ਫਗਵਾੜਾ (ਸ਼ਿਵ ਕੋੜਾ) : ਸੀਨੀਅਰ ਅਕਾਲੀ ਆਗੂ ਅਤੇ ਸ੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਕਪੂਰਥਲਾ ਦੇ ਸਰਪ੍ਰਸਤ ਗਿ. ਭਗਤ ਸਿੰਘ ਭੁੰਗਰਨੀ ਨੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਿੰਡਾਂ ਦੇ ਵਿਕਾਸ ਲਈ ਪੰਚਾਇਤਾਂ ਨੂੰ ਵੱਧ ਅਧਿਕਾਰ ਦਿੱਤੇ ਜਾਣ। ਉਹਨਾਂ ਕਿਹਾ ਕਿ 1995 ਦੇ ਪੰਚਾਇਤੀ ਐਕਟ ਤੋਂ ਪਹਿਲਾਂ ਪੰਚਾਇਤਾਂ ਪਾਸ ਇਹ ਅਧਿਕਾਰ ਸੀ ਕਿ ਲੋਕਾਂ ਦੇ ਮਸਲਿਆਂ ਦਾ ਨਿਪਟਾਰਾ ਪਿੰਡ ਪੱਧਰ ਤੇ ਹੀ ਹੋ ਸਕਦਾ ਸੀ। ਉਹਨਾਂ ਕਿਹਾ ਕਿ ਜੇਕਰ ਇਹ ਅਧਿਕਾਰ ਦੁਬਾਰਾ ਮਿਲ ਜਾਣ ਤਾਂ ਪਿੰਡਾਂ ਦੇ ਭੋਲੇ ਭਾਲੇ ਲੋਕਾਂ ਨੂੰ ਵੱਡੀਆਂ ਅਦਾਲਤਾਂ ਅਤੇ ਵਕੀਲਾਂ ਪਾਸ ਸਾਲਾਂ ਵੱਧੀ ਧੱਕੇ ਨਹੀਂ ਖਾਣੇ ਪੈਣਗੇ ਅਤੇ ਪਿੰਡ ਪੱਧਰ ਤੇ ਹੀ ਉਹਨਾਂ ਨੂੰ ਸੁਖਾਲਾ ਨਿਆ ਮਿਲ ਸਕੇਗਾ। ਉਹਨਾਂ ਕਿਹਾ ਕਿ ਪੰਚਾਇਤਾਂ ਨੂੰ ਵੱਧ ਅਧਿਕਾਰ ਮਿਲਣਗੇ ਤਾਂ ਪਿੰਡਾਂ ਦੇ ਵਿਕਾਸ ਲਈ ਪੰਚਾਇਤਾਂ ਵਿਕਾਸ ਸਕੀਮਾਂ ਬਣਾ ਸਕਣਗੀਆਂ। ਸ. ਭੁੰਗਰਨੀ ਨੇ ਮੰਗ ਕੀਤੀ ਕਿ ਪੰਚਾਇਤਾਂ ਨੂੰ ਗ੍ਰਾਮ ਵਿਕਾਸ ਯੋਜਨਾ ਬਨਾਉਣ ਤੇ ਲਾਗੂ ਕਰਨ ਦਾ ਆਜਾਦਾਨਾ ਅਧਿਕਾਰ ਦਿੱਤਾ ਜਾਵੇ। ਪੰਚਾਇਤ ਅਧਿਕਾਰੀ ਬੀ.ਡੀ.ਓ. ਗ੍ਰਾਮ ਸੇਵਕ (ਪੇਂਡੂ ਵਿਕਾਸ ਆਰਗਨਾਈਜਰ) ਪਿੰਡਾਂ ਦੇ ਵਿਕਾਸ ਵਿਚ ਅਤੇ ਫੈਸਲੇ ਕਰਨ ਵਿਚ ਸਹਾਈ ਹੋਣ। ਪਿੰਡਾਂ ਦੀਆਂ ਪੰਚਾਇਤਾਂ ਨੂੰ ਆਪਣੇ ਮੁਲਾਜਮ ਰੱਖਣ ਅਤੇ ਵਿਕਾਸ ਫੰਡ ਲਾਉਣ ਦਾ ਅਧਿਕਾਰ ਹੋਵੇ।