
– ਮਿਸ਼ਨ ਹਰਾ ਭਰਾ ਲੁਧਿਆਣਾ –
– ਕਿਹਾ! ਮੁਫ਼ਤ ਪੌਦਿਆਂ ਤੇ ਪਲਾਂਟੇਸ਼ਨ ਲਈ ਮੋਬਾਇਲ ਨੰਬਰ 82890-66979 ‘ਤੇ ਮਿਸਡ ਕਾਲ ਦਿਓ
(ਬਿਊਰੋ ਚੈਕ ਪੋਸਟ) ਲੁਧਿਆਣਾ।
ਜ਼ਿਲਾ ਪ੍ਰਸ਼ਾਸਨ ਵੱਲੋਂ ਸਥਾਨਕ ਐਨ.ਜੀ.ਓ. ਸਿਟੀ ਨੀਡਜ਼ ਦੇ ਸਹਿਯੋਗ ਨਾਲ ਜ਼ਿਲੇ ਦੇ ਲੋਕਾਂ ਨੂੰ ਮੁਫ਼ਤ ਬੂਟੇ ਵੰਡ ਕੇ ਮਿਸ਼ਨ ‘ਹਰਾ ਭਰਾ ਲੁਧਿਆਣਾ‘ ਦੀ ਸ਼ੁਰੂਆਤ ਕੀਤੀ ਗਈ ਹੈ। ਹਰਿਆਲੀ ਵੈਨ (ਮੋਬਾਇਲ ਟ੍ਰੀ ਏ.ਟੀ.ਐਮ.) ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਨੇ ਕਿਹਾ ਕਿ ਲੋਕ ਮੁਫਤ ਬੂਟੇ ਲੈਣ ਅਤੇ ਪਲਾਂਟੇਸ਼ਨ ਲਈ ਮੋਬਾਇਲ ਨੰਬਰ 82890-66979 ‘ਤੇ ਮਿਸਡ ਕਾਲ ਕਰ ਸਕਦੇ ਹਨ। ਉਨਾਂ ਕਿਹਾ ਕਿ ਮਿਸਡ ਕਾਲ ਤੋਂ ਬਾਅਦ ਲੋਕਾਂ ਨੂੰ ਉਨਾਂ ਦੇ ਫੋਨ ‘ਤੇ ਲਿੰਕ ਮਿਲੇਗਾ ਅਤੇ ਉਹ ਬੂਟਿਆਂ ਦੀ ਗਿਣਤੀ, ਆਪਣੀ ਪਸੰਦ ਦੇ ਬੂਟੇ ਅਤੇ ਆਪਣਾ ਪੂਰਾ ਪਤਾ ਦੱਸ ਕੇ ਆਨਲਾਈਨ ਫਾਰਮ ਭਰ ਸਕਦੇ ਹਨ। ਉਨਾਂ ਦੱਸਿਆ ਕਿ ਇਹ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਐਨ.ਜੀ.ਓ. ਵੱਲੋਂ ਮੋਬਾਇਲ ਟ੍ਰੀ ਏ.ਟੀ.ਐਮ. (ਹਰਿਆਲੀ ਵੈਨ) ਰਾਹੀਂ ਮਿਸਡ ਕਾਲ ਕਰਨ ਵਾਲੇ ਵਸਨੀਕਾਂ ਦੇ ਘਰ-ਘਰ ਬੂਟੇ ਪਹੁੰਚਾਏ ਜਾਣਗੇ। ਉਨਾਂ ਕਿਹਾ ਕਿ ਬਾਅਦ ਵਿੱਚ, ਪ੍ਰਸ਼ਾਸਨ ਦੀ ਟੀਮ ਜਿਸ ਵਿੱਚ ਜੰਗਲਾਤ ਵਿਭਾਗ ਅਤੇ ਨਗਰ ਨਿਗਮ ਦੇ ਅਧਿਕਾਰੀ ਸਥਾਨਕ ਐਨਜੀਓ ਸਿਟੀਨਡਜ਼ ਦੇ ਸਹਿਯੋਗ ਨਾਲ ਉਨਾਂ ਦੇ ਘਰਾਂ ਵਿੱਚ ਬੂਟੇ ਸਪਲਾਈ ਕਰਨਗੇ। ਇਸ ਤੋਂ ਇਲਾਵਾ ਉਹ ਬੂਟੇ ਲਗਾਉਣ ਲਈ ਉਨਾਂ ਨੂੰ ਸਹਿਯੋਗ ਦੀ ਪੇਸ਼ਕਸ਼ ਵੀ ਕਰਨਗੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀ ਅਮਿਤ ਕੁਮਾਰ ਪੰਚਾਲ ਦੇ ਨਾਲ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਡੀ ਧਰਤੀ ਮਾਂ ਦੀ ਤੰਦਰੁਸਤੀ ਲਈ ਯੋਗਦਾਨ ਪਾਉਣਾ ਹਰੇਕ ਨਾਗਰਿਕ ਦਾ ਫਰਜ਼ ਹੈ ਅਤੇ ਇਸ ਬੂਟੇ ਲਗਾਉਣ ਦੀ ਮੁਹਿੰਮ ਨੂੰ ਲੋਕ ਲਹਿਰ ਬਣਾਉਣਾ ਚਾਹੀਦਾ ਹੈ। ਉਨਾਂ ਲੋਕਾਂ ਨੂੰ ਵਾਤਾਵਰਨ ਦੀ ਸੰਭਾਲ ਨੂੰ ਸਭ ਤੋਂ ਵੱਧ ਤਰਜੀਹ ਦੇਣ ਲਈ ਕਿਹਾ ਅਤੇ ਇਸ ਦੀ ਸ਼ੁਰੂਆਤ ਆਪਣੇ ਘਰਾਂ ਦੇ ਨੇੜੇ ਇੱਕ ਬੂਟਾ ਲਗਾਉਣ ਨਾਲ ਕਰਨੀ ਚਾਹੀਦੀ ਹੈ ਜੋ ਉਨਾਂ ਨੂੰ ਮੁਫਤ ਦਿੱਤਾ ਜਾਵੇਗਾ। ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਵੱਲੋਂ ਐਨ.ਜੀ.ਓ. ‘ਲੈਟਸ ਕਲੀਨ ਲੁਧਿਆਣਾ ਫਾਊਂਡੇਸ਼ਨ ਤੋਂ ਮਿ੍ਰਦੁਲਾ ਜੈਨ, ਐਕਟ ਹਿਊਮਨ ਤੋਂ ਹਰਲੀਨ, ਮਾਰਸ਼ਲ ਏਡ ਫਾਊਂਡੇਸ਼ਨ ਤੋਂ ਪ੍ਰਤੀਕ ਵਰਮਾ ਅਤੇ ਮਨਦੀਪ, ਸਿਟੀ ਨੀਡਜ ਤੋਂ ਮਨੀਤ ਦਿਵਾਨ ਅਤੇ ਸੱਤਪਾਲ, ਸਮਾਲ ਆਈਡੀਆਜ, ਗ੍ਰੇਟ ਆਈਡੀਆਜ ਤੋਂ ਡਾ. ਐਸ.ਬੀ. ਪਾਂਧੀ ਸਮੇਤ ਹੋਰ ਗੈਰ ਸਰਕਾਰੀ ਸੰਗਠਨਾਂ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।