– ਪੱਛਮੀ ਆਰਮੀ ਕਮਾਂਡ ਦੀ 80ਵੀਂ ਵਰ੍ਹੇਗੰਢ ਧੂਮਧਾਮ ਨਾਲ ਮਨਾਈ ਗਈ
(ਜਤਿੰਦਰ ਪਾਲ ਸਿੰਘ ਕਲੇਰ) ਬਲਾਚੌਰ: ਭਾਰਤੀ ਫੌਜ ਦੀ ਸਭ ਤੋਂ ਪੁਰਾਣੀ ਅਤੇ ਸਭ ਤੋਂ ਸ਼ਕਤੀਸ਼ਾਲੀ ਪੱਛਮੀ ਆਰਮੀ ਕਮਾਂਡ ਦੀ 80ਵੀਂ ਵਰ੍ਹੇਗੰਢ ਚੰਡੀਗੜ੍ਹ ਵਿਖੇ ਬੜੀ ਧੂਮਧਾਮ ਨਾਲ ਮਨਾਈ ਗਈ। ਇਸ ਮੌਕੇ ਦੀਆਂ ਖੁਸ਼ੀਆਂ ਸਾਂਝੀਆਂ ਕਰਦਿਆਂ ਗੁੱਜਰ ਵੈਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਬ੍ਰਿਗੇਡੀਅਰ ਰਾਜ ਕੁਮਾਰ ਅਤੇ ਉਨ੍ਹਾਂ ਦੀ ਧਰਮ ਪਤਨੀ ਰਾਜ ਸ਼੍ਰੀ ਨੇ ਉੱਚੇਚੇ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਬ੍ਰਿਗੇਡੀਅਰ ਰਾਜ ਕੁਮਾਰ ਨੇ ਦੱਸਿਆ ਕਿ ਭਾਰਤੀ ਫੌਜ ਵਿੱਚ ਕੁੱਲ ਛੇ ਕਮਾਂਡ ਹਨ, ਜਿਨ੍ਹਾਂ ਵਿੱਚ ਪੱਛਮੀ ਕਮਾਂਡ ਸਭ ਤੋਂ ਪੁਰਾਣੀ, ਸਭ ਤੋਂ ਪਾਵਰਫੁੱਲ ਅਤੇ ਸਭ ਤੋਂ ਘਾਤਕ ਕਮਾਂਡ ਮੰਨੀ ਜਾਂਦੀ ਹੈ। ਇਸ ਕਮਾਂਡ ਦਾ ਇਤਿਹਾਸ ਬਹਾਦਰੀ ਅਤੇ ਜਿੱਤਾਂ ਨਾਲ ਭਰਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਭਾਵੇਂ 1948 ਦੀ ਜੰਗ ਹੋਵੇ, 1965 ਦੀ ਜੰਗ ਹੋਵੇ ਜਾਂ 1971 ਦੀ ਜੰਗ, ਹਰ ਜੰਗ ਵਿੱਚ ਪੱਛਮੀ ਆਰਮੀ ਕਮਾਂਡ ਨੇ ਮੋਹਰੀ ਰੋਲ ਅਦਾ ਕੀਤਾ ਅਤੇ ਪਾਕਿਸਤਾਨ ਨੂੰ ਹਰ ਵਾਰ ਕਰਾਰੀ ਹਾਰ ਦਿੱਤੀ। ਦੇਸ਼ ਦੀ ਰਾਖੀ ਵਿੱਚ ਇਸ ਕਮਾਂਡ ਦਾ ਯੋਗਦਾਨ ਬੇਮਿਸਾਲ ਹੈ। ਉਨ੍ਹਾਂ ਦੱਸਿਆ ਕਿ 80ਵੀਂ ਵਰ੍ਹੇਗੰਢ ਦੇ ਜਸ਼ਨ ਵਿੱਚ ਉਨ੍ਹਾਂ ਸਾਰੇ ਸਾਬਕਾ ਫੌਜੀਆਂ ਅਤੇ ਅਧਿਕਾਰੀਆਂ ਨੂੰ ਵਿਸ਼ੇਸ਼ ਤੌਰ ‘ਤੇ ਸੱਦਾ ਦਿੱਤਾ ਗਿਆ ਜਿਨ੍ਹਾਂ ਨੇ ਇਸ ਕਮਾਂਡ ਵਿੱਚ ਆਪਣੀਆਂ ਸੇਵਾਵਾਂ ਨਿਭਾਈਆਂ ਹਨ। ਇਸ ਦੌਰਾਨ ਦੇਸ਼ ਭਗਤੀ ਅਤੇ ਫੌਜ ਦੇ ਜਜ਼ਬੇ ਨੂੰ ਸਲਾਮ ਕੀਤਾ ਗਿਆ।
ਬ੍ਰਿਗੇਡੀਅਰ ਰਾਜ ਕੁਮਾਰ ਨੇ ਕਿਹਾ ਕਿ ਪੱਛਮੀ ਕਮਾਂਡ ਅੱਜ ਵੀ ਦੇਸ਼ ਦੀ ਸਰਹੱਦ ਦੀ ਰਾਖੀ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਹਰ ਚੁਣੌਤੀ ਦਾ ਮੂੰਹ ਤੋੜ ਜਵਾਬ ਦੇਣ ਦੇ ਸਮਰੱਥ ਹੈ।