
– ਕਾਂਗਰਸ ਹਾਈਕਮਾਨ ਵਲੋਂ ਛੇਤੀ ਹੀ ਬੁਲਾਈ ਜਾਵੇਗੀ ਕਾਂਗਰਸੀ ਕੌਂਸਲਰਾਂ ਨਾਲ ਮੀਟਿੰਗ
(ਗੁਰਵਿੰਦਰ ਸਿੰਘ) ਮੋਹਾਲੀ| ਨਿਗਰ ਨਿਗਮ ਦੇ ਕਾਂਗਰਸੀ ਕੌਂਸਲਰ ਅਤੇ ਜਿਲ੍ਹਾ ਕਾਂਗਰਸ ਕਮੇਟੀ ਦੇ ਸੀ.ਮੀਤ ਪ੍ਰਧਾਨ ਨਰਪਿੰਦਰ ਸਿੰਘ ਰੰਗੀ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਦੀ ਟਿਕਟ ਤੇ ਚੁਣੇ ਗਏ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੇ ਭਾਜਪਾ ਵਿੱਚ ਜਾਣ ਤੋਂ ਬਾਅਦ ਕਾਂਗਰਸ ਪਾਰਟੀ ਉਹਨਾਂ ਦਾ ਸਮਰਥਨ ਨਹੀਂ ਕਰ ਸਕਦੀ ਅਤੇ ਇਸ ਸੰਬੰਧੀ ਪਾਰਟੀ ਹਾਈਕਮਾਨ ਵਲੋਂ ਛੇਤੀ ਹੀ ਨਗਰ ਨਿਗਮ ਦੇ ਕੌਂਸਲਰਾਂ ਦੀ ਮੀਟਿੰਗ ਸੱਦੀ ਜਾ ਰਹੀ ਹੈ ਜਿਸ ਵਿੱਚ ਪਾਰਟੀ ਦੇ ਕੌਂਸਲਰਾਂ ਵਲੋਂ ਜੀਤੀ ਸਿੱਧੂ ਤੋਂ ਸਮਰਥਨ ਵਾਪਸੀ ਦਾ ਐਲਾਨ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਪਾਰਟੀ ਛੱਡ ਕੇ ਮੇਅਰ ਜੀਤੀ ਸਿੱਧੂ ਨੇ ਕਾਂਗਰਸ ਨਾਲ ਧੋਖਾ ਕੀਤਾ ਹੈ ਅਤੇ ਕੋਈ ਵੀ ਸੱਚਾ ਕਾਂਗਰਸੀ ਉਹਨਾਂ ਨੂੰ ਮੇਅਰ ਦੇ ਤੌਰ ਤੇ ਬਰਦਾਸ਼ਤ ਨਹੀਂ ਕਰ ਸਕਦਾ। ਉਹਨਾਂ ਕਿਹਾ ਕਿ ਸੰਗਰੂਰ ਜਿਮਣੀ ਚੋਣ ਵਿੱਚ ਰੁੱਝੇ ਹੋਣ ਕਾਰਨ ਇਹ ਕੰਮ ਰੁਕਿਆ ਹੋਇਆ ਸੀ ਅਤੇ ਕਾਂਗਰਸ ਪਾਰਟੀ ਵਲੋਂ ਭਾਜਪਾ ਵਿੱਚ ਗਏ ਮੇਅਰ ਜੀਤੀ ਸਿੱਧੂ ਨੂੰ ਉਤਾਰ ਕੇ ਪਾਰਟੀ ਦਾ ਮੇਅਰ ਬਣਾਇਆ ਜਾਵੇਗਾ। ਇੱਥੇ ਜਿਕਰਯੋਗ ਹੈ ਕਿ ਮੇਅਰ ਜੀਤੀ ਸਿੱਧੂ ਦੇ ਭਾਜਪਾ ਵਿੱਚ ਜਾਣ ਤੋਂ ਬਾਅਦ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਮੁਹਾਲੀ ਦੇ ਕਾਂਗਰਸੀ ਆਗੂਆਂ ਅਤੇ ਕੌਂਸਲਰਾਂ ਨਾਲ ਮੀਟਿੰਗ ਕੀਤੀ ਸੀ। ਇਸ ਤੋਂ ਬਾਅਦ ਮੇਅਰ ਜੀਤੀ ਸਿੱਧੂ ਵਲੋਂ ਵੀ ਨਿਗਮ ਦੇ ਕੌਂਸਲਰਾਂ ਨਾਲ ਮੀਟਿੰਗ ਕੀਤੀ ਗਈ ਸੀ ਜਿਸ ਵਿੱਚ ਕਾਂਗਰਸ ਦੇ 28 ਕੋਂਸਲਰਾਂ ਨੇ ਹਾਜਿਰ ਹੋ ਕੇ ਜੀਤੀ ਸਿੱਧੂ ਦੇ ਸਮਰਥਨ ਦਾ ਐਲਾਨ ਕੀਤਾ ਸੀ।