
– ਯੁਕਰੇਨ ਵਿੱਚ ਫਸੇ ਭਾਰਤੀਆਂ ਦੀ ਸੁਰੱਖਿਆ ਦਾ ਪ੍ਰਬੰਧ ਕਰਨ ਦੀ ਕੀਤੀ ਮੰਗ
ਸੰਗਰੂਰ,28ਫਰਵਰੀ(ਜਗਸੀਰ ਲੌਂਗੋਵਾਲ ) – ਅੱਜ ਸੰਗਰੂਰ ਵਿਖੇ ਜਨਤਕ ਜਥੇਬੰਦੀਆਂ ਵੱਲੋਂ ਯੂਕਰੇਨ ਉੱਪਰ ਰੂਸ ਦੇ ਫੌਜੀ ਹਮਲੇ ਵਿਰੁੱਧ ਲੋਕ ਰਾਇ ਲਾਮਬੰਦ ਕਰਨ ਲਈ ਅਤੇ ਅਮਨ-ਅਮਾਨ ਲਈ ਯੂਕਰੇਨ ਉੱਪਰ ਫੌਜੀ ਹਮਲਾ ਤੁਰੰਤ ਰੋਕੇ ਜਾਣ ਅਤੇ ਨਾਟੋ ਦੇ ਫੌਜੀ ਵਿਸਥਾਰ ਦੀ ਯੋਜਨਾ ਸਮੇਤ ਸਾਮਰਾਜੀ ਫੌਜੀ ਗਠਜੋੜ ਭੰਗ ਕੀਤੇ ਜਾਣ ਦੀ ਆਵਾਜ਼ ਬੁਲੰਦ ਕਰਨ ਲਈ ਸ਼ਹਿਰ ਵਿੱਚ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਯੂਕਰੇਨ ਦੇ ਪੀੜਤ ਲੋਕਾਂ ਨਾਲ ਇੱਕਮੁੱਠਤਾ ਪ੍ਰਗਟ ਕਰਦੇ ਹੋਏ ਇਸ ਜੰਗ ਨੂੰ ਸਾਮਰਾਜੀ ਹਿੱਤਾਂ ਤੋਂ ਪ੍ਰੇਰਿਤ ਜੰਗ ਦੱਸਿਆ ਗਿਆ।
ਇਸ ਮੌਕੇ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਨੌਜਵਾਨ ਭਾਰਤ ਸਭਾ ਦੇ ਸੂਬਾ ਪ੍ਰਧਾਨ ਰੁਪਿੰਦਰ ਚੌਂਦਾ, ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਾਹਾਂਗੀਰ ਨੇ ਕਿਹਾ ਕੀ ਸਾਮਰਾਜੀ ਸ਼ਕਤੀਆਂ ਵੱਲੋਂ ਦੁਨੀਆਂ ਦੇ ਕੁਦਰਤੀ ਸੋਮਿਆਂ ਦੀ ਲੁੱਟ-ਖਸੁੱਟ ਕਰਨ ਅਤੇ ਕਰੋੜਾਂ-ਅਰਬਾਂ ਮਿਹਨਤਕਸ਼ ਲੋਕਾਂ ਵਿਰੁੱਧ ਜਾਰੀ ਆਪਣੀਆਂ ਸਾਜਿਸ਼ਾਂ ਦਾ ਨਵਾਂ ਖਾਜਾ ਯੂਕਰੇਨ ਨੂੰ ਬਣਾਇਆ ਗਿਆ ਹੈ। ਸਾਮਰਾਜੀ ਤਾਕਤਾਂ ਵੱਲੋਂ ਸੰਸਾਰ ਤਾਕਤ ਦੇ ਸਮਤੋਲ ਨੂੰ ਮੁੜ ਤੋਂ ਪ੍ਰੀਭਾਸ਼ਤ ਕਰਨ ਲਈ ਛੇੜੀ ਇਸ ਨਿਹੱਕੀ ਜੰਗ ਕਾਰਨ ਯੂਕਰੇਨ ਸਮੇਤ ਦੁਨੀਆਂ ਦੇ ਕਰੋੜਾਂ ਲੋਕ ਸਿੱਧੇ-ਅਸਿੱਧੇ ਢੰਗ ਨਾਲ ਪ੍ਰਭਾਵਿਤ ਹੋਣਗੇ। ਇਸ ਮੌਕੇ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਬਿੱਕਰ ਸਿੰਘ ਹੱਥੋਆ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਸੁਖਦੀਪ ਹਥਨ ਨੇ ਕਿਹਾ ਕੀ ਜਿੱਥੇ ਰੂਸ ਇਸ ਹਮਲੇ ਲਈ ਜ਼ਿੰਮੇਵਾਰ ਹੈ, ਉਥੇ ਹੀ ਅਮਰੀਕਾ ਦੇ ਨਾਟੋ ਸੰਗਠਨ ਸਮੇਤ ਜਰਮਨੀ-ਫਰਾਂਸ ਵਰਗੀਆਂ ਸਾਮਰਾਜੀ ਤਾਕਤਾਂ ਵੀ ਇਸ ਹਮਲੇ ਲਈ ਬਰਾਬਰ ਦੀਆਂ ਦੋਸ਼ੀ ਹਨ। ਉਨਾਂ ਕਿਹਾ ਕਿ ਅਮਰੀਕਾ ਵੱਲੋਂ ਨਾਟੋ ਦੇ ਵਿਸਥਾਰ ਦੀ ਧੁੱਸ, ਜਰਮਨੀ-ਫਰਾਂਸ ਦੀ ਅਗਵਾਈ ਵਾਲੀ ਯੂਰਪੀ-ਯੂਨੀਅਨ ਵੱਲੋਂ ਯੂਕਰੇਨ ’ਤੇ ਆਪਣਾ ਕੰਟਰੋਲ ਵਧਾਉਣ ਦੇ ਯਤਨ ਅਤੇ ਰੂਸ ਵੱਲੋਂ ਯੂਕਰੇਨ ਸਮੇਤ ਪੂਰਬੀ ਯੂਰਪ ਉੱਪਰ ਆਰਥਿਕ-ਸਿਆਸੀ ਸਰਦਾਰੀ ਸਥਾਪਤ ਕਰਨ ਦੇ ਸਾਮਰਾਜੀ ਹਿੱਤਾਂ ਨੂੰ ‘ਜਮਹੂਰੀਅਤ’ ਦੇ ਪਰਦੇ ਹੇਠ ਢੱਕਣ ਦਾ ਪਾਖੰਡ ਕੀਤਾ ਜਾ ਰਿਹਾ ਹੈ। ਆਗੂਆਂ ਕਿਹਾ ਕੀ ਯੂਕਰੇਨ ਦੇ ਹੁਕਮਰਾਨਾਂ ਵੱਲੋਂ ਆਪਣੇ ਦੇਸ਼ ਨੂੰ ਸਾਮਰਾਜੀ ਤਾਕਤਾਂ ਦੀ ਖਹਿ ਦਾ ਨਿਸ਼ਾਨਾ ਬਣ ਜਾਣ ਵਿੱਚ ਨਿਭਾਈ ਭੂਮਿਕਾ ਦੀ ਨਿਖੇਧੀ ਕਰਨ ਦੇ ਨਾਲ-ਨਾਲ ਦੇਸ਼ ਦੀ ਕੇਂਦਰ ਸਰਕਾਰ ਦੀ ਇਸ ਮਸਲੇ ’ਤੇ ਸਾਮਰਾਜੀ ਤਾਕਤਾਂ ਦੀ ਸੇਵਾ ਵਿੱਚ ਭੁਗਤ ਰਹੀ ਕਮਜ਼ੋਰ ਅਤੇ ਅਸਪੱਸ਼ਟ ਵਿਦੇਸ਼ ਨੀਤੀ ਦੀ ਜੋਰਦਾਰ ਨਿਖੇਧੀ ਕੀਤੀ ਹੈ। ਇਸ ਮੌਕੇ ਆਗੂਆਂ ਮੰਗ ਕੀਤੀ ਕੀ ਯੂਕਰੇਨ ਉੱਪਰ ਰੂਸੀ ਫੌਜੀ ਹਮਲੇ ਨੂੰ ਤੁਰੰਤ ਰੋਕਿਆ ਜਾਵੇ, ਨਾਟੋ ਦੇ ਵਿਸਥਾਰ ਦੀ ਯੋਜਨਾ ਸਮੇਤ ਸਾਮਰਾਜੀ ਫੌਜੀ ਗਠਜੋੜਾਂ ਨੂੰ ਤੁਰੰਤ ਭੰਗ ਕੀਤਾ ਜਾਵੇ ਅਤੇ ਯੂਕਰੇਨ ਵਿੱਚ ਫਸੇ ਭਾਰਤੀਆਂ ਦੀ ਸੁਰੱਖਿਆ ਦਾ ਪ੍ਰਬੰਧ ਕੀਤਾ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਸੁਖਦੇਵ ਸਿੰਘ ਉੱਭਾਵਾਲ,ਜਸਦੀਪ ਸਿੰਘ,ਨੌਜਵਾਨ ਭਾਰਤ ਸਭਾ ਦੇ ਗੁਰਧਿਆਨ ਸਿੰਘ ਭੱਟੀਆ,ਅਮ੍ਰਿਤ ਸਿੰਘ,ਪੰਜਾਬ ਸਟੂਡੈਂਟਸ ਯੂਨੀਅਨ ਦੇ ਹਰਪ੍ਰੀਤ ਸਿੰਘ,ਸੁਖਵਿੰਦਰ ਕੌਰ, ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਜਸਵੰਤ ਸਿੰਘ ਅਤੇ ਗੁਰਦਾਸ ਸਿੰਘ ਆਦਿ ਹਾਜ਼ਰ ਸਨ।