
ਪੰਜਾਬੀ ਲੋਕ ਗਾਇਕ ਗੁਰਪਾਲ ਸਿੰਘ ਪਾਲ ਦਾ ਸਦੀਵੀਂ ਵਿਛੋੜਾ ਪੰਜਾਬੀ ਗੀਤ-ਸੰਗੀਤ ਸਾਹਿਤ ਤੇ ਸਾਡੇ ਅਮੀਰ ਸਭਿਆਚਾਰ ਨੂੰ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਪੰਜਾਬੀ ਮਾਂ-ਬੋਲੀ ਦੇ ਇਸ ਮਹਾਨ ਸਪੂਤ ਦੀ ਪੰਜਾਬੀ ਮਾਂ ਬੋਲੀ ਨਾਲ ਨਹੁੰ ਮਾਸ ਦੀ ਸਾਝ ਸੀ। ਗੁਰਪਾਲ ਸਿੰਘ ਪਾਲ ਦੀ ਗਾਉਣ ਸ਼ੈਲੀ ਦਾ ਆਪਣਾ ਇਕ ਵਿਲੱਖਣ ਇਤਿਹਾਸ ਰਿਹਾ ਹੈ। ਅੱਸੀਵਿਆਂ ਦੇ ਦਹਾਕੇ ਵਿਚ ਪ੍ਰਸਿੱਧ ਗੀਤਕਾਰ ਗੁਰਦੀਪ ਸਿੰਘ ਘੋਲੀਆਂ ਦੀ ਲਿਖੀ ਅਤੇ ਉਨਾਂ ਦੁਆਰਾ ਗਾਈ ਰਚਨਾ ‘ਪਾਲੀ ਪਾਣੀ ਖੂਹ ਤੋਂ ਭਰੇ’ਅਤੇ ਪ੍ਰੋਫੈਸਰ ਮੋਹਣ ਸਿੰਘ ਦੀ ਰਚਨਾ ‘ਸਿੱਖੀ ਦਾ ਬੂਟਾ’ ਨੇ ਪੰਜਾਬੀ ਗੀਤ ਸੰਗੀਤ ਵਿੱਚ ਵਿਸ਼ਵ ਪੱਧਰੀ ਪ੍ਰਸਿੱਧੀ ਹਾਸਿਲ ਕੀਤੀ ਸੀ। ਗੁਰਪਾਲ ਸਿੰਘ ਪਾਲ ਦਾ ਜਨਮ ਲੁਧਿਆਣਾ ਜ਼ਿਲੇ ਦੇ ਪਿੰਡ ਕਨੇਚ (ਸਾਹਨੇਵਾਲ) ਵਿਖੇ 4 ਅਕਤੂਬਰ 1935 ਵਿਚ ਹੋਇਆ ਅਤੇ ਉਨਾ ਮੁੱਢਲੀ ਪੜਾਈ ਸਰਕਾਰੀ ਸਕੂਲ ਹਾਈ ਸਕੂਲ ਪਿੰਡ ਕਨੇਚ ਤੋ ਪ੍ਰਾਪਤ ਕੀਤੀ,ਗੁਰਪਾਲ ਸਿੰਘ ਪਾਲ ਪ੍ਰਸਿੱਧ ਫਿਲਮੀ ਅਦਾਕਾਰ ਯੋਗਰਾਜ ਸਿੰਘ ਦੇ ਚਚੇਰੇ ਭਰਾ ਸਨ। ਬਚਪਨ ਦੇ ਰੰਗੀਲੜੇ ਪਲ ’ਚ ਉਨਾ ਆਪਣੇ ਸਕੂਲੀ ਸਾਥੀ ਫਿਲਮੀ ਅਦਾਕਾਰ ਧਰਮਿੰਦਰ ਨਾਲ ਵੀ ਗੁਜ਼ਾਰੇ।ਇਹ ਸਾਂਝ ਆਖਰੀ ਸਾਹਾਂ ਤੱਕ ਬਰਕਰਾਰ ਰਹੀ। ਜਦੋ ਜਵਾਨੀ ਲਾਟਾਂ ਮਾਰ ਰਹੀ ਸੀ ਤਾਂ ਭਰ ਜੋਬਨ ਤੇ ਅੱਤ ਦੀ ਖੂਬਸੂਰਤੀ ਨੇ ਮਨ ਵਿੱਚ ਫਿਲਮਾਂ ਵਿੱਚ ਕੰਮ ਕਰਨ ਦਾ ਸੁਪਨਾ ਲਿਆ। ਗੁਰ ਸਿੱਖੀ ਨਾਲ ਅੰਤਾਂ ਦਾ ਮੋਹ ਹੋਣ ਕਰਕੇ ਦਾੜੀ ਕੇਸ ਕਤਲ ਨਾ ਕਰਨ ਦੇ ਫੈਸਲੇ ਨਾਲ,ਉਨਾਂ ਦਾ ਇਹ ਸੁਪਨਾ ਅਧੂਰਾ ਰਹਿ ਗਿਆ। ਕਲਾ ਨਾਲ ਸਾਂਝ ਬਾਪੂ ਗੁਰਪਾਲ ਸਿੰਘ ਪਾਲ ਨੂੰ ਗਾਇਨ ਕਲਾ ਵੱਲ ਮੋੜ ਲਿਆਈ ਤੇ ਉਨਾਂ ਸਮਾਜਿਕ ਸਰੋਕਾਰਾਂ ਦੀ ਗੱਲ ਕਰਦੇ ਗੀਤਾਂ ਨਾਲ ਗਾਇਕੀ ਖੇਤਰ ਵਿੱਚ ਅਜਿਹੀ ਧਾਂਕ ਜਮਾਈ ਕਿ ਅੱਜ ਵਰਿਆਂ ਬਾਅਦ ਵੀ ਉਨਾਂ ਦੁਆਰਾ ਗਾਏ ਗੀਤਾਂ ਦਾ ਰਸ ਰੰਗ ਜਿਉ ਦਾ ਤਿਉ ਬਰਕਰਾਰ ਹੈ।ਬਾਪੂ ਗੁਰਪਾਲ ਸਿੰਘ ਪਾਲ ਹੋਰਾਂ ਨੇ ਪ੍ਰੋ: ਮੋਹਨ ਸਿੰਘ,ਧਨੀ ਰਾਮ ਚਾਤਰਿਕ,ਦੇਵ ਥਰੀਕੇ ਵਾਲਾ,ਨੰਦ ਲਾਲ ਨੂਰਪੁਰੀ,ਅਮਰੀਕ ਸਿੰਘ ਤਲਵੰਡੀ,ਗੁਰਾਦਿੱਤਾ ਸਿੰਘ ਸੰਧੂ,ਬਾਬੂ ਸਿੰਘ ਮਾਨ,ਦੀਪਕ ਜਤੋਈ,ਕੇਵਲ ਸਿੰਘ ਗਿੱਲ,ਕਰਮ ਸਿੰਘ ਭੱਟੀ ਮਾੜੀ ਵਾਲਾ,ਸਾਧੂ ਰਾਮ ਲੰਗੇਆਣਾ,ਜਸਵੀਰ ਭਲੂਰੀਆਂ ਵਰਗੇ ਸਿਰਕੱਢ ਗੀਤਕਾਰਾਂ ਦੀਆਂ ਰਚਨਾਵਾਂ ਨੂੰ ਅਵਾਜ਼ ਦੇ ਕੇ ਸਦੀਵੀ ਅਮਰ ਕਰ ਦਿੱਤਾ। ਨਿਰੋਏ ਤੇ ਇਖਲਾਕੀ ਸਮਾਜ ਦੀ ਸਿਰਜਣਾ ਦਾ ਹਾਮੀ ਤੇ ਪੰਜਾਬੀ ਮਾਂ-ਬੋਲੀ ਦਾ ਸੱਚਾ ਸਪੂਤ ਬਣਕੇ ਕੰਮ ਕਰਦਿਆਂ ਉਨਾਂ ਚੰਗੇ ਤੇ ਸਮਾਜ ਸੁਧਾਰਕ ਗੀਤਾਂ ਨੂੰ ਤਰਜੀਹ ਦਿੱਤੀ ਤੇ ਲੋਕ ਦੇ ਦਿਲਾਂ ਤੇ ਰਾਜ ਕੀਤਾ।ਸਮੇਂ ਦੇ ਬਦਲਾਅ ਤੇ ਅਧੁਨਿਕ ਦੌਰ ਦੇ ਰੁਝਾਨ ਵਿੱਚ ਵੀ ਉਨਾਂ ਦੁਆਰਾ ਗਾਏ ਗੀਤਾਂ ਨੂੰ ਨਵੀਂਆਂ ਨਵੀਨ ਤਕਨੀਕਾਂ ਨਾਲ ਲੈਅ ਵੱਧ ਕਰਕੇ ਗਾਉਣ ਦਾ ਰੁਝਾਨ ਬਰਕਰਾਰ ਰਿਹਾ। ਗੁਰਪਾਲ ਸਿੰਘ ਪਾਲ ਦੀ ਗਾਇਕੀ ਦਾ ਅਪਣਾ ਇਕ ਯੁੱਗ ਰਿਹਾ। ਉਨਾਂ ਦੁਆਰਾ ਗਾਈ ਇਕ ਰਚਨਾ ‘ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆਂ ਨੱਚੀ ਜਾਂਦੀ ਐ’ ਲੋਕ ਗੀਤ ਬਣਕੇ ਸਦੀਵੀ ਅਮਰ ਹੋ ਗਈ।ਬਾਪੂ ਪਾਲ ਨੇ ਗਾਇਕੀ ਦੇ ਸ਼ੌਕ ਨੂੰ ਕਦੇ ਵੀ ਆਪਣੇ ਰੁਜ਼ਗਾਰ ਦਾ ਸਾਧਨ ਨਹੀ ਬਣਾਇਆ ਤੇ ਨਾ ਹੀ ਚੰਦ ਸਿੱਕਿਆਂ ਖਾਤਰ ਅਜਿਹੇ ਬੋਲਾਂ ਨੂੰ ਤਰਜੀਹ ਦਿੱਤੀ ਜਿਸ ਨੂੰ ਸੁਣਕੇ ਪੰਜਾਬੀ ਮਾਂ-ਬੋਲੀ ਦੇ ਮਿਆਰ ਨੂੰ ਢਾਅ ਲੱਗ ਸਕੇ।ਗੁਰਪਾਲ ਸਿੰਘ ਪਾਲ ਜਿਥੇ ਇੱਕ ਮਹਾਨ ਗਾਇਕ ਸਨ ਉੱਥੇ ਉਹ ਇੱਕ ਮਹਾਨ ਇਨਸਾਨ ਵੀ ਸਨ,ਹਰ ਇੱਕ ਦੋਸਤ-ਮਿੱਤਰ ਦੇ ਅੋਖੇ ਵੇਲੇ ਕੰਮ ਆਉਣਾ ਉਨਾ ਆਪਣਾ ਮੁੱਢਲਾ ਫਰਜ ਸਮਝਿਆਂ।ਰੋਜੀ ਰੋਟੀ ਉਨਾਂ ਕੋਲ ਨਹਿਰੀ ਵਿਭਾਗ ਦੇ ਤਾਰ ਬਾਬੂ ਦੀ ਸਰਕਾਰੀ ਨੌਕਰੀ ਸੀ। ਜਿਸ ਨੂੰ ਸਾਫ ਸੁਥਰੇ ਢੰਗ ਨਾਲ ਨਿਭਾਉਦਿਆਂ ਆਪਣਾ ਜੀਵਨ ਤੰਗੀਆਂ ਤੁਰਸ਼ੀਆਂ ਨਾਲ ਗੁਜਾਰਿਆ ਪ੍ਰੰਤੂ ਸਮੇਂ ਨਾਲ ਸਮਝੌਤਾ ਨਹੀ ਕੀਤਾ। ਅਜਿਹੇ ਨੈਤਿਕ ਕਦਰਾਂ-ਕੀਮਤਾਂ ਨੂੰ ਪ੍ਰਣਾਏ ਵਿਰਸੇ ਦਾ ਇਹ ਵਾਰਿਸ 28 ਨਵੰਬਰ 2017 ਨੂੰ ਆਪਣੇ ਸਪੁੱਤਰ ਰਵੀ ਤੇਜ ਸਿੰਘ (ਬਿੱਟੂ ਕੋਟਕਪੂਰਾ),ਆਪਣੇ ਪਰਿਵਾਰ ਅਤੇ ਲੱਖਾ ਸੰਗੀਤ ਪ੍ਰੇਮੀਆਂ ਨੂੰ ਰੋਦੇ ਵਿਲਕਦੇ ਛੱਡ ਕੇ ਸਦਾ ਲਈ ਅਲਵਿਦਾ ਆਖ ਗਏ ਸਨ।ਇਸ ਮਹਾਨ ਲੋਕ ਗਾਇਕ ਗੁਰਪਾਲ ਸਿਘ ਪਾਲ ਦੀ ਸਾਫ ਸੁਥਰੀ ਗਾਇਕੀ ਨੂੰ ਸਨਮਾਨ ਭਰਿਆ ਸਲਾਮ ਕਰਦੇ ਹਾਂ ਕਿਉਕਿ ਉਨਾ ਦੇ ਗਾਏ ਮਿਆਰੀ ਗੀਤ ਉਦੋ ਤੱਕ ਹਵਾ ਵਿਚ ਗੂਜਦੇ ਰਹਿਣਗੇ ਜਦੋ ਤੱਕ ਚੰਦ ਅਤੇ ਸੂਰਜ ਚੱੜਦੇ ਛੁਪਦੇ ਰਹਿਣਗੇ।

– ਲੇਖਕ, ਹਰਦੀਪ ਕੌਸ਼ਲ ਮੱਲਾ।