
– ਲਾਰਿਆਂ ਤੋਂ ਅੱਕੇ ਮੁਲਾਜ਼ਮ ਸੰਘਰਸ਼ ਦੇ ਰਾਹ ਪਏ* -ਕੁਲਦੀਪ ਵਾਲੀਆ।
ਜਲੰਧਰ: ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਪਿਛਲੇ ਕਈ ਸਾਲਾਂ ਤੋ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਾਉਣ ਲਈ ਲਗਾਤਾਰ ਸੰਘਰਸ਼ ਕਰ ਰਹੀ ਹੈ। ਪਿਛਲੀਆਂ ਸਰਕਾਰਾਂ ਸਮੇਂ ਵੱਖ- ਵੱਖ ਸਿਆਸੀ ਪਾਰਟੀਆਂ ਵੱਲੋਂ ਇਸ ਮੰਗ ਨੂੰ ਪੁੂਰਾ ਕਰਨ ਦੇ ਲਾਰੇ ਤਾਂ ਲਾਏ ਗਏ; ਪਰ ਇਸ ਮੰਗ ਪ੍ਰਤੀ ਗੰਭੀਰਤਾ ਨਹੀਂ ਵਿਖਾਈ ਗਈ। ਇਸ ਵਾਰ ਪੰਜਾਬ ਦੇ ਲੋਕਾਂ ਨੇ ਵੋਟਾਂ ਰਾਹੀਂ ਸਿਆਸਤ ਵਿੱਚ ਵੱਡਾ ਬਦਲਾਅ ਲਿਆਂਦਾ ਅਤੇ ਲੋਕ ਹਿੱਤਾਂ ਲਈ ਲੜਦੀਆਂ ਧਿਰਾਂ ਵਿੱਚ ਉਮੀਦ ਜਾਗੀ ਹੈ। ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਕਨਵੀਨਰ ਕੁਲਦੀਪ ਵਾਲੀਆ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਦੌਰਾਨ ਮੌਜੂਦਾ ਸਰਕਾਰ ਦੇ ਹਰ ਉਮੀਦਵਾਰ ਤੱਕ ਸਾਡੇ ਆਗੂਆਂ ਨੇ ਪਹੁੰਚ ਕੀਤੀ ਤੇ ਹਰ ਉਮੀਦਵਾਰ ਨੇ ਸਰਕਾਰ ਬਣਨ ਤੇ ਇਸ ਮੰਗ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ ਤੇ ਇਸ ਸਬੰਧੀ ਐੱਮ ਐੱਲ ਏ ਨੂੰ ਮੰਗ ਪੱਤਰ ਵੀ ਦਿੱਤੇ ਗਏ। ਹੁਣ ਤਿੰਨ ਮਹੀਨੇ ਬੀਤ ਜਾਣ ਬਾਅਦ ਮੌਜੂਦਾ ਸਰਕਾਰ ਵੱਲੋਂ ਇਸ ਮੰਗ ਨੂੰ ਲੈ ਕੇ ਕੋਈ ਗੰਭੀਰਤਾ ਨਹੀਂ ਦਿਖਾਈ ਜਾ ਰਹੀ ਜਦ ਕਿ ਪੁਰਾਣੀ ਪੈਨਸ਼ਨ ਬਹਾਲੀ ਨਾਲ ਮੁਲਾਜਮਾਂ ਦਾ ਬੁਢਾਪਾ ਸੁਰੱਖਿਅਤ ਹੋਣ ਦੇ ਨਾਲ ਸਰਕਾਰ ਨੂੰ ਵੀ ਵਿੱਤੀ ਲਾਭ ਹੋਵੇਗਾ। ਇਸ ਸਬੰਧੀ ਬੀਤੇ ਦਿਨ ਸੂਬਾ ਕਮੇਟੀ ਦੀ ਜੂਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਕਿ ਸੰਗਰੂਰ ਵਿਖੇ ਹੋ ਰਹੀ ਜਿਮਨੀ ਚੋਣ ਨੂੰ ਅੱਗੇ ਰੱਖ ਕੇ 16 ਜੂਨ ਨੂੰ ਝੰਡਾ ਮਾਰਚ ਕੀਤਾ ਜਾਵੇਗਾ। ਇਸ ਝੰਡਾ ਮਾਰਚ ਵਿੱਚ ਪੰਜਾਬ ਭਰ ਦੇ ਐਨ ਪੀ ਐਸ ਮੁਲਾਜ਼ਮ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ । ਇਸ ਸਬੰਧੀ ਤਿਆਰੀਆਂ ਲਈ ਬਲਾਕ ਕਮੇਟੀਆਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਇਸ ਸਮੇਂ ਦਿਲਬਾਗ ਸਿੰਘ ਜ਼ਿਲ੍ਹਾ ਕੋ-ਕਨਵੀਨਰ ਸਿੰਘ ਨੇ ਕਿਹਾ ਕਿ ਇਹ ਮਾਰਚ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਨੂੰ ਵਾਅਦਾ ਯਾਦ ਕਰਾਉਣ ਲਈ ਕੀਤਾ ਜਾਣਾ ਹੈ ਤੇ ਸਾਨੂੰ ਪੂਰੀ ਉਮੀਦ ਹੈ ਕਿ ਮੌਜੂਦਾ ਸਰਕਾਰ ਪੁਰਾਣੀ ਪੈਨਸ਼ਨ ਬਹਾਲ ਕਰਕੇ ਲੋਕ ਹਿੱਤ ਵਿੱਚ ਇੰਨਕਲਾਬੀ ਫੈਸਲਾ ਲਵੇਗੀ। ਜੇਕਰ ਅਜੇ ਵੀ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਇਸ ਸਰਕਾਰ ਵੱਲੋਂ ਵੀ ਡੰਗ ਟਪਾਊ ਨੀਤੀ ਅਪਣਾਈ ਗਈ ਤਾਂ ਮਜਬੂਰਨ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਨੂੰ ਸੰਘਰਸ਼ ਤਿੱਖਾ ਕਰਨਾ ਪਵੇਗਾ। ਇੱਕ ਪੜ੍ਹੇ ਲਿਖੇ ਵਿਅਕਤੀ ਲਈ ਯੋਗਤਾ ਅਨੁਸਾਰ ਅਜਿਹੀ ਨੌਕਰੀ ਹੋਣੀ ਜਰੂਰੀ ਹੈ। ਜਿਸ ਨਾਲ ਬੁਢਾਪਾ ਸੁਰੱਖਿਅਤ ਦਿਖੇ, ਤਾਂ ਜੋ ਸਿੱਖਿਆ ਪ੍ਰਤੀ ਸਾਡੇ ਨੌਜਵਾਨਾਂ ਦਾ ਰੁਝਾਨ ਬਣਿਆ ਰਹੇ। ਸਰਕਾਰ ਨੂੰ ਇਸ ਗੈਰ ਵਿੱਤੀ ਮੰਗ ਨੂੰ ਤੁਰੰਤ ਪੂਰਾ ਕਰਨਾ ਬਣਦਾ ਹੈ।ਇਸ ਵਿੱਚ ਹੋਰਨਾਂ ਤੋਂ ਇਲਾਵਾ ਸੰਦੀਪ ਰਾਜੋਵਾਲ, ਵੇਦ ਰਾਜ, ਕਰਨੈਲ ਫਿਲੌਰ, ਅਮਰਜੀਤ ਭਗਤ, ਪਰੇਮ ਖਲਵਾੜਾ, ਰਾਜ ਕੁਮਾਰ, ਸੰਦੀਪ ਸਿੰਘ,ਮੰਗਤ ਰਾਮ ਸਮਰਾ, ਦਲਬੀਰ ਰਾਮ, ਰਜਿੰਦਰ ਕੁਮਾਰ, ਸੋਹਣ ਲਾਲ, ਚਰਨਜੀਤ ਸਿੰਘ ਆਦਿ ਹਾਜ਼ਰ ਸਨ।