ ਦੱਸਿਆ ਕਿ ਵਾਰਡ ਵਿਚ ਵਿਕਾਸ ਦੇ ਕਾਫੀ ਕੰਮ ਅਧੂਰੇ ਪਏ ਹਨ। ਸੜਕਾਂ ਦੀ ਹਾਲਤ ਖਸਤਾ ਹੈ। ਸੀਵਰੇਜ ਦੀ ਸਫਾਈ ਨਾ ਹੋਣ ਨਾਲ ਸੀਵਰੇਜ ਜਾਮ ਰਹਿੰਦੇ ਹਨ। ਸਟਰੀਟ ਲਾਈਟਾਂ ਦਾ ਕੰਮ ਵੀ ਅਧੂਰਾ ਹੈ। ਜੇਕਰ ਕੋਈ ਲਾਈਟ ਖਰਾਬ ਹੁੰਦੀ ਹੈ ਤਾਂ ਸਬੰਧਤ ਮਹਿਕਮੇ ਦੇ ਕ੍ਰਮਚਾਰੀ ਲਾਈਟ ਉਤਾਰ ਕੇ ਤਾਂ ਲੈ ਜਾਂਦੇ ਹਨ ਪਰ ਨਵੀਂ ਲਾਈਟ ਨਹੀਂ ਲਗਾਈ ਜਾਂਦੀ। ਵਾਰਡ ਵਿੱਚ ਸੀਵਰੇਜ ਨਵਾਂ ਪਿਆ ਹੈ ਪਰ ਉਸਦੀਆਂ ਹੌਦੀਆਂ ਨਹੀਂ ਖੋਲੀਆਂ ਗਈਆਂ ਤੇ ਕਈ ਜਗ੍ਹਾ ਕੰਮ ਵਿੱਚੇ ਹੀ ਛੱਡ ਦਿੱਤਾ ਗਿਆ ਹੈ। ਬਰਸਾਤ ਵਿਚ ਸੜਕਾਂ ਛੱਪੜ ਦਾ ਰੂਪ ਧਾਰ ਲੈਂਦੀਆਂ ਹਨ। ਸੀਵਰੇਜ ਓਵਰ ਫਲੋਅ ਹੋਣ ਨਾਲ ਗੰਦਗੀ ਫੈਲ ਰਹੀ ਹੈ ਤੇ ਮੱਖੀਆਂ ਮੱਛਰਾਂ ਦੀ ਵੀ ਭਰਮਾਰ ਹੈ। ਸ. ਮਾਨ ਨੇ ਸਮੂਹ ਵਾਰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਉਹ ਹਰ ਸਮੱਸਿਆ ਦਾ ਢੁਕਵਾਂ ਹਲ ਕਰਵਾਉਣਗੇ। ਨਾਲ ਹੀ ਕਿਹਾ ਕਿ ਸੂਬੇ ਵਿਚ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਹੈ ਜੋ ਕਿ ਹਰ ਤਰ੍ਹਾਂ ਦੇ ਭ੍ਰਿਸ਼ਟਾਚਾਰ ਤੋਂ ਮੁਕਤ ਅਤੇ ਪਾਰਦਰਸ਼ੀ ਢੰਗ ਨਾਲ ਵਿਕਾਸ ਕਰਵਾਉਣ ਲਈ ਵਚਨਬੱਧ ਹੈ। ਫਗਵਾੜੇ ਦੇ ਵਿਕਾਸ ਅਤੇ ਉਨਤੀ ਲਈ ਹਮੇਸ਼ਾ ਯਤਨਸ਼ੀਲ ਰਹਿਣ ਦੀ ਗੱਲ ਵੀ ਸਾਬਕਾ ਮੰਤਰੀ ਮਾਨ ਨੇ ਕਹੀ। ਇਸ ਮੌਕੇ ਉਨ੍ਹਾਂ ਨਾਲ ਦਲਜੀਤ ਸਿੰਘ ਰਾਜੂ, ਅਵਤਾਰ ਸਿੰਘ ਪੰਡਵਾ, ਇੰਦਰਜੀਤ ਸਿੰਘ ਪੀਪਾ ਰੰਗੀ, ਹਰਮੇਸ਼ ਪਾਠਕ, ਪਰਦੀਪ ਸਿੰਘ ਬਸਰਾ, ਰੋਹਿਤ, ਇੰਦਰਜੀਤ ਸਿੰਘ ਬਸਰਾ, ਬੌਬੀ ਬੇਦੀ, ਸੌਰਵ ਹਾਂਡਾ, ਸਨੀ ਮਰਵਾਹਾ, ਨਵਜੋਤ ਸਿੰਘ, ਅਮਰੀਕ ਸਿੰਘ ਬਸਰਾ, ਵਿਸ਼ਾਲ ਵਾਲਿਆ, ਪਵਨ ਕੁਮਾਰ, ਸ਼ਕਤੀ ਸਿੰਘ, ਮਨਪ੍ਰੀਤ ਸਿੰਘ ਬਸਰਾ, ਨੌਬਤ ਰਾਏ, ਪ੍ਰਦੀਪ ਕੁਮਾਰ, ਰਵੀ ਭਾਰਦਵਾਜ, ਵਿਸ਼ਨੂੰ ਜੋਸ਼ੀ, ਜੋਗਿੰਦਰ ਰਾਮ ਟੋਹਰੀ, ਹਰੀਸ਼ ਅਰੋੜਾ, ਖੁਸ਼ਹਾਲ ਚੰਦ ਆਦਿ ਵੀ ਹਾਜਰ ਸਨ।