
ਫਗਵਾੜਾ (ਸ਼ਿਵ ਕੋੜਾ) : ਫਗਵਾੜਾ ਇਨਵਾਇਰਨਮੈਂਟ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਕੇ.ਕੇ. ਸਰਦਾਨਾ ਦੀ ਰਹਿਨੁਮਾਈ ਹੇਠ ਐਸੋਸੀਏਸ਼ਨ ਵਲੋਂ ਚੈਂਗੋ ਫੂਡ ਪਾਰਕ ਦੇ ਸਹਿਯੋਗ ਨਾਲ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ। ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਮਿਸ ਨਯਨ ਜੱਸਲ ਏ.ਡੀ.ਸੀ. ਕਮ ਕਮਿਸ਼ਨਰ ਨਗਰ ਨਿਗਮ ਫਗਵਾੜਾ ਸ਼ਾਮਲ ਹੋਏ। ਉਹਨਾਂ ਸਭ ਤੋਂ ਪਹਿਲਾਂ ਪਾਰਕ ਵਿਚ ਬੂਟਾ ਲਗਾ ਕੇ ਸਮਾਗਮ ਦਾ ਸ਼ੁੱਭ ਆਰੰਭ ਕਰਵਾਇਆ ਅਤੇ ਸਮੂਹ ਹਾਜਰੀਨ ਨੂੰ ਵਿਸ਼ਵ ਵਾਤਾਵਰਣ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਵਾਤਾਵਰਣ ਦੀ ਸੰਭਾਲ ਲਈ ਬੂਟੇ ਲਗਾਉਣ ਤੋਂ ਇਲਾਵਾ ਹੋਰ ਕਾਫੀ ਸਾਰੇ ਉਪਰਾਲੇ ਕਰਨ ਦੀ ਲੋੜ ਹੈ। ਉਹਨਾਂ ਘਰਾਂ ਵਿਚ ਗਿੱਲਾ ਤੇ ਸੁੱਕਾ ਕੂੜਾ ਵੱਖ-ਵੱਖ ਜਗ੍ਹਾ ਤੇ ਇਕੱਠਾ ਕਰਨ ਲਈ ਕਿਹਾ ਅਤੇ ਵਿਦਿਆਰਥੀਆਂ ਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵਾਧੂ ਸਮਾਂ ਕੰਪਿਊਟਰ ਜਾਂ ਮੋਬਾਇਲ ਫੋਨ ‘ਤੇ ਬਿਤਾਉਣ ਦੀ ਬਜਾਏ ਵਾਤਾਵਰਣ ਸੰਭਾਲ ਵਿਚ ਆਪਣਾ ਯੋਗਦਾਨ ਪਾਉਣ। ਮਾਸਟਰ ਗੁਰਮੀਤ ਸਿੰਘ ਨੈਸ਼ਨਲ ਅਵਾਰਡੀ ਨੇ ਮੁੱਖ ਬੁਲਾਰੇ ਵਜੋਂ ਵਾਤਾਵਰਣ ਕੀ ਹੈ ਅਤੇ ਇਸਦੇ ਗੰਧਲੇ ਹੋਣ ਨਾਲ ਕੀ ਬੁਰੇ ਪ੍ਰਭਾਵ ਹੋ ਸਕਦੇ ਹਨ ਅਤੇ ਵਾਤਾਵਰਣ ਦੀ ਸੰਭਾਲ ਲਈ ਕੀ ਕਰਨਾ ਜਰੂਰੀ ਹੈ ਇਸ ਬਾਰੇ ਵਿਸਥਾਰ ਨਾਲ ਦੱਸਿਆ। ਐਸੋਸੀਏਸ਼ਨ ਦੇ ਸਕੱਤਰ ਮਲਕੀਅਤ ਸਿਘ ਰਘਬੋਤਰਾ ਨੇ ਵਿਸ਼ਵ ਵਾਤਾਵਰਣ ਦਿਵਸ ਦੇ ਥੀਮ ‘ਕੇਵਲ ਇੱਕ ਧਰਤੀ’ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਹੁਣ ਤੱਕ ਸਿਰਫ ਧਰਤੀ ਹੀ ਅਜਿਹਾ ਪਲੈਨੇਟ ਹੈ ਜਿੱਥੇ ਜੀਵਨ ਹੈ ਅਤੇ ਇੱਥੇ ਸਿਰਫ ਇਨਸਾਨ ਹੀ ਨਹੀਂ ਬਲਕਿ ਪਸ਼ੂ, ਪੰਛੀ ਅਤੇ ਹੋਰ ਬਹੁਤ ਸਾਰੇ ਜੀਵ ਵੱਸਦੇ ਹਨ ਇਸ ਲਈ ਧਰਤੀ ਦਾ ਵਾਤਾਵਰਣ ਗੰਧਲਾ ਕਰਨ ਦਾ ਇਨਸਾਨ ਨੂੰ ਕੋਈ ਹੱਕ ਨਹੀਂ ਹੈ। ਗੈਸਟ ਆਫ ਆਨਰ ਹਨੀ ਸ਼ਰਮਾ ਜੀਕੋ ਇੰਜੀਨੀਅਰ ਧਰਤੀ ਦੇ ਪਾਣੀ ਦੀ ਸੰਭਾਲ ਲਈ ਬਰਸਾਤੀ ਪਾਣੀ ਦੇ ਸਦਉਪਯੋਗ ਪ੍ਰਤੀ ਜੋਰ ਦਿੱਤਾ। ਉਹਨਾਂ ਕਿਸਾਨਾਂ ਵਲੋਂ ਪਰਾਲੀ ਤੇ ਨਾੜ ਸਾੜਨ ਨੂੰ ਵਾਤਾਵਰਣ ਦੇ ਵਿਪਰੀਤ ਅਤੇ ਮੰਦਭਾਗਾ ਦੱਸਿਆ। ਮਾਸਟਰ ਨਰੇਸ਼ ਕੋਹਲੀ ਅਤੇ ਲੈਕਚਰਾਰ ਹਰਜਿੰਦਰ ਗੋਗਨਾ ਨੇ ਵੀ ਆਪਣੇ ਵਿਚਾਰ ਰੱਖੇ। ਸਮਾਗਮ ਦੌਰਾਨ ਕਮਲਾ ਨਹਿਰੂ ਪਬਲਿਕ ਸਕੂਲ ਦੇ ਵਿਦਿਆਰਥੀਆਂ ਅਤੇ ਟੀਚਰਾਂ ਨੇ ਵੀ ਕਵਿਤਾ, ਭਾਸ਼ਣ ਤੇ ਗਾਣਿਆਂ ਰਾਹੀਂ ਵਾਤਾਵਰਣ ਸੰਭਾਲ ਦਾ ਸੁਨੇਹਾ ਦਿੱਤਾ। ਵਿਦਿਆਰਥੀਆਂ ਨੂੰ ਪ੍ਰਦੂਸ਼ਨ ਕੰਟਰੋਲ ਬੋਰਡ ਵਲੋਂ ਭੇਜੀਆਂ ਟੀ-ਸ਼ਰਟਾਂ ਅਤੇ ਹਾਜਰੀਨ ਨੂੰ ਕਪੜੇ ਦੇ ਥੈਲੇ ਵੰਡੇ ਗਏ। ਹਾਜਰੀਨ ਵਲੋਂ ਪਲਾਸਟਿਕ ਮੁਕਤ ਫਗਵਾੜਾ ਬਨਾਉਣ ਦਾ ਪ੍ਰਣ ਵੀ ਲਿਆ ਗਿਆ। ਅਖੀਰ ਵਿਚ ਤਾਰਾ ਚੰਦ ਚੁੰਬਰ ਅਤੇ ਕ੍ਰਿਸ਼ਨ ਕੁਮਾਰ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਵੀ.ਪੀ. ਸਿੰਘ ਅਰੋੜਾ, ਵਿਨੋਦ ਮੜੀਆ, ਗੁਰਪ੍ਰੀਤ ਸਿੰਘ ਸੈਣੀ, ਰੂਪ ਲਾਲ, ਰਾਮ ਰਤਨ ਵਾਲੀਆ, ਮੋਹਨ ਲਾਲ ਤਨੇਜਾ ਤੋਂ ਇਲਾਵਾ ਚੈਂਗੋ ਫੂਡ ਪਾਰਕ ਦੇ ਵਿਸ਼ਾਲ ਸ਼ਰਮਾ ਆਦਿ ਹਾਜਰ ਸਨ।