
(ਕਰਮਵੀਰ ਸਿੰਘ) ਗੁਰਾਇਆ। ਗੁਰਾਇਆ ਵਿਚ ਨਿੱਤ ਹੋ ਰਹੀਆ ਚੋਰੀ, ਲੁੱਟ ਖੋਹ ਅਤੇ ਕਤਲ ਦੀਆਂ ਵਾਰਦਾਤਾਂ ਨੇ ਪੁਲਿਸ ਦੇ ਸੁਰੱਖਿਆ ਪ੍ਰਬੰਧਾ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਜਿੱਥੇ ਬੀਤੇ ਦਿਨੀਂ ਚੋਰਾਂ ਵੱਲੋਂ ਅਕਾਊਂਟੈਂਟ ਦੇ ਘਰ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਅੱਜ ਤੜਕੇ ਇਕ ਕਬਾੜ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਦੁਕਾਨ ਦੇ ਬਾਹਰ ਹਜ਼ਾਰਾਂ ਰੁਪਏ ਦੇ ਕਬਾੜ ਨਾਲ ਲੱਦੀ ਹੋਈ ਗੱਡੀ ਲੈ ਕੇ ਫਰਾਰ ਹੋ ਗਏ। ਇਸ ਸਬੰਧੀ ਦੁਕਾਨ ਦੇ ਮਾਲਕ ਮੰਗਤ ਰਾਮ ਗੁਲਾਟੀ ਨੇ ਦੱਸਿਆ ਕਿ ਸਾਡੀ ਕਬਾੜ ਦੀ ਦੁਕਾਨ ਦੇ ਉੱਪਰ ਹੀ ਸਾਡੀ ਰਿਹਾਇਸ਼ ਹੈ। ਬੀਤੀ ਰਾਤ ਇਕ ਟਾਟਾ ਗੱਡੀ ਕਬਾੜ ਨਾਲ ਲੱਦ ਕੇ ਦੁਕਾਨ ਦੇ ਬਾਹਰ ਖੜੀ ਕੀਤੀ ਸੀ, ਜਿਸ ਵਿਚ ਹਜ਼ਾਰਾਂ ਰੁਪਏ ਦਾ ਕਬਾੜ ਲੱਦਿਆ ਹੋਇਆ ਸੀ।ਉਕਤ ਗੱਡੀ ਨੂੰ ਅੱਜ ਸਵੇਰੇ 4 ਵਜ ਕੇ 20 ਮਿੰਟ ‘ਤੇ ਬਾਜ਼ਾਰ ਦੇ ਚੌਕੀਦਾਰ ਦੇ ਜਾਣ ਤੋਂ ਬਾਅਦ ਅਣਪਛਾਤੇ ਲੈ ਗਏ। ਘਟਨਾ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੈ। ਨਗਰ ਕੌਂਸਲ ਗੁਰਾਇਆ ਦੇ ਕੌਂਸਲਰ ਬਲਜਿੰਦਰ ਕਾਲਾ ਨੇ ਕਿਹਾ ਕਿ ਗੁਰਾਇਆ ਦੇ ਇਲਾਕੇ ਦੇ ਅੰਦਰ ਚੋਰੀ, ਲੁੱਟ ਖੋਹ ਅਤੇ ਕਤਲ ਦੀਆ ਘਟਨਾਵਾ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਪੁਲਿਸ ਪ੍ਰਸ਼ਾਸ਼ਨ ਹੱਥ ਤੇ ਹੱਥ ਧਰੀ ਬੈਠਾ ਹੈ। ਉਹਨਾਂ ਵੱਲੋਂ ਕੋਈ ਵੀ ਕਾਰਵਾਈ ਨਹੀ ਕੀਤੀ ਜਾ ਰਹੀ। ਬੜਾ ਪਿੰਡ ਰੋਡ ’ਤੇ ਹੀ ਕੱਲ ਦਿਨੇ 11 ਵਜੇ ਚਿਕਨ ਦਾ ਕੰਮ ਕਰਨ ਵਾਲੇ ਪੰਕਜ ਕੁਮਾਰ ਦੀ ਦੁਕਾਨ ਤੋਂ 2 ਸਿਲੰਡਰ ਚੋਰੀ ਹੋ ਗਏ ਸਨ। ਬਲਜਿੰਦਰ ਕਾਲਾ ਨੇ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ ਵਿਚ ਵੀ ਇਹੋ ਜਿਹੇ ਹਾਲਾਤ ਰਹੇ ਤਾਂ ਗੁਰਾਇਆਂ ਦੇ ਦੁਕਾਨਦਾਰ ਬਾਜ਼ਾਰ ਬੰਦ ਕਰ ਕੇ ਗੁਰਾਇਆਂ ਥਾਣੇ ਦੇ ਸਾਹਮਣੇ ਧਰਨਾ ਦੇਣ ਨੂੰ ਮਜਬੂਰ ਹੋ ਜਾਣਗੇ। ਕਬਾੜ ਦੀ ਦੁਕਾਨ ਦੇ ਮਾਲਕ ਮੰਗਤ ਰਾਮ ਗੁਲਾਟੀ ਨੇ ਦੱਸਿਆ ਕਿ ਗੁਰਾਇਆ ਪੁਲਿਸ ਨੂੰ ਇਸ ਸਬੰਧੀ ਲਿਖਤੀ ਸ਼ਿਕਾਇਤ ਦੇ ਦਿੱਤੀ ਹੈ ਅਤੇ ਚੋਰਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।