
ਫਗਵਾੜਾ (ਸ਼ਿਵ ਕੋੜਾ) : ਆਮ ਆਦਮੀ ਪਾਰਟੀ ਹਲਕਾ ਵਿਧਾਨਸਭਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਰਾਵਲਪਿੰਡੀ ਤੋਂ ਦੁੱਗਾਂ ਪੁਲੀ ਤੱਕ ਕਰਵਾਈ ਜਾ ਰਹੀ ਬੇਂਈ ਦੀ ਸਫਾਈ ਦੇ ਕੰਮ ਦਾ ਅੱਜ ਜਾਇਜਾ ਲਿਆ ਅਤੇ ਚਲ ਰਹੇ ਕੰਮ ਪ੍ਰਤੀ ਤਸੱਲੀ ਦਾ ਪ੍ਰਗਟਾਵਾ ਕੀਤਾ। ਉਹਨਾਂ ਦੱਸਿਆ ਕਿ ਇਸ ਕੰਮ ਨੂੰ ਪੂਰੀ ਪਾਰਦਰਸ਼ਿਤਾ ਨਾਲ ਨੇਪਰੇ ਚਾੜ੍ਹਨ ਸਬੰਧੀ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਫਾਈ ਦੇ ਇਸ ਪ੍ਰੋਜੈਕਟ ਉੱਪਰ ਕਰੀਬ 10 ਲੱਖ ਰੁਪਏ ਦੀ ਲਾਗਤ ਆਏਗੀ। ਇਸ ਤੋਂ ਇਲਾਵਾ ਨਵਾਂਸ਼ਹਿਰ ਡਵੀਜਨ ਅਧੀਨ ਨਵਾਂਸ਼ਹਿਰ ਦੇ ਪਿੰਡ ਗੁੱਜਰਪੁਰ ਤੋਂ ਫਗਵਾੜਾ ਸਬ ਡਵੀਜਨ ਦੀ ਵਾਹਦਾਂ ਮੰਡੀ ਤੱਕ ਕਰੀਬ 25 ਲੱਖ ਰੁਪਏ ਦੀ ਲਾਗਤ ਨਾਲ ਡਰੇਨਾਂ ਦੀ ਸਫਾਈ ਕਰਵਾਈ ਜਾ ਰਹੀ ਹੈ ਤਾਂ ਜੋ ਡਰੇਨਾ ਦਾ ਪਾਣੀ ਬਰਸਾਤਾਂ ਵਿਚ ਓਵਰ ਫਲੋਅ ਹੋ ਕੇ ਕਿਸਾਨਾਂ ਦੇ ਖੇਤਾਂ ਵਿਚ ਜਾ ਕੇ ਨੁਕਸਾਨ ਨਾ ਕਰੇ। ਉਹਨਾਂ ਦੱਸਿਆ ਕਿ ਖਲਵਾੜਾ-ਬਹੂਆ ਡਰੇਨ, ਕੈਲ ਨਾਲਾ ਤੇ ਫਗਵਾੜਾ ਸਲੈਜ ਦੀ ਸਫਾਈ ਦਾ ਕਰੀਬ ਵੀਹ ਲੱਖ ਰੁਪਏ ਦਾ ਟੈਂਡਰ ਵੀ ਖੁੱਲ ਗਿਆ ਹੈ ਅਤੇ ਜਲਦੀ ਹੀ ਕੰਮ ਮੁਕੱਮਲ ਕਰਵਾ ਦਿੱਤਾ ਜਾਵੇਗਾ। ਜਲੰਧਰ ਡਵੀਜਨ ਦੇ ਐਸ.ਡੀ.ਓ. ਖੁਸ਼ਵਿੰਦਰ ਸਿੰਘ ਅਨੁਸਾਰ ਬਰਸਾਤ ਤੋਂ ਪਹਿਲਾਂ ਚਿੱਟੀ ਬੇਂਈ ਅਤੇ ਡਰੇਨਾਂ ਦੀ ਸਫਾਈ ਦਾ ਕੰਮ ਮੁਕੱਮਲ ਕਰ ਲਿਆ ਜਾਵੇਗਾ। ਇਸ ਮੌਕੇ ਆਪ ਆਗੂ ਸ਼ੀਤਲ ਪਲਾਹੀ, ਇੰਦਰਜੀਤ ਸਿੰਘ ਖਲਿਆਣ, ਸੇਵਾ ਸਿੰਘ ਸੀਕਰੀ, ਵਿੱਕੀ ਰਾਵਲਪਿੰਡੀ, ਸਟੀਫਨ ਕਾਹਲੋਂ, ਰਾਮਪਾਲ ਸਾਹਨੀ ਸਰਪੰਚ, ਅਮਰੀਕ ਸਿੰਘ, ਜੋਗਿੰਦਰ ਸਿੰਘ, ਮਹਿੰਦਰ ਸਿੰਘ, ਦਵਿੰਦਰ ਸਿੰਘ, ਗਿਆਨ ਸਿੰਘ ਸੀਕਰੀ, ਦਿਲਬਾਗ ਸਿੰਘ ਸੀਕਰੀ, ਹਰਦਿਆਲ ਸਿੰਘ, ਬਲਦੇਵ ਸਿੰਘ ਸੀਕਰੀ ਆਦਿ ਹਾਜਰ ਸਨ।